ਪਿੰਡ ''ਚ ਲੱਗੇ ਪੱਕੇ ਪੁਲਸ ਨਾਕੇ ਤੋਂ ਪਰੇਸ਼ਾਨ ਲੋਕਾਂ ਨੇ ਲਾਇਆ ਧਰਨਾ

08/20/2018 4:32:51 PM

ਮਾਛੀਵਾੜਾ ਸਾਹਿਬ (ਟੱਕਰ) : ਰਾਹੋਂ ਰੋਡ 'ਤੇ ਸਥਿਤ ਪਿੰਡ ਘੁਮਾਣਾ ਨੇੜ੍ਹੇ ਮਾਛੀਵਾੜਾ ਪੁਲਸ ਵਲੋਂ ਪਿਛਲੇ ਕਈ ਮਹੀਨਿਆਂ ਤੋਂ ਲਾਏ ਗਏ ਪੱਕੇ ਨਾਕੇ ਤੋਂ ਪਰੇਸ਼ਾਨ ਦੁਕਾਨਦਾਰਾਂ ਤੇ ਲੋਕਾਂ ਨੇ ਧਰਨਾ ਲਾਇਆ ਅਤੇ ਮੰਗ ਕੀਤੀ ਕਿ ਇਸ ਨਾਕੇ ਨੂੰ ਚੌਂਕ ਤੋਂ ਅੱਗੇ ਜਾਂ ਪਿੱਛੇ ਕਰਕੇ ਲਾਇਆ ਜਾਵੇ। ਧਰਨੇ ਵਿਚ ਲੋਕਾਂ ਨੇ ਦੱਸਿਆ ਕਿ ਪਿੰਡ ਘੁਮਾਣਾ ਚੌਂਕ ਨੇੜ੍ਹੇ ਕਾਫ਼ੀ ਦੁਕਾਨਾਂ ਹਨ ਅਤੇ ਇਹ ਚੌਂਕ ਕਈ ਪਿੰਡਾਂ ਨੂੰ ਜੋੜਦਾ ਹੈ।

ਉਨ੍ਹਾਂ ਦੱਸਿਆ ਕਿ ਜਦੋਂ ਦਾ ਚੌਂਕ ਵਿਚ ਪੁਲਸ ਵਲੋਂ ਪੱਕਾ ਨਾਕਾ ਲਾਇਆ ਗਿਆ ਹੈ, ਉਦੋਂ ਤੋਂ ਉਨ੍ਹਾਂ ਦੀਆਂ ਦੁਕਾਨਾਂ 'ਤੇ ਗਾਹਕ ਆਉਣੇ ਘਟ ਗਏ ਹਨ ਕਿਉਂਕਿ ਪੁਲਸ ਵਲੋਂ ਇੱਥੋਂ ਲੰਘਣ ਵਾਲੇ ਹਰੇਕ ਵਾਹਨ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਲੋਕਾਂ ਨੇ ਇਹ ਰਸਤਾ ਹੀ ਬਦਲ ਲਿਆ ਹੈ। ਦੁਕਾਨਦਾਰਾਂ ਨੇ ਦੱਸਿਆ ਕਿ 4-5 ਵਿਅਕਤੀ ਤਾਂ ਇਸ ਪੱਕੇ ਨਾਕੇ ਕਾਰਨ ਕਾਰੋਬਾਰ ਘਟਣ ਕਾਰਨ ਦੁਕਾਨਾਂ ਬੰਦ ਕਰਕੇ ਚਲੇ ਗਏ ਹਨ ਅਤੇ ਜੇਕਰ ਇਹ ਨਾਕਾ ਲਗਾਤਾਰ ਜਾਰੀ ਰਿਹਾ ਤਾਂ ਉਹ ਵੀ ਆਪਣਾ ਕਾਰੋਬਾਰ ਬੰਦ ਕਰਨ ਲਈ ਮਜ਼ਬੂਰ ਹੋ ਜਾਣਗੇ। 

ਦੁਕਾਨਦਾਰਾਂ ਨੇ ਪੁਲਸ ਜਿਲ੍ਹਾ ਖੰਨਾ ਦੇ ਐਸ.ਐਸ.ਪੀ ਤੋਂ ਮੰਗ ਕੀਤੀ ਕਿ ਘੁਮਾਣਾ ਚੌਂਕ ਵਿਖੇ ਪੱਕੇ ਨਾਕੇ ਦੀ ਬਜਾਏ ਰਾਹੋਂ ਰੋਡ 'ਤੇ ਵੱਖ-ਵੱਖ ਥਾਵਾਂ 'ਤੇ ਬਦਲ-ਬਦਲ ਕੇ ਨਾਕੇ ਲਾਏ ਜਾਣ, ਜਿਸ ਨਾਲ ਉਨ੍ਹਾਂ ਦੀ ਪਰੇਸ਼ਾਨੀ ਦੂਰ ਹੋ ਜਾਵੇਗੀ। ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਰਾਜੇਸ਼ ਕੁਮਾਰ ਨੇ ਦੱਸਿਆ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਘੁਮਾਣਾ ਵਿਖੇ ਲੱਗਦਾ ਪੱਕਾ ਨਾਕਾ ਬਦਲ ਦਿੱਤਾ ਜਾਵੇਗਾ ਅਤੇ ਹੁਣ ਰਾਹੋਂ ਰੋਡ 'ਤੇ ਪੁਲਸ ਪਾਰਟੀ ਵੱਖ-ਵੱਖ ਚੌਂਕਾਂ 'ਤੇ ਨਾਕੇ ਲਗਾ ਕੇ ਵਾਹਨਾਂ ਦੀ ਜਾਂਚ ਕਰੇਗੀ। 


Related News