ਵੱਡਾ ਹਾਦਸਾ; ਟੈਂਪੂ ਟਰੈਵਲਰ ਨੇ ਖੜ੍ਹੇ ਟਰੱਕ ਨੂੰ ਮਾਰੀ ਟੱਕਰ, 13 ਲੋਕਾਂ ਦੀ ਮੌਤ

06/28/2024 10:19:20 AM

ਹਾਵੇਰੀ- ਕਰਨਾਟਕ ਦੇ ਹਾਵੇਰੀ ਵਿਚ ਸ਼ੁੱਕਰਵਾਰ ਤੜਕੇ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਿਸ ਕਾਰਨ 13 ਲੋਕਾਂ ਦੀ ਮੌਤ ਹੋ ਗਈ। ਇਸ ਭਿਆਨਕ ਹਾਦਸੇ 'ਚ 4 ਲੋਕ ਜ਼ਖ਼ਮੀ ਵੀ ਹੋਏ ਹਨ। ਪੁਲਸ ਮੁਤਾਬਕ ਇਹ ਹਾਦਸਾ ਸਵੇਰੇ 4.45 ਵਜੇ ਦੇ ਕਰੀਬ ਉਸ ਸਮੇਂ ਵਾਪਰਿਆ ਜਦੋਂ ਹਾਵੇਰੀ ਜ਼ਿਲ੍ਹੇ ਦੇ ਬਿਆਦਗੀ ਵਿਖੇ ਨੈਸ਼ਨਲ ਹਾਈਵੇਅ-48 'ਤੇ ਸੜਕ ਕਿਨਾਰੇ ਖੜ੍ਹੇ ਇਕ ਟਰੱਕ ਨਾਲ ਟੈਂਪੂ ਟਰੈਵਲਰ ਦੀ ਟੱਕਰ ਹੋ ਗਈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਟੈਂਪੋ ਟਰੈਵਲਰ 'ਚ ਕੁੱਲ 17 ਲੋਕ ਸਵਾਰ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ 'ਚੋਂ 11 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਦੋ ਹੋਰਾਂ ਨੂੰ ਹਸਪਤਾਲ 'ਚ ਮ੍ਰਿਤਕ ਐਲਾਨ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ 4 ਜ਼ਖ਼ਮੀਆਂ ਵਿਚੋਂ ਦੋ ਹਸਪਤਾਲ ਦੇ ਇੰਟੈਂਸਿਵ ਕੇਅਰ ਯੂਨਿਟ (ICU) ਵਿਚ ਦਾਖ਼ਲ ਹਨ।

ਟੱਕਰ ਵਿਚ ਟੈਂਪੋ ਟਰੈਵਲਰ ਗੱਡੀ ਪੂਰੀ ਤਰ੍ਹਾਂ ਨੁਕਸਾਨੀ ਗਈ ਅਤੇ ਕਈ ਲਾਸ਼ਾਂ ਉਸ ਵਿਚ ਫਸ ਗਈਆਂ। ਬਚਾਅ ਕਰਮੀਆਂ ਨੇ ਬਹੁਤ ਮੁਸ਼ੱਕਤ ਮਗਰੋਂ ਲਾਸ਼ਾਂ ਨੂੰ ਬਾਹਰ ਕੱਢਿਆ। ਹਾਦਸੇ 'ਚ ਮਰਨ ਵਾਲਿਆਂ ਵਿਚ 2 ਬੱਚੇ ਵੀ ਸ਼ਾਮਲ ਹਨ। ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਲੱਗਾ ਹੈ ਕਿ ਪੀੜਤ ਸ਼ਿਵਮੋਗਾ ਜ਼ਿਲ੍ਹੇ ਦੇ ਭੱਦਰਾਵਤੀ ਤਾਲੁਕਾ ਵਿਚ ਹੋਲੇਹੋਨੂਰ ਨੇੜੇ ਇਮੀਹੱਟੀ ਪਿੰਡ ਦੇ ਵਸਨੀਕ ਸਨ। ਪੁਲਸ ਪੀੜਤਾਂ ਦੀ ਪਛਾਣ ਅਤੇ ਪਿੱਠਭੂਮੀ ਦੀ ਜਾਂਚ ਕਰ ਰਹੀ ਹੈ। 

ਹਾਵੇਰੀ ਦੇ ਪੁਲਸ ਸੁਪਰਡੈਂਟ ਅੰਸ਼ੂ ਕੁਮਾਰ ਸ਼੍ਰੀਵਾਸਤਵ ਨੇ ਦੱਸਿਆ ਕਿ ਪੀੜਤ ਸ਼ਿਵਮੋਗਾ ਜ਼ਿਲ੍ਹੇ ਦੇ ਚਿੰਚੋਲੀ ਮਯੱਕਾ ਦੇਵਸਥਾਨ ਤੋਂ ਆਪਣੇ ਪਿੰਡ ਯੇਮੇਹੱਟੀ ਜਾ ਰਹੇ ਸਨ। ਟਰੱਕ ਹਾਈਵੇਅ ਦੇ ਕਿਨਾਰੇ ਖੜ੍ਹਾ ਸੀ। ਟੈਂਪੋ ਟਰੈਵਲਰ ਨੇ ਪਿੱਛੇ ਤੋਂ ਟਰੱਕ ਨੂੰ ਟੱਕਰ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਮੁਰਦਾਘਰ 'ਚ ਭੇਜ ਦਿੱਤਾ ਗਿਆ ਹੈ ਅਤੇ ਜ਼ਖਮੀਆਂ ਨੂੰ ਹਵੇਰੀ ਦੇ ਸਰਕਾਰੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ।


Tanu

Content Editor

Related News