ਅਧਿਆਪਕਾਵਾਂ ਐੱਸ. ਐੱਸ. ਪੀ. ਦਫ਼ਤਰ ਦੀ ਛੱਤ ''ਤੇ ਚੜ੍ਹੀਆਂ

12/23/2017 8:28:29 AM

ਫ਼ਰੀਦਕੋਟ (ਹਾਲੀ) - ਪਿਛਲੇ ਕਈ ਦਿਨਾਂ ਤੋਂ ਆਪਣੀਆਂ ਮੰਗਾਂ ਸਬੰਧੀ ਦਿਨ-ਰਾਤ ਧਰਨੇ 'ਤੇ ਬੈਠੀਆਂ ਆਦਰਸ਼ ਸਕੂਲ ਮਿੱਡੂਮਾਨ ਅਤੇ ਪੱਕਾ ਦੀਆਂ ਅਧਿਆਪਕਾਵਾਂ ਅੱਜ ਆਪਣੀਆਂ ਮੰਗਾਂ ਮੰਨਵਾਉਣ ਲਈ ਮਿੰਨੀ ਸਕੱਤਰੇਤ ਸਥਿਤ ਸੀਨੀਅਰ ਪੁਲਸ ਕਪਤਾਨ ਦੇ ਦਫ਼ਤਰ ਦੀ ਛੱਤ 'ਤੇ ਚੜ੍ਹ ਗਈਆਂ ਅਤੇ ਨਾਅਰੇਬਾਜ਼ੀ ਕਰਨ ਲੱਗੀਆਂ। ਉਨ੍ਹਾਂ ਐਲਾਨ ਕੀਤਾ ਕਿ ਉਹ ਉਦੋਂ ਤੱਕ ਥੱਲੇ ਨਹੀਂ ਉਤਰਨਗੀਆਂ, ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ।
ਇਸ ਮੌਕੇ ਸੁਮਨ, ਸੁਖਵਿੰਦਰ ਕੌਰ, ਵੀਰਪਾਲ ਕੌਰ, ਕੁਲਵਿੰਦਰ ਕੌਰ, ਰਾਜਵੀਰ ਕੌਰ, ਹਰਪ੍ਰੀਤ ਕੌਰ, ਸੁਰਿੰਦਰ ਕੌਰ, ਗੁਰਮਿੰਦਰ ਕੌਰ, ਅਤੁਲ, ਜਸਲੀਨ ਕੌਰ ਅਤੇ ਸੁਨੀਤਾ ਰਾਣੀ ਨੇ ਕਿਹਾ ਕਿ ਪੁਲਸ ਅਤੇ ਹੋਰ ਅਧਿਕਾਰੀ ਉਨ੍ਹਾਂ ਵੱਲੋਂ ਆਦਰਸ਼ ਸਕੂਲ ਪ੍ਰਬੰਧਕਾਂ ਖਿਲਾਫ਼ ਦਰਜ ਕਰਵਾਏ ਕੇਸਾਂ ਵਿਚ ਕਾਰਵਾਈ ਕਰਨ ਦੀ ਬਜਾਏ ਰਾਜ਼ੀਨਾਮਾ ਕਰ ਲੈਣ ਲਈ ਕਹਿ ਰਹੇ ਹਨ, ਜਿਸ ਕਾਰਨ ਉਨ੍ਹਾਂ ਨੂੰ ਇਨਸਾਫ਼ ਦੀ ਉਮੀਦ ਨਹੀਂ ਜਾਪ ਰਹੀ। ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਉਹ ਛੱਤ 'ਤੇ ਹੀ ਰਹਿਣਗੀਆਂ ਅਤੇ ਇਥੇ ਭੁੱਖ ਹੜਤਾਲ ਕਰਨਗੀਆਂ। ਉਨ੍ਹਾਂ ਮੰਗ ਕੀਤੀ ਕਿ ਕੱਢੇ ਗਏ ਅਧਿਆਪਕ ਬਹਾਲ ਕੀਤੇ ਜਾਣ, ਸਕੂਲ ਵਿਚ ਨਵੰਬਰ ਮਹੀਨੇ ਤੋਂ ਹੁਣ ਤੱਕ ਦੀ ਹਾਜ਼ਰੀ ਲਾਈ ਜਾਵੇ। ਇਸੇ ਦੌਰਾਨ ਆਦਰਸ਼ ਸਕੂਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਦੇ ਕਨਵੀਨਰ ਗੁਰਦਿਆਲ ਸਿੰਘ ਭੱਟੀ, ਰਜਿੰਦਰ ਸਿੰਘ, ਲਾਲ ਸਿੰਘ ਗੋਲੇਵਾਲਾ, ਮਾਸਟਰ ਬੂਟਾ ਸਿੰਘ ਤੇ ਕਰਨਦੀਪ ਸਿੰਘ ਭੁੱਲਰ ਨੇ ਜ਼ਿਲਾ ਪੁਲਸ ਮੁਖੀ ਨਾਲ ਮੀਟਿੰਗ ਕਰ ਕੇ ਸਮੁੱਚੇ ਵਿਵਾਦ ਬਾਰੇ ਪ੍ਰਸ਼ਾਸਨ ਤੋਂ ਤੁਰੰਤ ਹੱਲ ਦੀ ਮੰਗ ਕੀਤੀ।
ਜ਼ਿਲਾ ਪੁਲਸ ਮੁਖੀ ਡਾ. ਨਾਨਕ ਸਿੰਘ ਨੇ ਕਿਹਾ ਕਿ ਪੁਲਸ ਪ੍ਰਸ਼ਾਸਨ ਇਸ ਵਿਵਾਦ ਦਾ ਜਲਦ ਨਿਪਟਾਰਾ ਕਰ ਰਿਹਾ ਹੈ। ਉਨ੍ਹਾਂ ਅੰਦੋਲਨਕਾਰੀ ਅਧਿਆਪਕਾਵਾਂ ਨੂੰ ਅੰਦੋਲਨ ਛੱਡ ਕੇ ਗੱਲਬਾਤ ਦਾ ਸੱਦਾ ਦਿੱਤਾ। ਅਧਿਆਪਕਾਵਾਂ ਨੇ ਐਲਾਨ ਕੀਤਾ ਕਿ ਜਿੰਨਾ ਚਿਰ ਸੁਖਸਾਗਰ ਸੁਸਾਇਟੀ ਤੋਂ ਆਦਰਸ਼ ਸਕੂਲਾਂ ਦਾ ਪ੍ਰਬੰਧ ਵਾਪਸ ਨਹੀਂ ਲਿਆ ਜਾਂਦਾ ਓਨਾ ਚਿਰ ਉਹ ਆਪਣਾ ਸੰਘਰਸ਼ ਵਾਪਸ ਨਹੀਂ ਲੈਣਗੇ।


Related News