ਮੋਗਾ ’ਚ ਬੁੱਧਵਾਰ ਰਿਹਾ ਧਰਨੇ-ਮੁਜ਼ਾਹਰਿਆਂ ਦੇ ਨਾਂ

07/19/2018 7:44:59 AM

ਮੋਗਾ (ਗੋਪੀ ਰਾਊਕੇ) - ਅੱਜ ਪੰਜਾਬ ਪੈਨਸ਼ਨਰਜ਼ ਯੂਨੀਅਨ ਵੱਲੋਂ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਮੋਗਾ ਦੇ ਬੱਸ ਅੱਡੇ ’ਚ ਪੰਜਾਬ ਸਰਕਾਰ ਦੀਆਂ ਲੋਕ ਅਤੇ ਮੁਲਾਜ਼ਮ ਮਾਰੂ ਨੀਤੀਆਂ ਖਿਲਾਫ਼  ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਪੰਜਾਬ ਗੌਰਮਿੰਟ ਟ੍ਰਾਂਸਪੋਰਟ ਵਰਕਰਜ਼ ਯੂਨੀਅਨ ਦੇ ਸੂਬਾਈ ਜਨਰਲ ਸਕੱਤਰ ਕਾ. ਜਗਦੀਸ਼ ਸਿੰਘ ਚਾਹਲ ਨੇ ਕਿਹਾ ਕਿ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਲੋਕਾਂ ਤੇ ਮੁਲਾਜ਼ਮਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ ਪਰ ਜਦੋਂ ਸੱਤਾ ਹੱਥ ’ਚ ਆ ਗਈ ਤਾਂ  ਇਹ ਸਾਰੇ ਵਾਅਦੇ ਭੁੱਲ ਗਈ। ‘ਬਰਾਬਰ ਕੰਮ ਬਰਾਬਰ’ ਤਨਖਾਹ ਦਾ ਸੁਪਰੀਮ ਕੋਰਟ ਦਾ ਫੈਸਲਾ ਵੀ ਲਾਗੂ ਨਹੀਂ ਕੀਤਾ ਜਾ ਰਿਹਾ। ਇਸੇ ਤਰ੍ਹਾਂ ਸੁਪਰੀਮ ਕੋਰਟ ਦੇ ਨਾਜਾਇਜ਼ ਚੱਲਦੀਆਂ ਬੱਸਾਂ ਨੂੰ ਬੰਦ ਕਰਨ ਦੇ ਫੈਸਲੇ ’ਤੇ ਵੀ ਅਮਲ ਨਹੀਂ ਹੋ ਰਿਹਾ। ਉੱਚ ਅਫ਼ਸਰਾਂ ਅਤੇ ਮੰਤਰੀਆਂ ਦੀਆਂ ਸਹੂਲਤਾਂ ’ਤੇ ਤਾਂ ਕੋਈ ਕਟੌਤੀ ਨਹੀਂ ਪਰ ਮੁਲਾਜ਼ਮਾਂ ’ਤੇ 200 ਰੁਪਏ ਮਹੀਨਾ ਜਜ਼ੀਆ  ਟੈਕਸ ਲਾ ਦਿੱਤਾ  ਗਿਆ ਹੈ। ਅਫ਼ਸਰਾਂ ਅਤੇ ਮੰਤਰੀਆਂ ਦੀਆਂ ਪੈਨਸ਼ਨਾਂ, ਡੀ. ਏ. ਤੇ ਹੋਰ ਸਹੂਲਤਾਂ ’ਤੇ ਕੋਈ ਰੋਕ-ਟੋਕ ਨਹੀਂ ਹੈ ਪਰ ਮੁਲਾਜ਼ਮਾਂ ਨੂੰ ਤਿੰਨ-ਤਿੰਨ, ਚਾਰ-ਚਾਰ ਮਹੀਨੇ ਤਨਖਾਹ ਨਹੀਂ ਦਿੱਤੀ ਜਾ ਰਹੀ।
ਇਸ ਮੌਕੇ ਯੂਨੀਅਨ ਦੇ ਜ਼ਿਲਾ ਪ੍ਰਧਾਨ ਚਮਕੌਰ ਸਿੰਘ ਡਗਰੂ ਨੇ ਕਿਹਾ ਕਿ ਕਾਨੂੰਨ ਸਾਰੇ ਮੁਲਾਜ਼ਮਾਂ/ਮੰਤਰੀਆਂ/ ਵਿਧਾਇਕਾਂ ਅਤੇ ਅਫ਼ਸਰਾਂ ’ਤੇ ਇਕਸਾਰ ਲਾਗੂ ਹੋਣਾ ਚਾਹੀਦਾ ਹੈ। ਇਸ ਦੌਰਾਨ ਬਚਿੱਤਰ ਸਿੰਘ ਧੋਥਡ਼, ਪੋਹਲਾ ਸਿੰਘ ਬਰਾਡ਼, ਅਜਮੇਰ ਸਿੰਘ ਦੱਦਾਹੂਰ, ਹਰਦਿਆਲ ਸਿੰਘ ਲੰਢੇਕੇ, ਅਮਰ ਸਿੰਘ, ਜੋਗਿੰਦਰ ਸਿੰਘ, ਗੁਰਮੇਲ ਸਿੰਘ ਨਾਹਰ , ਬੂਟਾ ਸਿੰਘ ਭੱਟੀ, ਇੰਦਰਜੀਤ ਸਿੰਘ ਭਿੰਡਰ ਤੋਂ ਇਲਾਵਾ ਵੱਡੀ ਗਿਣਤੀ ਵਿਚ ਪੈਨਸ਼ਨਰਜ਼ ਅਤੇ ਭਰਾਤਰੀ ਜਥੇਬੰਦੀਆਂ ਦੇ ਵਰਕਰਜ਼ ਹਾਜ਼ਰ ਸਨ।  


Related News