CM ਦੇ ਐਲਾਨ ਦੇ ਬਾਵਜੂਦ ਸ਼ਰਾਬ ਫੈਕਟਰੀ ਮੂਹਰੇ ਧਰਨਾ ਰਹੇਗਾ ਜਾਰੀ, ਸਾਂਝੇ ਮੋਰਚੇ ਨੇ ਰੱਖੀ ਇਹ ਮੰਗ
Thursday, Jan 19, 2023 - 08:01 PM (IST)

ਜ਼ੀਰਾ (ਗੁਰਮੇਲ ਸੇਖਵਾਂ) : ਸਰਕਾਰ ਵੱਲੋਂ ਜ਼ੀਰਾ ਸਥਿਤ ਸ਼ਰਾਬ ਫੈਕਟਰੀ ਨੂੰ ਬੰਦ ਕਰਨ ਸਬੰਧੀ ਬੀਤੇ ਦਿਨ ਕੀਤੇ ਗਏ ਐਲਾਨ ਤੋਂ ਬਾਅਦ ਸਾਂਝੇ ਮੋਰਚੇ ਵੱਲੋਂ ਫੈਕਟਰੀ ਅੱਗੇ ਦਿੱਤਾ ਜਾ ਰਿਹਾ ਧਰਨਾ ਸਮਾਪਤ ਹੋਣ ਦੀ ਸੰਭਾਵਨਾ ਬਣ ਗਈ ਸੀ ਪਰ ਅੱਜ ਸਾਂਝੇ ਮੋਰਚੇ ਦੀ ਮੀਟਿੰਗ ਵਿੱਚ ਫ਼ੈਸਲਾ ਕੀਤਾ ਗਿਆ ਕਿ ਜਦੋਂ ਤੱਕ ਸਰਕਾਰ ਫੈਕਟਰੀ ਬੰਦ ਕਰਨ ਦੇ ਲਿਖਤੀ ਹੁਕਮ ਨਹੀਂ ਦਿੰਦੀ ਅਤੇ ਫੈਕਟਰੀ ਬੰਦ ਨਹੀਂ ਕੀਤੀ ਜਾਂਦੀ, ਧਰਨਾ ਪਹਿਲਾਂ ਵਾਂਗ ਸ਼ਾਂਤਮਈ ਢੰਗ ਨਾਲ ਜਾਰੀ ਰਹੇਗਾ।
ਇਹ ਵੀ ਪੜ੍ਹੋ : ਨੈਸ਼ਨਲ ਹਾਈਵੇ ਲਈ ਜ਼ਮੀਨ ਐਕਵਾਇਰ ਨੂੰ ਲੈ ਕੇ ਪ੍ਰਸ਼ਾਸਨ ਤੇ ਕਿਸਾਨ ਹੋਏ ਆਹਮੋ-ਸਾਹਮਣੇ, ਕਿਸਾਨਾਂ ਨੇ ਰੁਕਵਾਇਆ ਕੰਮ
ਮੀਟਿੰਗ ਉਪਰੰਤ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਮੋਰਚਾ ਆਗੂ ਗੁਰਮੇਲ ਸਿੰਘ ਸਰਪੰਚ, ਕੁਲਦੀਪ ਸਿੰਘ, ਫਤਿਹ ਸਿੰਘ ਢਿੱਲੋਂ, ਰੌਬਿਨ ਬਰਾੜ, ਜਗਤਾਰ ਸਿੰਘ ਲੌਂਗੋਦੇਵਾ, ਕੁਲਦੀਪ ਸਿੰਘ ਸਰਾਂ, ਕੁਲਦੀਪ ਸਿੰਘ ਖੁਰਾਣਾ, ਪ੍ਰੀਤਮ ਸਿੰਘ ਮਹੀਆਂਵਾਲਾ ਤੇ ਬਲਦੇਵ ਸਿੰਘ ਨੇ ਦੱਸਿਆ ਕਿ ਉਹ ਸਰਕਾਰ ਵੱਲੋਂ ਫੈਕਟਰੀ ਬੰਦ ਕਰਨ ਸਬੰਧੀ ਕੀਤੇ ਗਏ ਐਲਾਨ ਲਈ ਸਰਕਾਰ ਦਾ ਧੰਨਵਾਦ ਕਰਦੇ ਹਨ ਪਰ ਸਮੂਹ ਜਥੇਬੰਦੀਆਂ ਤੇ ਹੋਰ ਲੋਕਾਂ ਨਾਲ ਮੀਟਿੰਗ ਤੋਂ ਬਾਅਦ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਜਦੋਂ ਤੱਕ ਸਰਕਾਰ ਫੈਕਟਰੀ ਬੰਦ ਕਰਨ ਦਾ ਲਿਖਤੀ ਹੁਕਮ ਨਹੀਂ ਦਿੰਦੀ, ਹਾਈਕੋਰਟ 'ਚ ਚੱਲ ਰਹੇ ਕੇਸਾਂ ਵਿੱਚ ਜਿਨ੍ਹਾਂ ਲੋਕਾਂ ਦੀਆਂ ਜਾਇਦਾਦਾਂ ਦੀਆਂ ਜਾਣਕਾਰੀਆਂ ਰਿਕਵਰੀ ਲਈ ਦਿੱਤੀਆਂ ਗਈਆਂ ਹਨ, ਨੂੰ ਹਟਾਇਆ ਨਹੀ ਜਾਂਦਾ ਅਤੇ ਜੋ ਲੋਕ ਫੈਕਟਰੀ ਦੇ ਪ੍ਰਦੂਸ਼ਣ ਕਾਰਨ ਬਿਮਾਰ ਹੋਏ ਹਨ, ਉਨ੍ਹਾਂ ਦੇ ਇਲਾਜ ਦਾ ਕੋਈ ਪੁਖਤਾ ਪ੍ਰਬੰਧ ਨਹੀਂ ਕੀਤਾ ਜਾਂਦਾ, ਉਦੋਂ ਤੱਕ ਫੈਕਟਰੀ ਦੇ ਸਾਹਮਣੇ ਸਾਂਝਾ ਮੋਰਚਾ ਦਾ ਧਰਨਾ ਜਾਰੀ ਰਹੇਗਾ।
ਇਹ ਵੀ ਪੜ੍ਹੋ : ਦੁਕਾਨਾਂ ਤੋਂ ਸੈਂਪਲ ਭਰਨ ਆਇਆ ਸਿਹਤ ਵਿਭਾਗ ਰਾਹ 'ਚੋਂ ਹੀ ਮੁੜਿਆ, ਪੜ੍ਹੋ ਪੂਰਾ ਮਾਮਲਾ
ਸ਼ਰਾਬ ਫੈਕਟਰੀ ਅੱਗੇ ਚੱਲ ਰਹੇ ਧਰਨੇ 'ਚ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂਆਂ ਨੇ ਵੀ ਰੱਖੇ ਆਪਣੇ ਵਿਚਾਰ
ਜ਼ਿਕਰਯੋਗ ਹੈ ਕਿ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਸਾਂਝੇ ਮੋਰਚੇ ਵੱਲੋਂ ਸ਼ਰਾਬ ਫੈਕਟਰੀ ਨੂੰ ਬੰਦ ਕਰਵਾਉਣ ਲਈ ਦਿੱਤੇ ਜਾ ਰਹੇ ਧਰਨੇ ਵਿੱਚ ਲਗਾਤਾਰ ਯੋਗਦਾਨ ਪਾਇਆ ਜਾ ਰਿਹਾ ਹੈ ਅਤੇ ਇਸ ਲਈ ਵੱਖ-ਵੱਖ ਜ਼ਿਲ੍ਹਿਆਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਹਨ। ਇਸੇ ਕੜੀ ਤਹਿਤ ਅੱਜ ਜ਼ਿਲ੍ਹਾ ਤਰਨਤਾਰਨ, ਅੰਮ੍ਰਿਤਸਰ ਤੇ ਗੁਰਦਾਸਪੁਰ ਦੇ ਆਗੂਆਂ ਦੀ ਵਾਪਸੀ ਉਪਰੰਤ ਜ਼ਿਲ੍ਹਾ ਬਰਨਾਲਾ ਦੇ ਆਗੂਆਂ ਨੇ ਬਲੌਰ ਸਿੰਘ ਦੀ ਪ੍ਰਧਾਨਗੀ ਹੇਠ ਰੋਸ ਮਾਰਚ ਕੱਢਿਆ।
ਇਸ ਦੌਰਾਨ ਸੂਬਾ ਕਮੇਟੀ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਸੀਨੀਅਰ ਸਕੱਤਰ ਸ਼ਿੰਗਾਰਾ ਸਿੰਘ ਮਾਨ, ਸਕੱਤਰ ਰੂਪ ਸਿੰਘ ਚੰਨਾ ਆਦਿ ਨੇ ਸਾਂਝੇ ਮੋਰਚੇ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਭਾਵੇਂ ਮੁੱਖ ਮੰਤਰੀ ਨੇ ਫੈਕਟਰੀ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ ਪਰ ਸਾਰੀਆਂ ਮੰਗਾਂ ਪੂਰੀਆਂ ਹੋਣ ਤੱਕ ਮੋਰਚਾ ਜਾਰੀ ਰਹੇਗਾ ਅਤੇ ਇਸ ਲਈ ਕਿਸਾਨ ਯੂਨੀਅਨ ਮੋਰਚਾ ਪਹਿਲਾਂ ਵਾਂਗ ਹੀ ਆਗੂਆਂ ਨੂੰ ਆਪਣਾ ਸਹਿਯੋਗ ਦਿੰਦਾ ਰਹੇਗਾ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।