ਪੁਲਸ ਧੱਕੇਸ਼ਾਹੀਆਂ ਵਿਰੁੱਧ ਰੋਸ ਮੁਜ਼ਾਹਰਾ
Sunday, Aug 13, 2017 - 07:23 AM (IST)
ਅਜਨਾਲਾ, (ਬਾਠ)- ਆਰ. ਐੱਮ. ਪੀ. ਆਈ. ਦੇ ਸੁਪਰੀਮੋ ਡਾ. ਸਤਨਾਮ ਸਿੰਘ ਅਜਨਾਲਾ ਨੇ ਸਰਕਾਰ 'ਤੇ ਜ਼ੋਰ ਦਿੱਤਾ ਕਿ ਪੰਚਾਇਤੀ ਰਾਜ ਐਕਟ ਦੀ ਪਾਲਣਾ ਤਹਿਤ 1950 ਤੋਂ ਲਗਾਤਾਰ ਕਾਬਜ਼ ਅਤੇ ਹਰੇਕ ਕਿਸਮ ਦੀਆਂ ਜ਼ਮੀਨਾਂ ਨੂੰ ਅਬਾਦ ਕਰਨ ਵਾਲੇ ਅਬਾਦਕਾਰਾਂ ਦਾ ਉਜਾੜਾ ਰੋਕਿਆ ਜਾਵੇ ਅਤੇ ਕਬਜ਼ੇ ਦੇ ਆਧਾਰ 'ਤੇ ਮਾਲਕੀ ਹੱਕ ਦੇਣ ਤੋਂ ਇਲਾਵਾ ਅਬਾਦਕਾਰਾਂ ਨੂੰ ਆਪਣੇ ਕਬਜ਼ੇ ਹੇਠਲੀਆਂ ਜ਼ਮੀਨਾਂ 'ਚ ਖੇਤੀ ਸਿੰਚਾਈ ਲਈ ਟਿਊਬਵੈੱਲ ਲਵਾਉਣ ਅਤੇ ਰਿਹਾਇਸ਼ੀ ਘਰ ਬਣਾਉਣ 'ਤੇ ਲੱਗੀਆਂ ਰੋਕਾਂ ਨੂੰ ਫੌਰੀ ਤੌਰ 'ਤੇ ਹਟਾਇਆ ਜਾਵੇ। ਉਨ੍ਹਾਂ ਕਿਹਾ ਕਿ ਇਸ ਵੇਲੇ ਤਹਿਸੀਲ ਅਜਨਾਲਾ ਦੇ ਸਰਹੱਦੀ ਤੇ ਮੰਡ-ਬੇਟ ਖੇਤਰ 'ਚ 40 ਹਜ਼ਾਰ ਏਕੜ ਦੇ ਕਰੀਬ ਰਕਬੇ ਨੂੰ ਅਬਾਦਕਾਰਾਂ ਨੇ ਸਰਕੰਡੇ, ਬੇਲੇ, ਬੂਝਿਆਂ ਤੇ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਜਾਨੀ ਤੇ ਮਾਲੀ ਆਰਥਿਕ ਸੱਟ ਸਹਿ ਕੇ ਅਬਾਦ ਕੀਤਾ ਹੋਇਆ ਹੈ।
ਅਬਾਦਕਾਰ ਸੰਘਰਸ਼ ਕਮੇਟੀ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਸ਼ੀਤਲ ਸਿੰਘ ਤਲਵੰਡੀ ਤੇ ਪ੍ਰਧਾਨ ਗੁਰਨਾਮ ਸਿੰਘ ਉਮਰਪੁਰਾ ਦੀ ਅਗਵਾਈ 'ਚ ਮੰਡ-ਬੇਟ ਏਰੀਏ ਦੇ ਅਬਾਦਕਾਰਾਂ ਨੇ ਥਾਣਾ ਭਿੰਡੀ ਸੈਦਾਂ ਦੇ ਐੱਸ. ਐੱਚ. ਓ. ਵੱਲੋਂ ਕਥਿਤ ਤੌਰ 'ਤੇ ਭੂ-ਮਾਫੀਆ ਦੀ ਸ਼ਹਿ 'ਤੇ ਅਬਾਦਕਾਰਾਂ ਨੂੰ ਉਜਾੜੇ ਜਾਣ ਦੀਆਂ ਕਥਿਤ ਧਮਕੀਆਂ ਦੇ ਰੋਸ ਵਜੋਂ ਡਾ. ਸਤਨਾਮ ਸਿੰਘ ਅਜਨਾਲਾ ਸਥਾਨਕ ਸ਼ਹਿਰ 'ਚ ਮੰਡ-ਬੇਟ ਏਰੀਆ ਕੀਤੇ ਗਏ ਰੋਸ ਮੁਜ਼ਾਹਰੇ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਐਲਾਨ ਕੀਤਾ ਕਿ ਕਥਿਤ ਪੁਲਸ ਧੱਕੇਸ਼ਾਹੀਆਂ ਨੂੰ ਰੁਕਵਾਉਣ ਲਈ 17 ਅਗਸਤ ਨੂੰ ਥਾਣਾ ਭਿੰਡੀ ਸੈਦਾਂ ਦਾ ਘਿਰਾਓ ਕਰ ਕੇ ਜ਼ਬਰਦਸਤ ਰੋਸ ਧਰਨਾ ਦਿੱਤਾ ਜਾਵੇਗਾ।
ਇਸ ਮੌਕੇ ਅਮਰਜੀਤ ਸਿੰਘ ਭਿੰਡੀਆਂ, ਲੱਖਾ ਸਿੰਘ ਭਿੰਡੀਆਂ, ਸਰਵਣ ਸਿੰਘ, ਜਸਬੀਰ ਸਿੰਘ ਜਸਰਾਊਰ, ਸੁੱਚਾ ਸਿੰਘ ਘੋਗਾ, ਰਜਿੰਦਰ ਸਿੰਘ ਭਲਾਪਿੰਡ, ਪਰਮਜੀਤ ਸਿੰਘ, ਅਮਰਜੀਤ ਸਿੰਘ ਸੇਖੋਂ, ਰਵੇਲ ਸਿੰਘ, ਬੀਬੀ ਸੋਨਾ ਡੱਲਾ ਰਾਜਪੂਤਾਂ, ਸੂਰਤ ਸਿੰਘ ਕੁਲਾਰ, ਸੰਤੋਖ ਸਿੰਘ ਝੁੰਜ, ਅਨੋਖ ਸਿੰਘ, ਪ੍ਰੀਤਮ ਸਿੰਘ, ਪ੍ਰਗਟ ਸਿੰਘ, ਮਹਿੰਦਰ ਸਿੰਘ, ਭਜਨ ਕੌਰ, ਜਸਵਿੰਦਰ ਕੌਰ, ਬੀਬੀ ਮੋਨਾ ਆਦਿ ਆਗੂ ਹਾਜ਼ਰ ਸਨ।
