ਬਸਪਾ ਵੱਲੋਂ ਮੰਗਾਂ ਨੂੰ ਲੈ ਕੇ ਰੋਸ ਮਾਰਚ, ਰਾਸ਼ਟਰਪਤੀ ਦੇ ਨਾਂ ਭੇਜਿਆ ਮੈਮੋਰੰਡਮ

09/17/2022 4:46:06 AM

ਸੰਗਰੂਰ (ਰਵੀ ਸ਼ਰਮਾ) : ਬਹੁਜਨ ਸਮਾਜ ਪਾਰਟੀ ਨੇ ਸ਼ੁੱਕਰਵਾਰ ਸੰਗਰੂਰ ਵਿਖੇ ਵਿਸ਼ਾਲ ਰੋਸ ਪ੍ਰਦਰਸ਼ਨ ਤੇ ਮਾਰਚ ਕੀਤਾ। 15 ਅਗਸਤ ਤੋਂ ਸ਼ੁਰੂ ਕੀਤੇ ਬਸਪਾ ਦੇ ਇਸ ਅੰਦੋਲਨ ਦਾ ਇਹ 18ਵਾਂ ਰੋਸ ਮਾਰਚ ਸੀ, ਜੋ ਕਿ ਪੰਜਾਬ ਦੇ ਵੱਖ-ਵੱਖ ਜ਼ਿਲ੍ਹਾ ਹੈੱਡ ਕੁਆਰਟਰਾਂ 'ਤੇ ਕਰਕੇ ਰਾਸ਼ਟਰਪਤੀ ਦੇ ਨਾਂ ਮੈਮੋਰੰਡਮ ਭੇਜੇ ਜਾ ਰਹੇ ਹਨ। ਇਸ ਮੌਕੇ ਬਸਪਾ ਵਰਕਰਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਆਜ਼ਾਦੀ ਦੇ 75 ਸਾਲਾਂ 'ਚ ਪੰਜਾਬ ਵਿੱਚ ਬਹੁਜਨ ਸਮਾਜ ਦੀ ਇੰਨੀ ਦੁਰਗਤੀ ਹੋ ਰਹੀ ਹੈ ਕਿ ਉਹ ਆਜ਼ਾਦੀ 'ਚ ਵੀ ਗੁਲਾਮੀ ਭਰਿਆ ਜੀਵਨ ਬਤੀਤ ਕਰ ਰਹੇ ਹਨ। ਮਜ਼ਦੂਰਾਂ ਨੂੰ ਮਨਰੇਗਾ ਤਹਿਤ 100 ਦਿਨਾਂ ਦਾ ਕੰਮ ਵੀ ਪੂਰਾ ਨਹੀਂ ਮਿਲ ਰਿਹਾ, ਨਾ ਹੀ ਸਰਕਾਰ ਵੱਲੋਂ ਨਿਯਤ ਕੀਤੀ ਦਿਹਾੜੀ, ਜਦੋਂਕਿ ਮਜ਼ਦੂਰ ਆਪਣੇ ਲਈ 800 ਰੁਪਇਆ ਦਿਹਾੜੀ ਦਾ ਮੰਗ ਰਹੇ ਹਨ।

ਇਹ ਵੀ ਪੜ੍ਹੋ : ਨਾਭਾ: ਦੇਰ ਰਾਤ ਹਥਿਆਰਬੰਦਾਂ ਨੇ ਪੁਲਸ ਮੁਲਾਜ਼ਮ 'ਤੇ ਤਲਵਾਰਾਂ ਨਾਲ ਹਮਲਾ ਕਰ ਕੀਤਾ ਗੰਭੀਰ ਜ਼ਖ਼ਮੀ

ਉਨ੍ਹਾਂ ਕਿਹਾ ਕਿ ਅਨੁਸੂਚਿਤ ਜਾਤੀਆਂ ਦੀ ਪੰਚਾਇਤੀ ਜ਼ਮੀਨ 'ਚ ਇਕ ਤਿਹਾਈ ਹਿੱਸਾ ਮਾਰਿਆ ਜਾ ਰਿਹਾ ਹੈ। ਅਨੁਸੂਚਿਤ ਜਾਤੀ ਲਈ ਲਾਅ ਅਫ਼ਸਰਾਂ ਦੀਆਂ 58 ਪੋਸਟਾਂ ਵਿਚ ਸਰਕਾਰ ਦੀ ਧੋਖਾਧੜੀ ਤੇ ਰਾਖਵਾਂਕਰਨ ਐਕਟ 2006 ਦੀ ਉਲੰਘਣਾ ਹੋ ਰਹੀ ਹੈ। ਦਲਿਤ ਵਰਗ ਦੇ ਮੁਲਾਜ਼ਮਾਂ ਲਈ 85ਵੀਂ ਸੰਵਿਧਾਨਕ ਸੋਧ ਤੇ 10/10/14 ਦਾ ਪੱਤਰ ਗੁਲਾਮੀ ਵੱਲ ਧੱਕ ਰਿਹਾ ਹੈ। ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤੇ ਰੋਕੀਆਂ ਡਿਗਰੀਆਂ ਦਾ ਮੁੱਦਾ, ਪੱਛੜੀਆਂ ਸ਼੍ਰੇਣੀਆਂ ਲਈ ਮੰਡਲ ਕਮਿਸ਼ਨ ਦੀ ਰਿਪੋਰਟ ਦਾ ਅਣਗੌਲਿਆ ਰੱਖਣਾ ਧੋਖਾਧੜੀ ਹੈ। ਗੜ੍ਹੀ ਨੇ ਬਹੁਜਨ ਸਮਾਜ ਦੀ ਕਮਜ਼ੋਰ ਆਰਥਿਕਤਾ 'ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਆਜ਼ਾਦੀ ਦੇ 75 ਸਾਲਾਂ ਵਿਚ ਰਾਜ ਕਰਦੀਆਂ ਸਰਕਾਰਾਂ ਨੇ ਬਹੁਜਨ ਸਮਾਜ ਲਈ ਧਨ, ਜ਼ਮੀਨ, ਫੈਕਟਰੀਆਂ, ਸ਼ੋਅਰੂਮਾਂ, ਵਪਾਰ 'ਚ ਹਿੱਸੇਦਾਰੀ ਦੇਣ ਦੀ ਨੀਤੀ ਨੂੰ ਅਣਗੌਲਿਆ ਹੈ ਤੇ ਬਹੁਜਨ ਸਮਾਜ ਨੂੰ ਆਰਥਿਕ ਗੁਲਾਮ ਬਣਾ ਕੇ ਰੱਖ ਦਿੱਤਾ ਹੈ। ਬਹੁਜਨ ਸਮਾਜ ਪਾਰਟੀ ਇਸ ਸਮਾਜਿਕ ਤੇ ਆਰਥਿਕ ਗੁਲਾਮੀ ਨੂੰ ਖ਼ਤਮ ਕਰਨ ਲਈ ਸਮਾਜ ਨੂੰ ਲਾਮਬੰਦ ਕਰ ਰਹੀ ਹੈ।

ਇਹ ਵੀ ਪੜ੍ਹੋ : ਜਬਰ-ਜ਼ਿਨਾਹ ਮਾਮਲੇ 'ਚ ਦੋਸ਼ੀ ਦੀ ਗ੍ਰਿਫ਼ਤਾਰੀ ਨਾ ਹੋਣ 'ਤੇ ਲੋਕਾਂ ਦਾ ਫੁੱਟਿਆ ਗੁੱਸਾ, ਥਾਣੇ ਦੇ ਬਾਹਰ ਲਾਇਆ ਧਰਨਾ

ਇਸ ਮੌਕੇ ਬਸਪਾ ਵੱਲੋਂ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ, ਜੋ ਕਿ ਦਾਣਾ ਮੰਡੀ ਤੋਂ ਮੁੱਖ ਬਾਜ਼ਾਰ ਤੋਂ ਹੁੰਦਾ ਹੋਇਆ ਡਿਪਟੀ ਕਮਿਸ਼ਨਰ ਦੇ ਦਫ਼ਤਰ ਪੁੱਜਾ, ਜਿੱਥੇ ਰਾਸ਼ਟਰਪਤੀ ਦੇ ਨਾਂ ਪ੍ਰਸ਼ਾਸਨਿਕ ਅਧਿਕਾਰੀ ਸੰਦੀਪ ਸਿੰਘ ਨੂੰ ਮੈਮੋਰੰਡਮ ਦਿੱਤਾ ਗਿਆ। ਇਸ ਮੌਕੇ ਸੂਬਾ ਜਨਰਲ ਸਕੱਤਰ ਚਮਕੌਰ ਸਿੰਘ ਵੀਰ, ਸੂਬਾ ਸਕੱਤਰ ਦਰਸ਼ਨ ਸਿੰਘ ਝਲੂਰ, ਸੂਬਾ ਸਕੱਤਰ ਗੁਰਮੀਤ ਸਿੰਘ ਚੋਬਦਾਰਾਂ, ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਕੈਂਥ, ਰਣਧੀਰ ਸਿੰਘ ਨਾਗਰਾ, ਨਿਰਮਲ ਸਿੰਘ ਮੱਟੂ, ਚੰਦ ਸਿੰਘ ਰਾਮਪੁਰਾ, ਕਸ਼ਮੀਰ ਸਿੰਘ ਲੌਂਗੋਵਾਲ, ਭੋਲਾ ਸਿੰਘ ਧਰਮਗੜ੍ਹ, ਬੰਤਾ ਸਿੰਘ ਕੈਂਪਰ, ਹੰਸ ਰਾਜ ਭਵਾਨੀਗੜ੍ਹ, ਅਜਾਇਬ ਸਿੰਘ ਦੁੱਗ, ਓਮ ਪ੍ਰਕਾਸ਼, ਹਰਬੰਸ ਸਿੰਘ ਲੌਂਗੋਵਾਲ, ਰਾਮਪਾਲ ਸਿੰਘ ਮਹਿਲਾਂ, ਪਵਿੱਤਰ ਸਿੰਘ, ਗੁਰਮੇਲ ਸਿੰਘ ਰੰਗੀਲਾ ਆਦਿ ਹਾਜ਼ਰ ਸਨ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News