ਲੋਕਾਂ ਨੇ ਧਰਨਾ ਦੇ ਕੇ ਕੀਤੀ ਨਾਅਰੇਬਾਜ਼ੀ

12/23/2017 8:25:59 AM

ਜੈਤੋ  (ਜਿੰਦਲ) - ਅੱਜ ਸ਼ਾਮ ਕਰੀਬ 4 ਵਜੇ ਸ਼ਹਿਰ 'ਚ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਗੁਰਪ੍ਰੀਤ ਇੰਦਰ ਸਿੰਘ ਪੁਲਸ ਪਾਰਟੀ ਅਤੇ ਨਗਰ ਕੌਂਸਲ ਦੇ ਕਰਮਚਾਰੀਆਂ ਨਾਲ ਟਰੈਕਟਰ-ਟਰਾਲੀ ਅਤੇ ਜੇ. ਸੀ. ਬੀ. ਮਸ਼ੀਨ ਲਿਆ ਕੇ ਚੌਕ ਨੰਬਰ ਦੋ ਵਿਖੇ ਇਕ ਛੋਟੇ ਜਿਹੇ ਖੋਖੇ ਨੂੰ ਢਾਹੁਣ ਲੱਗੇ। ਜ਼ਿਕਰਯੋਗ ਹੈ ਕਿ ਪਿਛਲੇ 65-70 ਸਾਲਾਂ ਤੋਂ ਚਾਹ-ਦੁੱਧ ਦਾ ਕੰਮ ਕਰ ਰਹੇ ਇਕ ਬਜ਼ੁਰਗ ਵਿਅਕਤੀ ਨੂੰ ਬਿਨਾਂ ਦੱਸੇ ਉਸ ਦੇ ਖੋਖੇ ਦੇ ਸਾਰਾ ਸਾਮਾਨ ਫਰਿੱਜ, ਮੇਜ਼, ਕੁਰਸੀਆਂ, ਗੈਸ ਚੁੱਲ੍ਹਾ, ਸਿਲੰਡਰ ਅਤੇ ਬਰਤਨ ਵਗੈਰਾ ਸਾਰਾ ਕੁਝ ਚੁੱਕ ਕੇ ਟਰੈਕਟਰ 'ਚ ਰੱਖ ਲਿਆ। ਇਸ ਦੌਰਾਨ ਕਾਫੀ ਲੋਕ ਇਸ ਥਾਂ 'ਤੇ ਇਕੱਠੇ ਹੋ ਗਏ। ਇਸ ਖੋਖੇ ਦੇ ਮਾਲਕ ਵਪਾਰ ਮੰਡਲ ਦੇ ਪ੍ਰਧਾਨ ਛੱਜੂ ਰਾਮ ਬਾਂਸਲ, ਪ੍ਰਦੀਪ ਕੁਮਾਰ ਅਤੇ ਹੋਰ ਕਈ ਲੋਕ ਇਸ ਖੋਖੇ ਦੇ ਅੰਦਰ ਬੈਠ ਗਏ ਅਤੇ ਕਿਹਾ ਕਿ ਅਸੀਂ ਖੋਖੇ 'ਚੋਂ ਬਾਹਰ ਨਹੀਂ ਨਿਕਲਾਂਗੇ, ਖੋਖਾ ਢਾਹੁਣ ਨਹੀਂ ਦੇਵਾਂਗੇ। ਲੋਕਾਂ ਦਾ ਕਹਿਣਾ ਸੀ ਕਿ ਪਹਿਲਾਂ ਪੂਰੇ ਸ਼ਹਿਰ 'ਚ ਹੋਰ ਥਾਵਾਂ 'ਤੇ ਨਾਜਾਇਜ਼ ਕੀਤੇ ਗਏ ਕਬਜ਼ੇ ਹਟਵਾਏ ਜਾਣ। ਦੇਖਦੇ ਹੀ ਦੇਖਦੇ ਲੋਕਾਂ ਨੇ ਸੰਘਰਸ਼ ਆਰੰਭ ਕਰ ਦਿੱਤਾ ਅਤੇ ਨਾਅਰੇਬਾਜ਼ੀ ਕਰਦੇ ਹੋਏ ਚੌਕ 'ਚ ਹੀ ਧਰਨਾ ਲਾ ਕੇ ਬੈਠ ਗਏ। ਕਾਰਜਸਾਧਕ ਅਫਸਰ ਨੇ ਕਿਹਾ ਕਿ ਇਸ ਵਿਰੁੱਧ ਸ਼ਿਕਾਇਤ ਮਿਲੀ ਸੀ, ਹੋਰ ਕਿਸੇ ਦੇ ਖਿਲਾਫ ਸਾਡੇ ਕੋਲ ਕੋਈ ਸ਼ਿਕਾਇਤ ਨਹੀਂ ਹੈ। ਸਥਿਤੀ ਨੂੰ ਦੇਖਦੇ ਹੋਏ ਡਿਊਟੀ ਮੈਜਿਸਟ੍ਰੇਟ ਤੇ ਨਾਇਬ ਤਹਿਸੀਲਦਾਰ ਵੀ ਇਸ ਥਾਂ 'ਤੇ ਪਹੁੰਚ ਗਏ। ਉਨ੍ਹਾਂ ਨੇ ਵੀ ਲੋਕਾਂ ਨੂੰ ਸਮਝਾਇਆ ਪਰ ਲੋਕ ਆਪਣੀ ਗੱਲ 'ਤੇ ਅੜੇ ਰਹੇ। ਕਾਰਜਸਾਧਕ ਅਫਸਰ ਅਤੇ ਡਿਊਟੀ ਮੈਜਿਸਟ੍ਰੇਟ ਨੇ ਦੱਸਿਆ ਕਿ ਖੋਖੇ ਦੇ ਮਾਲਕ ਨੂੰ ਪਹਿਲਾਂ ਵੀ ਨੋਟਿਸ ਜਾਰੀ ਕੀਤਾ ਗਿਆ ਹੈ। ਆਖਿਰ 'ਤੇ ਲੋਕਾਂ ਨੇ ਟਰੈਕਟਰ 'ਚ ਲੱਦਿਆ ਹੋਇਆ ਖੋਖੇ ਵਾਲੇ ਦਾ ਸਾਮਾਨ ਉਤਾਰਨਾ ਸ਼ੁਰੂ ਕਰ ਦਿੱਤਾ। ਅਜੇ ਫਰਿੱਜ ਤੇ ਸਿਲੰਡਰ ਉਤਾਰੇ ਹੀ ਸਨ ਕਿ ਮੌਕਾ ਪਾ ਕੇ ਨਗਰ ਕੌਂਸਲ ਕਰਮਚਾਰੀ ਟਰੈਕਟਰ ਭਜਾ ਕੇ ਲੈ ਗਏ। ਜੇ. ਸੀ. ਬੀ. ਮਸ਼ੀਨ ਨੂੰ ਵੀ ਬੇਰੰਗ ਹੀ
ਪਰਤਣਾ ਪਿਆ।


Related News