ਕੰਮ ਕਰਵਾਉਣ ਆਏ ਲੋਕਾਂ ਨੇ ਪ੍ਰਸ਼ਾਸਨ ਖਿਲਾਫ ਕੀਤੀ ਨਾਅਰੇਬਾਜ਼ੀ

Sunday, Jul 22, 2018 - 08:33 AM (IST)

ਕੰਮ ਕਰਵਾਉਣ ਆਏ ਲੋਕਾਂ ਨੇ ਪ੍ਰਸ਼ਾਸਨ ਖਿਲਾਫ  ਕੀਤੀ ਨਾਅਰੇਬਾਜ਼ੀ

ਤਪਾ ਮੰਡੀ (ਸ਼ਾਮ) – ਸਰਕਾਰ ਵੱਲੋਂ ਪਿੰਡਾਂ ਦੇ ਸੇਵਾ ਕੇਂਦਰ ਬੰਦ ਕਰਨ ਨਾਲ ਲੋਕਾਂ ਨੂੰ ਸ਼ਹਿਰੀ ਖੇਤਰ ’ਚ ਬਣੇ ਕੇਂਦਰਾਂ ’ਚ ਕੰਮ ਕਰਵਾਉਣ ਆਉਣ ਲਈ ਖੱਜਲ-ਖੁਆਰ ਹੋਣਾ ਪੈ ਰਿਹਾ ਹੈ। 3-4 ਦਿਨਾਂ ਤੋਂ ਇੰਟਰਨੈੱਟ ਸੇਵਾ ਠੱਪ ਹੋਣ ਕਾਰਨ ਪ੍ਰੇਸ਼ਾਨ ਹੋਏ ਲੋਕਾਂ ਨੇ ਅੱਕ ਕੇ ਸ਼ਨੀਵਾਰ  ਨੂੰ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਅਾਂ ਪਰਮਜੀਤ ਕੌਰ ਜਗਜੀਤਪੁਰਾ, ਮਨਜੀਤ ਕੌਰ, ਸ਼ੀਲਾ ਰਾਣੀ, ਜੁਗਰਾਜ ਸਿੰਘ ਮੌਡ਼ ਨਾਭਾ, ਸਿਕੰਦਰ ਸਿੰਘ ਮੌਡ਼ ਨਾਭਾ ਅਤੇ ਮੰਦਿਰ ਸਿੰਘ ਮੌਡ਼ ਨਾਭਾ ਨੇ ਦੱਸਿਆ ਕਿ ਅਕਾਲੀ-ਭਾਜਪਾ ਸਰਕਾਰ ਨੇ ਇਕੋ ਛੱਤ ਹੇਠ 6 ਦਰਜਨ ਦੇ ਕਰੀਬ ਸਹੂਲਤਾਂ ਦੇਣ ਲਈ ਪਿੰਡਾਂ ’ਚ ਸੇਵਾ ਕੇਂਦਰ ਸਥਾਪਿਤ ਕੀਤੇ  ਸਨ ਪਰ ਮੌਜੂਦਾ ਸਰਕਾਰ ਨੇ ਉਕਤ ਸੇਵਾ ਕੇਂਦਰਾਂ ਨੂੰ ਪਿੰਡਾਂ ’ਚ ਲਗਭਗ ਬੰਦ ਹੀ ਕਰ ਦਿੱਤਾ, ਜਿਸ ਕਾਰਨ ਪਿੰਡਾਂ ਦੇ ਲੋਕਾਂ ਨੂੰ ਅੰਤਾਂ ਦੀ ਗਰਮੀ ਅਤੇ ਧੁੱਪ ’ਚ ਦੂਰ-ਦੁਰਾਡੇ ਤੋਂ  ਬੱਸਾਂ ’ਚ ਚਡ਼੍ਹ ਕੇ ਆਪਣੇ ਕੰਮ ਕਰਵਾਉਣ ਲਈ  ਵੈਟਰਨਰੀ ਹਸਪਤਾਲ ਅਤੇ ਪੁਰਾਣੀ ਤਹਿਸੀਲ ’ਚ ਬਣੇ ਸੇਵਾ ਕੇਂਦਰਾਂ ’ਚ ਆਉਂਦਾ ਪੈਂਦਾ ਹੈ। ਇਥੇ ਕੰਮ ਕਰਵਾਉਣ ਆਏ ਲੋਕਾਂ ਨੇ ਦੱਸਿਆ ਕਿ ਉਹ  3-4 ਦਿਨਾਂ ਤੋਂ ਰੈਜ਼ੀਡੈਂਸ ਸਰਟੀਫਿਕੇਟ, ਜਨਮ ਸਰਟੀਫਿਕੇਟ, ਪੈਨਸ਼ਨ ਕੇਸ, ਜਾਤੀ ਸਰਟੀਫਿਕੇਟ ਆਦਿ ਬਣਾਉਣ ਲਈ ਆ ਰਹੇ ਹਨ। ਜਦੋਂ  ਕਾਫੀ  ਦੇਰ ਇੰਤਜ਼ਾਰ ਕਰਨ ਤੋਂ ਬਾਅਦ ਉਨ੍ਹਾਂ ਦੀ ਵਾਰੀ ਆਉਂਦੀ ਹੈ ਤਾਂ ਕੰਮ ਕਰਦੇ ਕਰਮਚਾਰੀ ਇਹ ਕਹਿ ਦਿੰਦੇ ਹਨ ਕਿ ਇੰਟਰਨੈੱਟ ਬੰਦ ਹੋ ਗਿਆ। ਅੱਜ ਸਵੇਰ ਤੋਂ ਹੀ ਇੰਟਰਨੈੱਟ ਸੇਵਾ ਬੰਦ ਹੋਣ ਕਾਰਨ ਉਨ੍ਹਾਂ ਨੂੰ ਅੰਤਾਂ ਦੀ ਗਰਮੀ ’ਚ ਖਡ਼੍ਹਨਾ ਪਿਆ। ਲੋਕਾਂ ਦੀ ਮੰਗ ਹੈ ਕਿ ਇੰਟਰਨੈੱਟ ਸੇਵਾਵਾਂ ’ਚ ਸੁਧਾਰ ਕਰਵਾਇਆ ਜਾਵੇ।
ਕੀ ਕਹਿੰਦੇ ਨੇ ਸੇਵਾ ਕੇਂਦਰ ਦੇ ਇੰਚਾਰਜ
 ਸੇਵਾ ਕੇਂਦਰ ਦੇ ਇੰਚਾਰਜ ਰਮਨਦੀਪ ਸ਼ਰਮਾ ਦਾ ਕਹਿਣਾ ਹੈ ਕਿ ਇੰਟਰਨੈੱਟ ਸੇਵਾ ਦਾ ਬਹੁਤ  ਮਾੜਾ ਹਾਲ ਹੈ। ਹਰ ਰੋਜ਼ 2-3 ਘੰਟੇ ਇੰਟਰਨੈੱਟ ਸੇਵਾ ਬੰਦ ਰਹਿੰਦੀ ਹੈ ਅਤੇ ਅੱਜ ਸਵੇਰ ਤੋਂ ਹੀ ਬੰਦ ਰਹਿਣ ਕਾਰਨ ਟੈਲੀਫੋਨ ਐਕਸਚੇਂਜ ’ਚ ਇਸ ਬਾਰੇ ਸ਼ਿਕਾਇਤ ਕਰ ਕੇ ਇਸਨੂੰ ਠੀਕ ਕਰਨ ਲਈ ਕਿਹਾ ਗਿਆ ਹੈ।
ਕੀ ਕਹਿੰਦੇ ਨੇ ਐੱਸ. ਡੀ. ਓ.
 ਐੱਸ. ਡੀ. ਓ. ਟੈਲੀਫੋਨ ਵਿਭਾਗ ਤਪਾ ਸਤੀਸ਼ ਜਿੰਦਲ ਦਾ ਕਹਿਣਾ ਹੈ ਕਿ ਪਿੱਛੋਂ ਖਰਾਬੀ ਹੋਣ ਕਾਰਨ ਇਹ ਸੇਵਾ ਠੱਪ ਹੋਈ ਹੈ। ਜਲਦੀ ਹੀ ਠੀਕ ਕਰ ਕੇ ਸੇਵਾ ਚਾਲੂ ਕੀਤੀ ਜਾ ਰਹੀ ਹੈ।

 


Related News