ਵਿਧਾਇਕ ਦੇ ਘਰ ਮੂਹਰੇ ਠੇਕਾ ਮੁਲਾਜ਼ਮਾਂ ਨੇ ਪੀਪੇ ਖੜਕਾ ਕੇ ਮੰਗੀ ਲੋਹੜੀ

01/14/2018 6:59:43 AM

ਮੋਗਾ  (ਗਰੋਵਰ, ਗੋਪੀ) - ਠੇਕਾ ਮੁਲਾਜ਼ਮਾਂ ਵੱਲੋਂ ਨਵੇਂ ਸਾਲ ਵਾਲੇ ਦਿਨ ਸਰਕਾਰ ਨੂੰ ਯਾਦ-ਪੱਤਰ ਦੇਣ ਤੋਂ ਬਾਅਦ ਅੱਜ ਪੀਪੇ ਖੜਕਾ ਕੇ ਵਿਧਾਇਕ ਅਤੇ ਮੰਤਰੀਆਂ ਦੇ ਘਰ ਲੋਹੜੀ ਮੰਗਣ ਦਾ ਮਨ ਬਣਾਇਆ ਗਿਆ। ਅੱਜ ਠੇਕਾ ਮੁਲਾਜ਼ਮਾਂ ਵੱਲੋਂ ਵਿਧਾਇਕ ਡਾ. ਹਰਜੋਤ ਕਮਲ ਸਿੰਘ ਦੇ ਘਰ ਮੂਹਰੇ ਪੀਪੇ ਖੜਕਾ ਕੇ 'ਵਿਧਾਇਕ ਸਾਹਿਬ ਸਾਨੂੰ ਲੋਹੜੀ ਪਾਓ, ਸਾਡੀ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਓ' ਦਾ ਨਾਅਰਾ ਲਾ ਕੇ ਲੋਹੜੀ ਮੰਗੀ ਗਈ। ਇਹ ਜਾਣਕਾਰੀ ਠੇਕਾ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਨੇਤਾ ਰਾਕੇਸ਼ ਕੁਮਾਰ, ਅਮਨ ਥਾਮਨ ਅਤੇ ਹੇਮ ਸਿੰਘ ਨੇ ਪ੍ਰੈੱਸ- ਪੱਤਰ 'ਚ ਦਿੱਤੀ।
ਉਨ੍ਹਾਂ ਵਿਧਾਇਕ ਨੂੰ ਮੰਗ-ਪੱਤਰ ਵੀ ਦਿੱਤਾ। ਉਨ੍ਹਾਂ ਕਿਹਾ ਕਿ 10 ਮਹੀਨਿਆਂ ਦੌਰਾਨ ਕਾਂਗਰਸ ਸਰਕਾਰ ਦੇ ਉੱਚ ਅਧਿਕਾਰੀਆਂ ਅਤੇ ਮੁੱਖ ਮੰਤਰੀ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਮੁਲਾਜ਼ਮਾਂ ਨੂੰ ਸਿਰਫ ਝੂਠਾ ਵਿਸ਼ਵਾਸ ਹੀ ਮਿਲਿਆ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਖ-ਵੱਖ ਓ. ਐੱਸ. ਡੀਜ਼ ਵੱਲੋਂ ਸਮੇਂ-ਸਮੇਂ 'ਤੇ ਛੇ ਵਾਰ ਮੀਟਿੰਗ ਕਰਵਾਉਣ ਦੇ ਵਾਅਦੇ ਕੀਤੇ ਗਏ ਪਰ ਇਕ ਵਾਰ ਵੀ ਮੀਟਿੰਗ ਨਹੀਂ ਕਰਵਾ ਸਕੇ। ਉਨ੍ਹਾਂ ਕਿਹਾ ਕਿ ਜੇਕਰ 10 ਮਹੀਨਿਆਂ ਦੌਰਾਨ ਸਰਕਾਰ ਮੁਲਾਜ਼ਮਾਂ ਨਾਲ ਇਕ ਵੀ ਮੀਟਿੰਗ ਨਹੀਂ ਕਰ ਸਕੀ ਤਾਂ ਸਰਕਾਰ ਨੇ ਮੁਲਾਜ਼ਮਾਂ ਦੀਆਂ ਮੰਗਾਂ ਕੀ ਮੰਨਣੀਆਂ ਹਨ। ਇਹ ਇਕ ਬਹੁਤ ਵੱਡਾ ਸਵਾਲ ਬਣਦਾ ਜਾ ਰਿਹਾ ਹੈ।
ਨੇਤਾਵਾਂ ਨੇ ਕਿਹਾ ਕਿ ਲੋਹੜੀ ਦੇ ਤਿਉਹਾਰ 'ਤੇ ਲੋਕ ਢੋਲ ਵਜਾ ਕੇ ਖੁਸ਼ੀ ਮਨਾਉਂਦੇ ਹੋਏ ਲੋਹੜੀ ਮੰਗਦੇ ਹਨ ਪਰ ਕਾਂਗਰਸ ਸਰਕਾਰ ਨੇ 10 ਮਹੀਨਿਆਂ ਦੇ ਸ਼ਾਸਨ 'ਚ ਮੁਲਾਜ਼ਮਾਂ ਨੂੰ ਇੰਨਾ ਪ੍ਰੇਸ਼ਾਨ ਕਰ ਦਿੱਤਾ ਕਿ ਅੱਜ ਕੱਚੇ ਮੁਲਾਜ਼ਮ ਪੀਪੇ ਖੜਾ ਕੇ ਲੋਹੜੀ ਮੰਗਣ ਲਈ ਮਜਬੂਰ ਹਨ।


Related News