ਵੱਡੀ ਖ਼ਬਰ: ਪੰਜਾਬ ਦੇ ਸਕੂਲ ''ਚੋਂ ''ਕਿਡਨੈਪ'' ਹੋ ਗਿਆ LKG ਦਾ ਵਿਦਿਆਰਥੀ! ਧਰਨੇ ''ਤੇ ਬੈਠੇ ਦਾਦਾ-ਦਾਦੀ
Wednesday, Aug 12, 2026 - 01:55 PM (IST)
ਲੁਧਿਆਣਾ (ਅਨਿਲ): ਥਾਣਾ ਸਲੇਮ ਟਾਬਰੀ ਦੇ ਅਧੀਨ ਆਉਂਦੇ ਹੁਸੈਨਪੁਰਾ ਸਥਿਤ ਇਕ ਨਿੱਜੀ ਸਕੂਲ ਵਿਚ ਐੱਲ. ਕੇ. ਜੀ. ਵਿਚ ਪੜ੍ਹਣ ਵਾਲੇ 5 ਸਾਲਾ ਬੱਚੇ ਨੂੰ ਸਕੂਲ ਤੋਂ ਕਿਡਨੈਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚੇ ਦੇ ਦਾਦਾ ਮੰਗਾਰਾਮ ਤੇ ਦਾਦੀ ਕ੍ਰਿਸ਼ਨਾ ਵਾਸੀ ਪਿੰਡ ਤਲਵੰਡੀ ਕਲਾਂ ਨੇ ਦੋਸ਼ ਲਗਾਇਆ ਕਿ 11 ਅਗਸਤ ਨੂੰ ਬੱਚੇ ਦੀ ਮਾਂ ਆਪਣੇ ਕੁਝ ਸਾਥੀਆਂ ਦੇ ਨਾਲ ਸਕੂਲ ਪਹੁੰਚੀ ਤੇ ਉਨ੍ਹਾਂ ਦੇ ਪੋਤਰੇ ਅਭਿਸ਼ੇਕ ਨੂੰ ਆਪਣੇ ਨਾਲ ਲੈ ਗਈ।
ਦਾਦਾ-ਦਾਦੀ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਘੋਲਾ ਸਿੰਘ ਦੀ ਤਕਰੀਬਨ 4 ਮਹੀਨੇ ਪਹਿਲਾਂ ਮੌਤ ਹੋ ਚੁੱਕੀ ਹੈ ਤੇ ਉਸ ਦੀ ਪਤਨੀ ਤਕਰੀਬਨ 4 ਸਾਲ ਪਹਿਲਾਂ ਘਰ ਛੱਡ ਕੇ ਪੇਕੇ ਚਲੀ ਗਈ ਸੀ, ਜਿਸ ਮਗਰੋਂ ਅਭਿਸ਼ੇਕ ਉਨ੍ਹਾਂ ਦੇ ਕੋਲ ਰਹਿ ਰਿਹਾ ਸੀ ਤੇ ਉਹੀ ਉਸ ਨੂੰ ਪਾਲ-ਪਲੋਸ ਰਹੇ ਸਨ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਸਕੂਲ ਮੈਨੇਜਮੈਂਟ ਨੂੰ ਬਾਕਾਇਦਾ ਐਫ਼ੀਡੇਵਿਟ ਦਿੱਤਾ ਗਿਆ ਸੀ ਕਿ ਛੁੱਟੀ ਦੇ ਸਮੇਂ ਬੱਚੇ ਨੂੰ ਉਨ੍ਹਾਂ ਤੋਂ ਇਲਾਵਾ ਕਿਸੇ ਹੋਰ ਵਿਅਕਤੀ ਦੇ ਨਾਲ ਨਾ ਭੇਜਿਆ ਜਾਵੇ, ਇਸ ਦੇ ਬਾਵਜੂਦ ਬੱਚਾ ਸਕੂਲ ਤੋਂ ਲਿਜਾਇਆ ਗਿਆ। ਇਸ ਨੂੰ ਸਕੂਲ ਦੀ ਲਾਪਰਵਾਹੀ ਦੱਸਦਿਆਂ ਪਰਿਵਾਰ ਨੇ ਬੁੱਧਵਾਰ ਨੂੰ ਸਕੂਲ ਦੇ ਬਾਹਰ ਧਰਨਾ ਦੇ ਕੇ ਪ੍ਰਦਰਸ਼ਨ ਕੀਤਾ ਤੇ ਬੱਚੇ ਨੂੰ ਵਾਪਸ ਲਿਆਉਣ ਦੀ ਮੰਗ ਕੀਤੀ।
ਬੱਚੇ ਦੇ ਦਾਦਾ-ਦਾਦੀ ਮੁਤਾਬਕ ਧਰਨਾ ਸ਼ੁਰੂ ਹੋਣ ਤੋਂ ਬਾਅਦ ਸਕੂਲ ਮੈਨੇਜਮੈਂਟ ਨੇ ਬੱਚਿਆਂ ਨੂੰ ਛੁੱਟੀ ਕਰ ਦਿੱਤੀ ਤੇ ਗੇਟ ਨੂੰ ਤਾਲਾ ਲਗਾ ਕੇ ਉੱਥੋਂ ਚਲੇ ਗਏ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮਾਮਲੇ ਵਿਚ ਬਣਦੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਸਕੂਲ ਦੇ ਬਾਹਰ ਧਰਨਾ ਲੱਗਣ ਦੀ ਸੂਚਨਾ ਮਿਲਣ ਮਗਰੋਂ ਐਲਡੀਕੋ ਅਸਟੇਟ ਪੁਲਸ ਚੌਕੀ ਦੀ ਪੁਲਸ ਮੌਕੇ 'ਤੇ ਪਹੁੰਚੀ ਤੇ ਪਰਿਵਾਰਕ ਮੈਂਬਰਾਂ ਨੂੰ ਭਰੋਸਾ ਦਿੱਤਾ ਕਿ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਕੀਤੀ ਜਾਵੇਗੀ।
