ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ 9.63 ਲੱਖ ਯੋਗ ਲਾਭਪਾਤਰੀਆਂ ਨੂੰ ਮੁਫ਼ਤ ਇਲਾਜ ਮੁਹੱਈਆ ਕਰਵਾਇਆ : ਸੋਨੀ
Tuesday, Nov 23, 2021 - 03:15 AM (IST)
ਚੰਡੀਗੜ੍ਹ(ਸ਼ਰਮਾ): ਆਯੁਸ਼ਮਾਨ ਭਾਰਤ-ਮੁੱਖ ਮੰਤਰੀ ਸਿਹਤ ਬੀਮਾ ਯੋਜਨਾ (ਏ.ਬੀ.-ਐੱਮ. ਐੱਮ. ਐੱਸ. ਬੀ. ਵਾਈ.) ਤਹਿਤ ਸੂਬੇ ਭਰ ਵਿਚ ਲੋੜਵੰਦ ਅਤੇ ਪਛੜੇ ਵਰਗਾਂ ਨੂੰ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਸੂਬੇ ਵਿਚ 9.63 ਲੱਖ ਯੋਗ ਲਾਭਪਾਤਰੀਆਂ ਨੂੰ 1112.41 ਕਰੋੜ ਰੁਪਏ ਦਾ ਮੁਫਤ ਇਲਾਜ ਮੁਹੱਈਆ ਕਰਵਾਇਆ ਗਿਆ ਹੈ।
ਇਹ ਜਾਣਕਾਰੀ ਦਿੰਦਿਆਂ ਅੱਜ ਇੱਥੇ ਉਪ ਮੁੱਖ ਮੰਤਰੀ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਓ.ਪੀ.ਸੋਨੀ ਨੇ ਦੱਸਿਆ ਕਿ ਇਸ ਭਲਾਈ ਸਕੀਮ ਵਿਚ ਹੁਣ ਤੱਕ ਲਗਭਗ 40 ਲੱਖ ਪਰਿਵਾਰ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਹਰੇਕ ਲੋੜਵੰਦ ਵਿਅਕਤੀ ਲਈ ਇਲਾਜ ਸੇਵਾਵਾਂ ਯਕੀਨੀ ਬਣਾਉਂਦਿਆਂ ਇਸ ਸਕੀਮ ਤਹਿਤ ਹਰੇਕ ਪਰਿਵਾਰ ਦੂਜੇ ਅਤੇ ਤੀਜੇ ਦਰਜੇ ਦੀ ਦੇਖਭਾਲ ਸੇਵਾਵਾਂ ਲਈ ਪ੍ਰਤੀ ਪਰਿਵਾਰ 5 ਲੱਖ ਰੁਪਏ ਤੱਕ ਦੇ ਸਾਲਾਨਾ ਬੀਮਾ ਕਵਰ ਦੇ ਯੋਗ ਬਣਦਾ ਹੈ ਅਤੇ ਇਸ ਸਕੀਮ ਤਹਿਤ ਪਰਿਵਾਰ ਦੇ ਆਕਾਰ, ਉਮਰ ਜਾਂ ਪਹਿਲਾਂ ਤੋਂ ਮੌਜੂਦ ਡਾਕਟਰੀ ਸਥਿਤੀਆਂ ਸਬੰਧੀ ਕੋਈ ਸੀਮਾ ਨਹੀਂ ਹੈ। ਬਾਕੀ ਬਚੇ 15 ਲੱਖ ਪਰਿਵਾਰਾਂ ਨੂੰ ਕਵਰ ਕਰਨ ਲਈ ਲੋੜੀਂਦੇ ਆਈ.ਟੀ. ਪੋਰਟਲ ਅਤੇ ਵੱਖ-ਵੱਖ ਪ੍ਰਕਿਰਿਆਵਾਂ ਵਿਕਸਿਤ ਕੀਤੀਆਂ ਜਾ ਰਹੀਆਂ ਹਨ ਅਤੇ ਬਹੁਤ ਜਲਦ ਇਨ੍ਹਾਂ ਪਰਿਵਾਰਾਂ ਨੂੰ ਕਵਰ ਕਰਨਾ ਯਕੀਨੀ ਬਣਾਇਆ ਜਾਵੇਗਾ।
ਉਪ ਮੁੱਖ ਮੰਤਰੀ ਨੇ ਕਿਹਾ ਕਿ ਏ.ਬੀ.-ਐੱਮ.ਐੱਮ.ਐੱਸ.ਬੀ.ਵਾਈ. ਸਕੀਮ ਅਧੀਨ ਹੁਣ ਤੱਕ 9.63 ਲੱਖ ਤੋਂ ਵੱਧ ਲਾਭਪਾਤਰੀਆਂ ਨੂੰ 1,112 ਕਰੋੜ ਰੁਪਏ ਦੀਆਂ ਇਲਾਜ ਸੇਵਾਵਾਂ ਮੁਹੱਈਆ ਕਰਵਾਈਆਂ ਗਈਆਂ ਹਨ ਅਤੇ 921 ਹਸਪਤਾਲਾਂ (245 ਸਰਕਾਰੀ ਹਸਪਤਾਲ ਅਤੇ 676 ਪ੍ਰਾਈਵੇਟ ਹਸਪਤਾਲ) ਨੂੰ ਸੂਚੀਬੱਧ ਕਰਨ ਦੇ ਨਾਲ ਨਾਲ 80 ਫ਼ੀਸਦੀ ਤੋਂ ਵੱਧ ਯੋਗ ਪਰਿਵਾਰਾਂ ਨੂੰ ਈ-ਕਾਰਡ ਵੰਡੇ ਗਏ ਹਨ।