ਬਿਜਲੀ ਮੁਲਾਜ਼ਮਾਂ ਵੱਲੋ ਸ਼ਹਿਰ ਦੇ ਸਬ-ਡਵੀਜ਼ਨ ਵਿਖੇ ਦਿੱਤਾ ਗਿਆ ਧਰਨਾ

03/04/2021 9:24:03 PM

ਭਗਤਾ ਭਾਈ,(ਢਿੱਲੋਂ)- ਅੱਜ ਸਥਾਨਕ ਸ਼ਹਿਰ ਦੇ ਸਬ-ਡਵੀਜ਼ਨ ਵਿਖੇ ਪੰਜਾਬ ਬਿਜਲੀ ਮੁਲਾਜ਼ਮਾਂ ਵਲੋਂ ਧਰਨਾ ਦਿੱਤਾ ਗਿਆ। ਇਸ ਧਰਨੇ ਦਾ ਮੁੱਖ ਕਾਰਨ ਪਿੰਡ ਕੋਠਾ ਗੁਰੂ ਵਿਖੇ ਇਕ ਕਿਸਾਨ ਦੀ ਗੈਰ ਕਾਨੂੰਨੀ (ਜ਼ਾਅਲੀ) ਚੱਲਦੀ ਮੋਟਰ ਦਾ ਸਾਮਾਨ ਉਤਾਰਣ ਲਈ ਗਈ ਟੀਮ ਨੂੰ ਕਿਸਾਨਾਂ ਵਲੋਂ ਬੰਦੀ ਬਣਾਉਣਾ ਦੱਸਿਆ ਜਾ ਰਿਹਾ ਸੀ। ਜਾਣਕਾਰੀ ਮੁਤਾਬਕ ਐੱਸ. ਡੀ. ਓ. ਭਗਤਾ ਇੰਜ. ਬੇਅੰਤ ਸਿੰਘ, ਯੂਨੀਅਰ ਇੰਜ. ਅਤੇ ਲਾਈਨ ਸਟਾਫ ਨੂੰ ਖੇਤ ’ਚ ਹੀ ਬੰਦੀ ਬਣਾਇਆ ਗਿਆ ਹੈ। ਇਸ ਧਰਨੇ ’ਚ ਪੱਛਮ ਜੋਨ ਦੇ ਇੰਜੀਨੀਅਰਜ਼ ਐਸੋਸੀਏਸ਼ਨ ਕਾਊਂਸਲ ਆਫ ਜੂਨੀਅਰ ਇੰਜੀਨੀਅਰਜ਼, ਟੈਕਨੀਕਲ ਸਰਵਿਸ ਯੂਨੀਅਨ, ਇੰਪਲਾਈਜ਼ ਫੈੱਡਰੇਸ਼ਨ, ਏਟਕ ਅਤੇ ਹੋਰ ਵੱਡੀ ਗਿਣਤੀ ’ਚ ਜਥੇਬੰਦੀਆਂ ਦੇ ਆਗੂ ਸਾਹਿਬਾਨ ਪਹੁੰਚੇ ਹੋਏ ਸਨ।
ਧਰਨੇ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਗੈਰ ਕਾਨੂੰਨੀ ਚੱਲ ਰਹੀਆਂ ਜਾ ਜ਼ਾਅਲੀ ਚੱਲ ਰਹੀਆਂ ਮੋਟਰਾਂ ’ਤੇ ਸਾਮਾਨ ਨੂੰ ਪੁੱਟਣ ਗਏ ਮੁਲਾਜ਼ਮਾਂ ਜਾਂ ਅਧਿਕਾਰੀਆਂ ਨੂੰ ਚੋਰਾਂ ਡਾਕੂਆਂ ਵਾਂਗ ਬੰਦੀ ਬਣਾਉਣਾ ਬੜੀ ਹੀ ਮਾੜੀ ਤੇ ਨਿੰਦਣ ਯੋਗ ਘਟਣਾ ਹੈ, ਜਿਸ ਦੀ ਜਿੰਨੀ ਨਿੰਦਾ ਕੀਤੀ ਜਾਵੇ ਥੋੜੀ ਹੈ। ਆਗੂਆਂ ਕਿਹਾ ਕਿ ਕਿਸਾਨਾਂ ਵਲੋਂ ਲਗਾਤਾਰ 24 ਘੰਟੇ ਦੇ ਕਰੀਬ ਆਪਣੀ ਡਿਊਟੀ ਕਰਨ ਕਰਨ ਗਏ ਬਿਜਲੀ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਬੰਦੀ ਬਣਾਇਆ ਗਿਆ ਹੈ, ਜੋ ਇਕ ਗੈਰ ਮਨੁੱਖੀ ਵਤੀਰਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਵਤੀਰੇ ਨਾਲ ਮੁਲਾਜ਼ਮਾਂ ਤੇ ਅਫਸਰਾਂ ’ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਆਗੂਆਂ ਚਿਤਾਵਨੀ ਦਿੱਤੀ ਕਿ ਪਾਵਰਕਾਮ ਦੇ ਮੁਲਾਜ਼ਮ ਖਪਤਕਾਰਾਂ ਦੇ ਕੰਮਾਂ ਲਈ 24 ਘੰਟੇ ਹਾਜ਼ਰ ਹਨ ਪਰ ਕਿਸੇ ਤਰ੍ਹਾਂ ਦੀ ਧੱਕੇਸਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਗੈਰ ਕਾਨੂੰਨੀ ਤਰੀਕੇ ਨਾਲ ਬਿਜਲੀ ਮੁਲਾਜ਼ਮਾਂ ਨੂੰ ਬੰਦੀ ਬਣਾਉਣ ਵਾਲਿਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਸੰਘਰਸ਼ ਨੂੰ ਹੋਰ ਤੇਜ਼ ਕਰਨ ਲਈ ਅਗਲੀ ਰਣਨੀਤੀ ਤਹਿ ਕੀਤੀ ਜਾਵੇਗੀ।

ਇਸ ਤੋਂ ਬਾਅਦ ਧਰਨਾਕਾਰੀਆਂ ਵਲੋਂ ਇਹ ਧਰਨਾ ਸ਼ਹਿਰ ਦੇ ਮੁੱਖ ਚੌਕ ’ਚ ਵੀ ਲਿਆਂਦਾ ਗਿਆ, ਜਿਥੇ ਧਰਨਾ ਕਾਰੀਆਂ ਨੇ ਇਕ ਸਾਈਡ ਰੋਕ ਕੇ ਕੁਝ ਆਗੂਆਂ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਆਪਣੇ ਵਿਚਾਰ ਪੇਸ਼ ਕੀਤੇ ਤੇ ਪੰਜਾਬ ਸਰਕਾਰ ਤੇ ਪੰਜਾਬ ਪੁਲਸ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਉਪਰੰਤ ਸਥਾਨਕ ਥਾਣੇ ਦੇ ਇੰਚਾਰਜ ਨੂੰ ਧਰਨਾਕਾਰੀਆਂ ਨੇ ਆਪਣਾ ਮੰਗ-ਪੱਤਰ ਦੇ ਕੇ ਪੰਜਾਬ ਸਰਕਾਰ ਤੇ ਉੱਚ ਅਧਿਕਾਰੀਆਂ ਤੱਕ ਪਹੁੰਚਾਉਣ ਦੀ ਅਪੀਲ ਕੀਤੀ ਅਤੇ ਸਬ ਇੰਸਪੈਕਟਰ ਸਥਾਨਕ ਥਾਣਾ ਇੰਚਾਰਜ ਕੁਲਵੰਤ ਸਿੰਘ ਨੇ ਇਨਸਾਫ ਦਾ ਭਰੋਸਾ ਦਿਵਾਇਆ ਅਤੇ ਇਸ ਭਰੋਸੇ ਤੋਂ ਬਾਅਦ ਧਰਨਾ ਸਮਾਪਤ ਕੀਤਾ ਗਿਆ।

ਇਸ ਧਰਨੇ ’ਚ ਇੰਜ. ਮਨਦੀਪ ਸਿੰਘ ਸੰਬੂ ਮੈਂਬਰ ਇੰਜ. ਐਸੋਸੀਏਸ਼ਨ, ਬਲਜੀਤ ਸਿੰਘ ਮੈਂਬਰ ਟੀ. ਐੱਸ. ਯੂ., ਸੁਖਵਿੰਦਰ ਸਿੰਘ ਚੀਦਾ, ਇੰਜ. ਮਲਕੀਤ ਸਿੰਘ, ਸਰਬਜੀਤ ਸਿੰਘ ਭਾਣਾ, ਲਗਿੰਦਰਪਾਲ ਸਿੰਘ ਸੂਬਾ ਆਗੂ, ਨਛੱਤਰ ਸਿੰਘ ਐੱਸ. ਯੂ., ਬੇਅੰਤ ਸਿੰਘ, ਦਲਜੀਤ ਸਿੰਘ, ਕੁਲਵੰਤ ਸਿੰਘ, ਇੰਜ. ਸੁਖਵੰਤ ਸਿੰਘ, ਇੰਜ. ਐੱਲ. ਪੀ. ਸਿੰਘ ਫਰੀਦਕੋਟ, ਇੰਜ: ਬਲਵੀਰ ਸਿੰਘ ਵੋਹਰਾ ਆਦਿ ਨੇ ਧਰਨੇ ਨੂੰ ਸਬੋਧਨ ਕੀਤਾ।


Bharat Thapa

Content Editor

Related News