ਕਿਸਾਨਾਂ ਨੇ ਫੂਕੀ ਸਰਕਾਰ ਦੀ ਅਰਥੀ
Sunday, Jun 17, 2018 - 08:26 AM (IST)
ਕਿਸ਼ਨਪੁਰਾ ਕਲਾਂ (ਭਿੰਡਰ) – ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਅੱਜ ਸੂਬਾ ਪੱਧਰੀ ਕਮੇਟੀ ਦੇ ਸੱਦੇ ’ਤੇ ਪੰਜਾਬ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਖਿਲਾਫ ਰੋਸ ਰੈਲੀ ਕਰਕੇ ਅਰਥੀ ਫੂਕ ਮੁਜਾਹਰਾ ਕੀਤਾ ਗਿਆ। ਕਿਸਾਨ ਆਗੂਆਂ ਵੱਲੋਂ ਰੋਸ ਮਾਰਚ ਕਰਦਿਆਂ ਸੂਬਾ ਸਰਕਾਰ ਖਿਲਾਫ ਜੰਮਕੇ ਨਾਅਰੇਬਾਜ਼ੀ ਕੀਤੀ ਗਈ। ਰੋਸ ਰੈਲੀ ਮੌਕੇ ਜ਼ਿਲਾ ਜਨਰਲ ਸਕੱਤਰ ਗੁਰਮੀਤ ਸਿੰਘ ਕਿਸ਼ਨਪੁਰਾ, ਲਖਵੀਰ ਸਿੰਘ ਕਿਸ਼ਨਪੁਰਾ, ਵਿੱਤ ਸਕੱਤਰ ਬਲੌਰ ਸਿੰਘ ਘੱਲ ਕਲਾਂ ਅਤੇ ਬਲਾਕ ਪ੍ਰਧਾਨ ਗੁਰਦੇਵ ਸਿੰਘ ਕਿਸ਼ਨਪੁਰਾ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਦੀ ਮੰਗ ਅਨੁਸਾਰ ਖੇਤੀ ਮੋਟਰਾਂ ਵਾਸਤੇ 16 ਘੰਟੇ ਬਿਜਲੀ ਸਪਲਾਈ ਨਹੀਂ ਛੱਡੀ ਹੈ ਅਤੇ ਨਾ ਹੀ ਝੋਨੇ ਦੀ ਖਰੀਦ ਮੌਕੇ 24ਪ੍ਰਤੀਸ਼ਤ ਨਮੀ ਤੱਕ ਝੋਨੇ ਦੀ ਫਸਲ ਖਰੀਦਣ ਬਾਰੇ ਕੋਈ ਫੈਸਲਾ ਕੀਤਾ ਹੈ। ਸਰਕਾਰ ਨੇ ਜੋ ਪਾਣੀ ਦੀ ਬਚਤ ਕਰਨ ਨੂੰ ਲੈ ਕੇ 20 ਜੂਨ ਤੋਂ ਪਹਿਲਾ ਝੋਨਾ ਨਾ ਲਾਉਣ ਬਾਰੇ ਫਰਮਾਨ ਜਾਰੀ ਕੀਤਾ ਹੈ ਇਹ ਸਰਕਾਰ ਦਾ ਫੈਸਲਾ ਸਰਾਸਰ ਗਲਤ ਹੈ, ਜੇਕਰ ਸਰਕਾਰ ਪਾਣੀ ਦੀ ਬਚਤ ਹੀ ਕਰਨਾ ਚਾਹੁੰਦੀ ਹੈ ਤਾਂ ਬਾਰਿਸ਼ ਦੇ ਪਾਣੀ ਨੂੰ ਧਰਤੀ ਹੇਠ ਰੀਚਾਰਜ ਕਰਨ ਦੇ ਪ੍ਰਬੰਧ ਕਰੇ।
ਵੱਡੇ ਕਾਰਖਾਨੇਦਾਰਾਂ ਵੱਲੋਂ ਗੰਦਲੇ ਕੀਤੇ ਜਾ ਰਹੇ ਦਰਿਆਵਾਂ ਦੇ ਪਾਣੀਆਂ ਨੂੰ ਟਰੀਟਮੈਂਟ ਪਲਾਟਾਂ ਦੁਆਰਾ ਸ਼ੁੱਧ ਕਰਕੇ ਖੇਤੀਯੋਗ ਬਣਾਇਆ ਜਾਵੇ। ਮੱਕੀ, ਦਾਲਾਂ ਤੇ ਬਾਸਮਤੀ ਦੇ ਲਾਹੇਵੰਦ ਭਾਅ ਦਿੱਤੇ ਜਾਣ ਤਾਂ ਜੋ ਕਿਸਾਨ ਝੋਨੇ ਦੀ ਅਗੇਤੀ ਫਸਲ ਬੀਜਣੀ ਬੰਦ ਕਰ ਦੇਣ ਪਰ ਸਰਕਾਰ ਦੀ ਨਾ ਤਾਂ ਨੀਤੀ ਸਾਫ ਹੈ ਤੇ ਨਾ ਹੀ ਨੀਅਤ ਸਾਫ ਹੈ, ਜਿਸ ਕਾਰਨ ਕਿਸਾਨਾਂ ਨੂੰ ਧਰਨੇ ਲਾਉਣ ਲਈ ਮਜਬੂਰ ਹੋਣਾ ਪੈਦਾਂ ਹੈ, ਜੇਕਰ ਹੁਣ ਪਰਾਲੀ ਸਾਡ਼ਨ ਦਾ ਸਮਾਂ ਹੁੰਦਾਂ ਤਾਂ ਅਸਮਾਨ ’ਚ ਚਡ਼ੀ ਧੂਡ਼ ਵੀ ਸਰਕਾਰ ਨੇ ਕਿਸਾਨਾਂ ਸਿਰ ਮਡ਼ ਦੇਣੀ ਸੀ। ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਦਾ ਕਿਸਾਨਾਂ ਪ੍ਰਤੀ ਇਸ ਤਰ੍ਹਾਂ ਦਾ ਰਵੱਈਆ ਰਿਹਾ ਤਾਂ ਆਉਣ ਵਾਲੇ ਸਮੇਂ ਦੌਰਾਨ ਜਥੇਬੰਦੀ ਤਿੱਖਾ ਸੰਘਰਸ਼ ਵਿੱਢੇਗੀ।
ਇਸ ਮੌਕੇ ਮੁਖਤਿਆਰ ਸਿੰਘ ਬਲਾਕ ਸਕੱਤਰ, ਸੁਖਦੇਵ ਸਿੰਘ ਤਲਵੰਡੀ ਭੰਗੇਰੀਆਂ, ਲਖਵੀਰ ਸਿੰਘ ਖੋਸਾ, ਗੁਰਚਰਨ ਸਿੰਘ ਭਿੰਡਰ, ਲਖਵੀਰ ਸਿੰਘ ਕਿਸ਼ਨਪੁਰਾ, ਬਲਵੀਰ ਸਿੰਘ ਕਿਸ਼ਨਪੁਰਾ, ਸੰਤੋਖ ਸਿੰਘ ਮੱਲਾ, ਮੋਹਣ ਸਿੰਘ ਭਿੰਡਰ ਖੁਰਦ, ਜਗਰੂਪ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਕਿਸਾਨ ਹਾਜ਼ਰ ਸਨ।
ਨਿਹਾਲ ਸਿੰਘ ਵਾਲਾ/ਬਿਲਾਸਪੁਰ, (ਬਾਵਾ/ਜਗਸੀਰ)- ਝੋਨਾ ਲਾਉਣ ਲਈ 16 ਘੰਟੇ ਨਿਰਵਿਘਨ ਬਿਜਲੀ ਸਪਲਾਈ ਲੈਣ ਲਈ ਪਿਛਲੇ 6 ਦਿਨਾਂ ਤੋਂ ਪਾਵਰ ਗਰਿੱਡ ਪੱਤੋ ਹੀਰਾ ਸਿੰਘ ਅੱਗੇ ਧਰਨੇ ’ਤੇ ਬੈਠੇ ਕਿਸਾਨਾਂ ਵੱਲੋਂ ਅੱਜ ਰੋਸ ਰੈਲੀ ਕਰ ਕੇ ਨਿਹਾਲ ਸਿੰਘ ਵਾਲਾ ਵਿਖੇ ਵਿਸ਼ਾਲ ਰੋਸ ਮਾਰਚ ਕਰ ਕੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ। ਇਸ ਮੌਕੇ ਕਿਸਾਨਾਂ ਨੇ ਕੇਂਦਰ ਤੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਕਿਸਾਨਾਂ ਨੇ 18 ਜੂਨ ਨੂੰ ਐੱਸ. ਡੀ. ਓ. ਦਫਤਰਾਂ ਦੇ ਘਿਰਾਓ ਕਰਨ ਦਾ ਵੀ ਐਲਾਨ ਕੀਤਾ। ਕਿਸਾਨ ਮੰਗ ਕਰ ਰਹੇ ਸਨ ਕਿ 20 ਜੂਨ ਤੋਂ ਝੋਨਾ ਲਾਉਣ ਲਈ ਰੱਖੀ ਗਈ ਸ਼ਰਤ ਵਾਪਸ ਲਈ ਜਾਵੇ।
ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲਾ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ, ਬਲਾਕ ਪ੍ਰਧਾਨ ਗੁਰਚਰਨ ਸਿੰਘ ਰਾਮਾ, ਬੂਟਾ ਸਿੰਘ ਭਾਗੀਕੇ ਤੇ ਜੰਗੀਰ ਸਿੰਘ ਹਿੰਮਤਪੁਰਾ ਨੇ ਕਿਹਾ ਕਿ ਅੱਜ ਪੰਜਾਬ ਦਾ ਕਿਸਾਨ ਡੂੰਘੇ ਆਰਥਿਕ ਸੰਕਟ ’ਚੋਂ ਲੰਘ ਰਿਹਾ ਹੈ, ਜਿਸ ਲਈ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਜ਼ਿੰਮੇਵਾਰ ਹਨ। ਸਰਕਾਰ ਝੋਨਾ ਲਾਉਣ ਦੀ ਤਰੀਕ ’ਚ ਵਾਧਾ ਕਰ ਕੇ ਅਤੇ ਫਿਰ ਝੋਨੇ ’ਚ ਜ਼ਿਆਦਾ ਸਿੱਲ ਦਾ ਬਹਾਨਾ ਬਣਾ ਕੇ ਝੋਨੇ ਦੀ ਖਰੀਦ ਤੋਂ ਭੱਜਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਸਰਕਾਰ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦੀ ਗੱਲ ਕਰਦੀ ਹੈ, ਦੂਜੇ ਪਾਸੇ ਸਰਕਾਰਾਂ ਕਿਸਾਨਾਂ ’ਤੇ ਹੋਰ ਟੈਕਸ ਥੋਪ ਰਹੀਆਂ ਹਨ।
