ਨਵੇਂ ਰੂਟਾਂ ਦੇ ਮੱਦੇਨਜ਼ਰ PRTC ਆਪਣੇ ਬੇੜੇ ’ਚ ਸ਼ਾਮਲ ਕਰੇਗੀ 219 ਨਵੀਆਂ ਬੱਸਾਂ : ਭੁੱਲਰ
Tuesday, Jul 12, 2022 - 03:34 PM (IST)
ਚੰਡੀਗੜ੍ਹ (ਬਿਊਰੋ) : ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਨਵੇਂ ਬੱਸ ਰੂਟ ਪਰਮਿਟਾਂ ਦੇ ਸਨਮੁਖ ਪੀ. ਆਰ. ਟੀ. ਸੀ. ਵੱਲੋਂ ਲੋਕਾਂ ਦੀ ਸਹੂਲਤ ਲਈ ਆਪਣੇ ਬੇੜੇ ’ਚ 219 ਨਵੀਆਂ ਬੱਸਾਂ ਸ਼ਾਮਲ ਕੀਤੀਆਂ ਜਾਣਗੀਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਅੱਜ ਇਥੇ ਦੱਸਿਆ ਕਿ ਨਵੇਂ ਰੂਟਾਂ ਲਈ ਪੀ. ਆਰ. ਟੀ. ਸੀ. ਨੂੰ ਹੋਰ ਨਵੀਆਂ ਬੱਸਾਂ ਦੀ ਜ਼ਰੂਰਤ ਸੀ, ਜਿਸ ਕਰਕੇ ਪੀ. ਆਰ. ਟੀ. ਸੀ. ਦੇ ਬੇੜੇ ’ਚ 219 ਸਾਧਾਰਨ ਨਵੀਆਂ ਬੱਸਾਂ ਸ਼ਾਮਲ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪ੍ਰਵਾਨਗੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦੇ ਦਿੱਤੀ ਗਈ ਹੈ। ਟਰਾਂਸਪੋਰਟ ਮੰਤਰੀ ਨੇ ਦੱਸਿਆ ਕਿ ਪੀ. ਆਰ. ਟੀ. ਸੀ. ’ਚ ਕਿਲੋਮੀਟਰ ਸਕੀਮ ਅਧੀਨ ਬੱਸਾਂ ਪਾਉਣ ਦੀ ਪ੍ਰਕਿਰਿਆ ਅਾਰੰਭ ਦਿੱਤੀ ਗਈ ਹੈ ਅਤੇ ਟੈਂਡਰ ਕੱਢਿਆ ਜਾ ਚੁੱਕਾ ਹੈ, ਜਿਸ ਦੀ ਆਖ਼ਰੀ ਤਾਰੀਖ਼ 2 ਅਗਸਤ ਹੈ।
ਇਹ ਖ਼ਬਰ ਵੀ ਪੜ੍ਹੋ : ਆਸਟ੍ਰੇਲੀਆ ਤੋਂ ਆਈ ਮੰਦਭਾਗੀ ਖ਼ਬਰ, ਮੋਗਾ ਦੇ ਨੌਜਵਾਨ ਦੀ ਅਚਾਨਕ ਹੋਈ ਮੌਤ
ਮੰਤਰੀ ਨੇ ਦੱਸਿਆ ਕਿ ਕਿਲੋਮੀਟਰ ਸਕੀਮ ਦਾ ਆਪ੍ਰੇਟਰ/ਬੱਸ ਮਾਲਕ ਪੀ. ਆਰ. ਟੀ. ਸੀ. ਨੂੰ ਮੁਕੰਮਲ ਤੌਰ ’ਤੇ ਨਵੀਂ ਬੱਸ ਮੁਹੱਈਆ ਕਰਵਾਏਗਾ। ਬੱਸ ਦੇ ਰੱਖ-ਰਖਾਅ/ਡਰਾਈਵਰ/ਇੰਸ਼ੋਰੈਂਸ/ਲੋਨ ਦੀ ਅਦਾਇਗੀ ਆਦਿ ਦੀ ਜ਼ਿੰਮੇਵਾਰੀ ਆਪ੍ਰੇਟਰ/ਬੱਸ ਮਾਲਕ ਦੀ ਹੋਵੇਗੀ, ਜਿਸ ਬਦਲੇ ਆਪ੍ਰੇਟਰ/ਬੱਸ ਮਾਲਕ ਨੂੰ ਟੈਂਡਰ ’ਚ ਆਏ ਘੱਟੋ-ਘੱਟ ਰੇਟ ਅਨੁਸਾਰ ਉਸ ਦੀ ਬੱਸ ਵੱਲੋਂ ਤੈਅ ਕੀਤੇ ਗਏ ਕਿਲੋਮੀਟਰਾਂ ਦੇ ਆਧਾਰ ’ਤੇ ਹਰੇਕ ਮਹੀਨੇ ਅਦਾਇਗੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪੀ. ਆਰ. ਟੀ. ਸੀ. ਵੱਲੋਂ ਬੱਸ ਲਈ ਸਿਰਫ਼ ਕੰਡਕਟਰ ਮੁਹੱਈਆ ਕਰਵਾਇਆ ਜਾਵੇਗਾ ਅਤੇ ਬੱਸ ਤੋਂ ਹੋਣ ਵਾਲੀ ਰੂਟ ਆਮਦਨ ਪੀ. ਆਰ. ਟੀ. ਸੀ. ਦੇ ਖਾਤੇ ’ਚ ਜਮ੍ਹਾ ਹੋਵੇਗੀ। ਇਨ੍ਹਾਂ 219 ਬੱਸਾਂ ਨਾਲ ਪੀ. ਆਰ. ਟੀ. ਸੀ. ਆਪਣੀ ਨਿਰਧਾਰਤ ਮਾਈਲੇਜ ਪੂਰੀ ਕਰਨ ’ਚ ਸਫ਼ਲ ਹੋਵੇਗੀ, ਜਿਸ ਨਾਲ ਨਾ ਸਿਰਫ਼ ਲੋਕਾਂ ਨੂੰ ਬਿਹਤਰ ਸਫ਼ਰ ਸਹੂਲਤ ਮੁਹੱਈਆ ਹੋਵੇਗੀ ਅਤੇ ਪੀ. ਆਰ. ਟੀ. ਸੀ. ਦੀ ਆਮਦਨ ’ਚ ਇਜ਼ਾਫ਼ਾ ਹੋਵੇਗਾ, ਸਗੋਂ ਸੂਬੇ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ।
ਇਹ ਖ਼ਬਰ ਵੀ ਪੜ੍ਹੋ : ਮਾਨ ਸਰਕਾਰ ਦੀ ਵੱਡੀ ਪਹਿਲਕਦਮੀ, ਹੁਣ ਘਰ ਬੈਠੇ ਪੁਲਸ ਕੋਲ ਦਰਜ ਕਰਵਾ ਸਕੋਗੇ ਸ਼ਿਕਾਇਤ, ਜਾਣੋ ਕਿਵੇਂ