ਪੰਜਾਬ ਦੀ ਇਸ ਧੀ ਚਮਕਾਇਆ ਰੂਪਨਗਰ ਜ਼ਿਲ੍ਹੇ ਦਾ ਨਾਂ, 12ਵੀਂ ਜਮਾਤ ''ਚੋਂ ਬਣੀ ਟੌਪਰ
Wednesday, Jul 22, 2020 - 10:23 AM (IST)
ਰੂਪਨਗਰ (ਵਿਜੇ ਸ਼ਰਮਾ)— ਪੰਜਾਬ ਸਕੂਲ ਸਿੱਖਿਆ ਬੋਰਡ ਦੇ 12ਵੀਂ ਜਮਾਤ ਦੇ ਆਏ ਨਤੀਜਿਆਂ 'ਚ ਰੂਪਨਗਰ ਦੇ ਦਸ਼ਮੇਸ਼ ਨਗਰ ਵਾਸੀ ਵਿਦਿਆਰਥਣ ਪ੍ਰਭਜੋਤ ਕੌਰ ਪੁੱਤਰੀ ਜਸਵਿੰਦਰ ਸਿੰਘ ਨੇ ਜ਼ਿਲ੍ਹੇ 'ਚੋਂ ਨਾਮ ਰੌਸ਼ਨ ਕੀਤਾ ਹੈ। ਪ੍ਰਭਜੋਤ ਕੌਰ ਨੇ ਬਾਰ੍ਹਵੀਂ ਜਮਾਤ ਮੈਡੀਕਲ ਦੇ ਵਿਸ਼ੇ 'ਚੋਂ ਪਾਸ ਕਰਦੇ ਹੋਏ 450 'ਚੋਂ 449 ਅੰਕ ਹਾਸਲ ਕੀਤੇ ਹਨ। ਪ੍ਰਭਜੋਤ ਦੀ ਇਸ ਉਪਲੱਬਧੀ ਤੋਂ ਬਾਅਦ ਉਸ ਦੇ ਸਾਰੇ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਹੈ।
ਜ਼ਿਕਰਯੋਗ ਹੈ ਕਿ ਪ੍ਰਭਜੋਤ ਕੌਰ ਸ੍ਰੀ ਚਮਕੌਰ ਸਾਹਿਬ ਦੇ ਬਾਬਾ ਜੁਝਾਰ ਸਿੰਘ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਹੈ। ਪ੍ਰਭਜੋਤ ਕੌਰ ਨੇ ਤੈਰਾਕੀ ਦੀ ਬਟਰ ਫਲਾਈ ਖੇਡ 'ਚ ਵੀ ਸੋਨ ਤਮਗਾ ਹਾਸਲ ਕੀਤਾ ਹੈ। ਪ੍ਰਭਜੋਤ ਕੌਰ ਨੇ ਗੱਲਬਾਤ ਕਰਦੇ ਕਿਹਾ ਕਿ ਉਹ ਅੱਗੇ ਹੋਰ ਲਗਨ ਨਾਲ ਪੜ੍ਹਾਈ ਕਰਨਾ ਚਾਹੁੰਦੀ ਹੈ ਅਤੇ ਬੱਚਿਆਂ ਦੀ ਮਾਹਰ ਡਾਕਟਰ ਬਣਨਾ ਉਸ ਦੀ ਜ਼ਿੰਦਗੀ ਦਾ ਟੀਚਾ ਹੈ। ਉਸ ਨੇ ਕਿਹਾ ਕਿ ਡਾਕਟਰ ਬਣਨ ਤੋਂ ਬਾਅਦ ਉਹ ਲੋਕਾਂ ਦੀ ਸੇਵਾ ਕਰਨਾ ਚਾਹੁੰਦੀ ਹੈ। ਪ੍ਰਭਜੋਤ ਕੌਰ ਨੇ ਦੱਸਿਆ ਕਿ ਉਸ ਨੇ ਇਹ ਉਪਲੱਬਧੀ ਹਾਸਲ ਕਰਨ ਲਈ ਕਾਫੀ ਮਿਹਨਤ ਕੀਤੀ ਹੈ ਅਤੇ ਇਸ ਉਪਲੱਬਧੀ ਪਿੱਛੇ ਉਸ ਦੇ ਸਕੂਲ ਦੇ ਅਧਿਆਪਕ ਮਨੀਸ਼ ਭੱਲਾ ਦੀ ਅਹਿਮ ਭੂਮਿਕਾ ਹੈ, ਉੱਥੇ ਹੀ ਉਸ ਦੇ ਪਰਿਵਾਰ ਦਾ ਵੀ ਕਾਫੀ ਸਹਿਯੋਗ ਰਿਹਾ ਹੈ।
ਬੇਟੀਆਂ ਸਮਾਜ ਨਹੀਂ ਸਮਝਣਾ ਚਾਹੀਦਾ ਘੱਟ, ਸਗੋਂ ਦੇਣਾ ਚਾਹੀਦੈ ਸਾਥ
ਇਸ ਮੌਕੇ ਪ੍ਰਭਜੋਤ ਦੇ ਪਿਤਾ ਜਸਵਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਪੁੱਤਰੀ 'ਤੇ ਮਾਣ ਹੈ ਕਿ ਉਸ ਨੇ ਉਨ੍ਹਾਂ ਦੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਬੇਟੀਆਂ ਨੂੰ ਸਮਾਜ 'ਚ ਘੱਟ ਨਹੀਂ ਸਮਝਣਾ ਚਾਹੀਦਾ ਜਦਕਿ ਬੇਟੀਆਂ ਦਾ ਸਾਥ ਦੇ ਕੇ ਉਨ੍ਹਾਂ ਨੂੰ ਜ਼ਿੰਦਗੀ 'ਚ ਅੱਗੇ ਵਧਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪ੍ਰਭਜੋਤ ਜ਼ਿੰਦਗੀ 'ਚ ਜੋ ਵੀ ਟੀਚੇ ਮਿਥੇਗੀ ਉਹ ਉਸਦਾ ਪੂਰਾ ਸਾਥ ਦੇਣਗੇ ਅਤੇ ਪ੍ਰਭਜੋਤ ਨੂੰ ਕਾਮਯਾਬੀ ਦੀਆਂ ਹੋਰ ਬੁਲੰਦੀਆਂ 'ਤੇ ਪਹੁੰਚਾਉਣਗੇ। ਇਸ ਮੌਕੇ ਪ੍ਰਭਜੋਤ ਦੇ ਅਧਿਆਪਕ ਭੱਲਾ ਨੇ ਕਿਹਾ ਕਿ ਪ੍ਰਭਜੋਤ ਨੇ ਪੂਰੀ ਲਗਨ ਨਾਲ ਪੜ੍ਹਾਈ ਕੀਤੀ ਹੈ ਜਿਸ ਦੇ ਸਦਕਾ ਅੱਜ ਉਹ ਐਨੇ ਅੰਕ ਹਾਸਲ ਕਰ ਸਕੀ ਹੈ। ਉਨ੍ਹਾਂ ਦੱਸਿਆ ਕਿ ਪ੍ਰਭਜੋਤ ਕੌਰ ਦਸਵੀਂ 'ਚੋਂ ਵੀ ਅੱਵਲ ਰਹੀ। ਜਦਕਿ ਉਸ ਨੇ ਤੈਰਾਕੀ 'ਚੋਂ ਵੀ ਸੋਨ ਤਗਮਾ ਜਿੱਤ ਕੇ ਸਾਰਿਆਂ ਦਾ ਮਾਣ ਵਧਾਇਆ ਹੈ।
ਉਨ੍ਹਾਂ ਕਿਹਾ ਕਿ ਖੇਡਾਂ ਅਤੇ ਸਿੱਖਿਆ ਦੋਵੇਂ ਖੇਤਰਾਂ 'ਚ ਪ੍ਰਭਜੋਤ ਪੂਰੀ ਮਿਹਨਤ ਕਰਦੀ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਅੱਗੋਂ ਵੀ ਇਹ ਵਿਦਿਆਰਥਣ ਇਸੇ ਤਰ੍ਹਾਂ ਮਿਹਨਤ ਕਰਕੇ ਜ਼ਿੰਦਗੀ ਦੀਆਂ ਹੋਰ ਬੁਲੰਦੀਆਂ ਨੂੰ ਛੂਵੇਗੀ। ਇਸ ਮੌਕੇ ਪ੍ਰਭਜੋਤ ਕੌਰ ਦੀ ਮਾਤਾ, ਦਾਦਾ, ਦਾਦੀ ਅਤੇ ਭਰਾ ਸਾਰੇ ਖੁਸ਼ੀ ਦੇ ਮਾਹੌਲ 'ਚ ਸਨ ਅਤੇ ਸਾਰਿਆਂ ਨੇ ਪ੍ਰਭਜੋਤ ਕੌਰ ਦਾ ਮੂੰਹ ਮਿੱਠਾ ਕਰਵਾਉਂਦੇ ਉਸ ਦੀ ਜ਼ਿੰਦਗੀ ਦੀ ਕਾਮਯਾਬੀ ਲਈ ਉਸ ਨੂੰ ਅਸ਼ੀਰਵਾਦ ਦਿੱਤਾ।