ਤਨਖਾਹਾਂ ਨਾ ਮਿਲਣ ''ਤੇ ਮੁਲਾਜ਼ਮਾਂ ਨੇ ਪੰਜਾਬ ਭਰ ''ਚ ਕੀਤੀਆਂ ਰੋਸ ਰੈਲੀਆਂ

Saturday, Feb 03, 2018 - 07:29 AM (IST)

ਤਨਖਾਹਾਂ ਨਾ ਮਿਲਣ ''ਤੇ ਮੁਲਾਜ਼ਮਾਂ ਨੇ ਪੰਜਾਬ ਭਰ ''ਚ ਕੀਤੀਆਂ ਰੋਸ ਰੈਲੀਆਂ

ਪਟਿਆਲਾ (ਜੋਸਨ) - ਵਿੱਤੀ ਸੰਕਟ ਵਿਚ ਘਿਰੇ ਪੰਜਾਬ ਬਿਜਲੀ ਨਿਗਮ ਵੱਲੋਂ ਤਨਖਾਹਾਂ ਨਾ ਦੇਣ ਕਾਰਨ ਮੁਲਾਜ਼ਮ ਭੜਕ ਉੱਠੇ ਹਨ। ਅੱਜ ਹਜ਼ਾਰਾਂ ਮੁਲਾਜ਼ਮਾਂ ਨੇ ਸਾਰੇ ਪੰਜਾਬ ਵਿਚ ਬਿਜਲੀ ਨਿਗਮ ਮੈਨੇਜਮੈਂਟ ਖਿਲਾਫ ਰੋਸ ਪ੍ਰਦਰਸ਼ਨ ਕਰ ਕੇ ਪਿੱਟ-ਸਿਆਪਾ ਕਰਦਿਆਂ ਤਨਖਾਹਾਂ ਤੁਰੰਤ ਰਿਲੀਜ਼ ਕਰਨ ਦੀ ਮੰਗ ਕੀਤੀ। ਪਟਿਆਲਾ ਵਿਖੇ ਬਿਜਲੀ ਨਿਗਮ ਦੇ ਹੈੱਡ ਆਫਿਸ ਸਾਹਮਣੇ ਰੋਸ ਪ੍ਰਦਰਸ਼ਨ ਕਰਨ ਤੋਂ ਬਾਅਦ ਨੇਤਾਵਾਂ ਨੇ ਡਾਇਰੈਕਟਰ ਵਿੱਤ ਨੂੰ ਮੈਮੋਰੰਡਮ ਵੀ ਦਿੱਤਾ। ਤਨਖਾਹਾਂ ਰਿਲੀਜ਼ ਕਰਨ ਦੀ ਮੰਗ ਵੀ ਕੀਤੀ।
ਬਿਜਲੀ ਮੁਲਾਜ਼ਮਾਂ ਦੀ ਸੰਘਰਸ਼ਸ਼ੀਲ ਧਿਰ ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਕਨਵੀਨਰ ਹਰਭਜਨ ਸਿੰਘ ਪਿਲਖਣੀ ਅਤੇ ਮੰਚ ਦੇ ਬੁਲਾਰੇ ਮਨਜੀਤ ਸਿੰੰਘ ਚਾਹਲ ਨੇ ਦੱਸਿਆ ਕਿ ਸੂਬਾਈ ਦਫਤਰ 'ਚ ਪੁੱਜੀ ਸੂਚਨਾ ਮੁਤਾਬਕ ਜਥੇਬੰਦੀ ਦੇ ਸੱਦੇ 'ਤੇ ਅੰਮ੍ਰਿਤਸਰ, ਤਰਨਤਾਰਨ, ਗੁਰਦਾਸਪੁਰ, ਹੁਸ਼ਿਆਰਪੁਰ, ਨਵਾਂਸ਼ਹਿਰ, ਜਲੰਧਰ, ਕਪੂਰਥਲਾ, ਲਧਿਆਣਾ, ਖੰਨਾ, ਪਟਿਆਲਾ, ਮੋਹਾਲੀ, ਰੋਪੜ, ਸੰਗਰੂਰ, ਬਰਨਾਲਾ, ਬਠਿੰਡਾ, ਫਿਰੋਜ਼ਪੁਰ, ਫਰੀਦਕੋਟ ਤੇ ਮੁਕਤਸਰ ਵੰਡ ਸਰਕਲਾਂ ਤੋਂ ਇਲਾਵਾਂ ਲਹਿਰਾ ਮੁਹੱਬਤ ਅਤੇ ਰੋਪੜ ਥਰਮਲ ਪਲਾਟਾਂ 'ਤੇ ਇਕੱਠੇ ਹੋ ਕੇ ਮੈਨੇਜਮੈਂਟ ਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ।
ਕਨਵੀਨਰ ਹਰਭਜਨ ਸਿੰਘ ਪਿਲਖਣੀ ਅਤੇ ਮੰਚ ਦੇ ਬੁਲਾਰੇ ਮਨਜੀਤ ਸਿੰੰਘ ਚਾਹਲ ਦੀ ਅਗਵਾਈ ਹੇਠ ਜਥੇਬੰਦੀ ਦੇ ਵਫਦ ਨੇ ਬਿਜਲੀ ਨਿਗਮ ਦੇ ਡਾਇਰੈਕਟਰ ਵਿੱਤ ਐੈੱਸ. ਸੀ. ਅਰੋੜਾ ਨੂੰ ਮਿਲ ਕੇ ਮੰਗ ਕੀਤੀ ਕਿ ਬਿਜਲੀ ਮੁਲਾਜ਼ਮਾਂ ਦੀਆਂ ਤਨਖਾਹਾਂ ਦਾ ਜਲਦੀ ਪ੍ਰਬੰਧ ਕੀਤਾ ਜਾਵੇ। ਡਾਇਰੈਕਟਰ ਵਿੱਤ ਨੇ ਇਸ ਸਬੰਧੀ ਜਲਦੀ ਤਨਖਾਹਾਂ ਜਾਰੀ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਬਿਜਲੀ ਨਿਗਮ ਦੇ ਡਾਇਰੈਕਟਰ ਵੰਡ ਇੰਜੀ. ਐੱਨ. ਕੇ. ਸ਼ਰਮਾ ਅਤੇ ਡਾਇਰੈਕਟਰ ਵਣਜ ਇੰਜੀ. ਓ. ਪੀ. ਗਰਗ ਵੀ ਹਾਜ਼ਰ ਸਨ।
ਸਰਕਾਰ ਸਬਸਿਡੀਆਂ ਦੇ 31 ਜਨਵਰੀ 2018 ਤੱਕ 3972 ਕਰੋੜ ਕਰੇ ਰਿਲੀਜ਼
ਪੰਜਾਬ ਵਿਚ ਬਿਜਲੀ ਮੁਲਾਜ਼ਮਾਂ ਦੀਆਂ ਮੁੱਖ ਧਿਰਾਂ ਜਿਨ੍ਹਾਂ 'ਚ ਪੀ. ਐੈੱਸ. ਈ. ਬੀ. ਇੰਪਲਾਈਜ਼ ਫੈੱਡਰੇਸ਼ਨ ਏਟਕ, ਕੇਸਰੀ ਝੰਡੇ ਦੀ ਅਗਵਾਈ ਵਾਲੀ ਇੰਪਲਾਈਜ਼ ਫੈੱਡਰੇਸ਼ਨ (ਚਾਹਲ), ਆਈ. ਟੀ. ਆਈ ਇੰਪਲਾਈਜ਼ ਐਸੋਸੀਏਸ਼ਨ ਅਤੇ ਇੰਪਲਾਈਜ਼ ਫੈੱਡਰੇਸ਼ਨ ਪਾਵਰਕਾਮ ਤੇ ਟਰਾਂਸਕੋ ਦੇ ਬਿਜਲੀ ਏਕਤਾ ਮੰਚ ਨੇ ਪੰਜਾਬ ਸਰਕਾਰ ਨੂੰ ਪੱਤਰ ਫੈਕਸ ਕਰ ਕੇ ਮੰਗ ਕੀਤੀ ਕਿ ਬਿਜਲੀ ਨਿਗਮ ਕਾਰਪੋਰੇਸ਼ਨ ਦੇ ਪੰਜਾਬ ਸਰਕਾਰ ਵੱਲ ਬਿਜਲੀ ਸਬਸਿਡੀਆਂ ਦੇ 31 ਜਨਵਰੀ 2018 ਤੱਕ 3972 ਕਰੋੜ ਰੁਪਇਆ ਬਕਾਇਆ ਜਾਰੀ ਕਰੇ।
ਨੇਤਾਵਾਂ ਨੇ ਕਿਹਾ ਕਿ ਬਿਜਲੀ ਮੁਲਾਜ਼ਮਾਂ ਦੀਆਂ ਤਨਖਾਹਾਂ ਦਾ ਪੇ-ਬਿੱਲ 125 ਕਰੋੜ ਅਤੇ ਪੈਨਸ਼ਨਰਾਂ ਦੇ ਪੇ-ਬਿੱਲ 150 ਕਰੋੜ ਮਹੀਨਾ ਬਣਦਾ ਹੈ। ਜੇਕਰ ਪੰਜਾਬ ਸਰਕਾਰ ਸਬਸਿਡੀਆਂ ਦਾ ਪੈਸਾ ਹਰ ਮਹੀਨੇ ਜਾਰੀ ਕਰੇ ਤਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਪੈਨਸ਼ਨਾਂ ਆਸਾਨੀ ਨਾਲ ਦਿੱਤੀਆਂ ਜਾ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਦਸੰਬਰ ਮਹੀਨੇ ਵੀ ਮੁਲਾਜ਼ਮਾਂ ਨੂੰ ਤਨਖਾਹਾਂ ਲੇਟ ਦਿੱਤੀਆਂ ਗਈਆਂ ਸਨ। ਬਿਜਲੀ ਨਿਗਮ ਆਪਣੇ ਮੁਲਾਜ਼ਮਾਂ ਨੂੰ ਮਹੀਨੇ ਦੇ ਅਖਰੀਲੇ ਦਿਨ ਤਨਖਾਹਾਂ ਦਾ ਭੁਗਤਾਨ ਕਰ ਦਿੰਦਾ ਸੀ ਪਰ ਸਬਸਿਡੀ ਦੀ ਰਕਮ ਨਾ ਮਿਲਣ ਕਾਰਨ ਮੁਲਾਜ਼ਮਾਂ ਦੀਆਂ ਤਨਖਾਹਾਂ ਲੇਟ ਹੋ ਰਹੀਆਂ ਹਨ। ਜਥੇਬੰਦੀਆਂ ਨੇ ਕਿਹਾ ਕਿ ਜੇਕਰ ਤਨਖਾਹਾਂ ਨਾ ਪਾਈਆਂ ਤਾਂ ਜਥੇਬੰਦਕ ਸੰਘਰਸ਼ ਤੇਜ਼ ਕੀਤਾ ਜਾਵੇਗਾ। ਪੰਜਾਬ ਦੇ ਬਿਜਲੀ ਕਾਮੇ 22 ਫਰਵਰੀ ਨੂੰ ਮੁੱਖ ਦਫਤਰ ਪਟਿਆਲਾ ਸਾਹਮਣੇ ਵਿਸ਼ਾਲ ਮਾਰਚ ਕਰਨਗੇ।
ਜਥੇਬੰਦੀਆਂ ਦੇ ਸੂਬਾਈ ਆਗੂਆਂ ਗੁਰਵੇਲ ਸਿੰੰਘ ਬੱਲਪੁਰੀਆਂ, ਮਨਜੀਤ ਸਿੰਘ ਚਾਹਲ, ਨਰਿੰਦਰ ਸਿੰਘ ਸੈਣੀ, ਪੂਰਨ ਸਿੰਘ ਖਾਈ, ਅਮਰਜੀਤ ਸਿੰਘ, ਰਾਮਪਾਲ ਸਿੰਘ ਖਾਈ, ਗੁਰਪ੍ਰੀਤ ਸਿੰਘ ਗੰਡੀਵਿੰਡ, ਆਰ. ਕੇ. ਤਿਵਾੜੀ, ਹਰਬੰਸ ਸਿੰਘ ਦੀਦਾਰਗੜ੍ਹ, ਦਵਿੰਦਰ ਸਿੰਘ ਪਿਸ਼ੌਰ, ਕਮਲ ਪਟਿਆਲਾ, ਰਣਜੀਤ ਸਿੰੰੰਘ ਅਤੇ ਸੁਰਿੰਦਰਪਾਲ ਲਾਹੌਰੀਆ ਨੇ ਕਿਹਾ ਕਿ ਬਿਜਲੀ ਨਿਗਮ ਦੀ ਮੈਨੇਜਮੈਂਟ ਵਿਰੁੱਧ ਸੰਘਰਸ਼ ਤੇਜ਼ ਕੀਤਾ ਜਾਵੇਗਾ।


Related News