ਆਂਗਣਵਾੜੀ ਮੁਲਾਜ਼ਮਾਂ ਵੱਲੋਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ
Thursday, Feb 08, 2018 - 10:25 AM (IST)

ਸ੍ਰੀ ਮੁਕਤਸਰ ਸਾਹਿਬ (ਪਵਨ, ਦਰਦੀ, ਸੁਖਪਾਲ) - ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਬਲਾਕ ਸ੍ਰੀ ਮੁਕਤਸਰ ਸਾਹਿਬ ਵੱਲੋਂ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਅੱਜ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪਹਿਲਾਂ ਵੱਖ-ਵੱਖ ਪਿੰਡਾਂ 'ਚੋਂ ਵੱਡੀ ਗਿਣਤੀ 'ਚ ਆਈਆਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਖੰਡੇ ਵਾਲੇ ਪਾਰਕ ਵਿਖੇ ਇਕੱਠੀਆਂ ਹੋਈਆਂ ਅਤੇ ਰੈਲੀ ਕੱਢਦੀਆਂ ਹੋਈਆਂ ਡਿਪਟੀ ਕਮਿਸ਼ਨਰ ਦਫ਼ਤਰ ਵਿਖੇ ਪੁੱਜੀਆਂ ਪਰ ਪੁਲਸ ਨੇ ਮੁੱਖ ਗੇਟ ਨੂੰ ਜਿੰਦਰਾ ਲਾ ਦਿੱਤਾ, ਜਿਸ ਕਰ ਕੇ ਉਹ ਗੇਟ ਅੱਗੇ ਹੀ ਧਰਨਾ ਲਾ ਕੇ ਬੈਠ ਗਈਆਂ।
ਲਗਭਗ ਡੇਢ ਘੰਟਾ ਉਡੀਕ ਕਰਨ ਤੋਂ ਬਾਅਦ ਵੀ ਜਦੋਂ ਕੋਈ ਅਧਿਕਾਰੀ ਮੰਗ-ਪੱਤਰ ਲੈਣ ਨਹੀਂ ਆਇਆ ਤਾਂ ਗੁੱਸੇ 'ਚ ਆਈਆਂ ਵਰਕਰਾਂ ਅਤੇ ਹੈਲਪਰਾਂ ਪਿਛਲੇ ਗੇਟ ਰਾਹੀਂ ਧੱਕਾ-ਮੁੱਕੀ ਕਰ ਕੇ ਡਿਪਟੀ ਕਮਿਸ਼ਨਰ ਦਫ਼ਤਰ ਅੰਦਰ ਦਾਖਲ ਹੋਈਆਂ। ਮੌਕੇ 'ਤੇ ਡੀ. ਐੱਸ. ਪੀ. ਗੁਰਜੀਤ ਸਿੰਘ ਅਤੇ ਸਿਟੀ ਥਾਣੇ ਦੇ ਮੁਖੀ ਪੁਲਸ ਫੋਰਸ ਸਮੇਤ ਪਹੁੰਚੇ। ਅਖੀਰ ਨਾਇਬ ਤਹਿਸੀਲਦਾਰ ਨੇ ਆ ਕੇ ਉਨ੍ਹਾਂ ਕੋਲੋਂ ਮੰਗ-ਪੱਤਰ ਲਿਆ। ਬਾਅਦ 'ਚ ਮੁੱਖ ਸੜਕ ਅਤੇ ਚੌਕ ਵਿਚ ਆ ਕੇ ਜਥੇਬੰਦੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਸਿੱਖਿਆ ਮੰਤਰੀ ਅਰੁਣਾ ਚੌਧਰੀ ਦੇ ਪੁਤਲੇ ਫੂਕੇ।
ਸਰਕਾਰਾਂ ਨੇ ਕੀਤਾ ਅੱਖੋਂ-ਪਰੋਖੇ : ਹਰਗੋਬਿੰਦ ਕੌਰ
ਇਸ ਦੌਰਾਨ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਪਿਛਲੇ 42 ਸਾਲਾਂ ਤੋਂ ਸਮੇਂ ਦੀਆਂ ਸਰਕਾਰਾਂ ਵਰਕਰਾਂ ਅਤੇ ਹੈਲਪਰਾਂ ਨੂੰ ਅੱਖੋਂ-ਪਰੋਖੇ ਕਰੀ ਬੈਠੀਆਂ ਹਨ। ਰਾਸ਼ਟਰਪਤੀ ਦੀ ਤਨਖਾਹ 5 ਲੱਖ ਰੁਪਏ ਕਰ ਦਿੱਤੀ, ਉਪ ਰਾਸ਼ਟਰਪਤੀ ਦੀ 4 ਲੱਖ 50 ਹਜ਼ਾਰ ਅਤੇ ਸੂਬਿਆਂ ਦੇ ਰਾਜਪਾਲਾਂ ਦੀਆਂ ਤਨਖਾਹਾਂ 3 ਲੱਖ 50 ਹਜ਼ਾਰ ਕਰ ਦਿੱਤੀਆਂ ਪਰ ਆਈ. ਸੀ. ਡੀ. ਐੱਸ. ਸਕੀਮ ਅਧੀਨ ਕੰਮ ਕਰ ਰਹੀਆਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਦੇ ਮਾਣ-ਭੱਤੇ ਵਿਚ ਵਾਧਾ ਨਹੀਂ ਕੀਤਾ ਗਿਆ, ਜਿਸ ਕਰ ਕੇ ਜਥੇਬੰਦੀ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵਰਕਰਾਂ ਅਤੇ ਹੈਲਪਰਾਂ ਦੇ ਮਾਣ-ਭੱਤੇ 'ਚ ਵਾਧਾ ਕਰੇ। ਸ਼ਿੰਦਰਪਾਲ ਕੌਰ ਥਾਂਦੇਵਾਲਾ, ਕਿਰਨਪਾਲ ਕੌਰ ਮਹਾਬੱਧਰ, ਹਰਪ੍ਰੀਤ ਕੌਰ, ਸੁਖਚਰਨ ਕੌਰ ਧਿਗਾਨਾ, ਪਰਮਜੀਤ ਕੌਰ ਬਾਵਾ, ਮਧੂ ਬਾਲਾ, ਰਾਜਪਾਲ ਕੌਰ ਚੜ੍ਹੇਵਾਨ ਆਦਿ ਹਾਜ਼ਰ ਸਨ।
ਪੁਲਸ ਮੁਲਾਜ਼ਮ ਨੇ ਪੀਤੀ ਹੋਈ ਸੀ ਸ਼ਰਾਬ
ਇਸੇ ਦੌਰਾਨ ਯੂਨੀਅਨ ਦੀ ਜ਼ਿਲਾ ਪ੍ਰਧਾਨ ਸ਼ਿੰਦਰਪਾਲ ਕੌਰ ਥਾਂਦੇਵਾਲਾ ਨੇ ਦੋਸ਼ ਲਾਇਆ ਕਿ ਜਦੋਂ ਪੁਲਸ ਨੇ ਉਨ੍ਹਾਂ ਨਾਲ ਧੱਕਾ-ਮੁੱਕੀ ਕੀਤੀ ਤਾਂ ਉਸ ਸਮੇਂ ਇਕ ਪੁਲਸ ਮੁਲਾਜ਼ਮ ਨੇ ਸ਼ਰਾਬ ਪੀਤੀ ਹੋਈ ਸੀ, ਜਦਕਿ ਔਰਤਾਂ ਨਾਲ ਅਜਿਹਾ ਕਰਨਾ ਬੇਹੱਦ ਮਾੜਾ ਹੈ।