ਕਿਸਾਨਾਂ ਨੇ ਬਿਜਲੀ ਤੇ ਨਹਿਰੀ ਪਾਣੀ ਦੇ ਮਸਲੇ ਸਬੰਧੀ ਪੰਜਾਬ ਸਰਕਾਰ ਦੀਆਂ ਫੂਕੀਅਾਂ ਅਰਥੀਆਂ
Sunday, Jun 17, 2018 - 08:19 AM (IST)
ਮੰਡੀ ਲੱਖੇਵਾਲੀ/ਸ੍ਰੀ ਮੁਕਤਸਰ ਸਾਹਿਬ (ਸੁਖਪਾਲ, ਪਵਨ) - ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ ਗਰੁੱਪ) ਵੱਲੋਂ ਅੱਜ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਬਾਦਲ ਤੇ ਸ੍ਰੀ ਮੁਕਤਸਰ ਸਾਹਿਬ ਸਥਿਤ ਕੋਟਕਪੂਰਾ ਚੌਕ ਵਿਖੇ ਪੰਜਾਬ ਸਰਕਾਰ ਦੀਆਂ ਅਰਥੀਅਾਂ ਫੂਕ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਜਾਣਕਾਰੀ ਅਨੁਸਾਰ ਪਿੰਡ ਬਾਦਲ ਵਿਖੇ ਪਾਵਰਕਾਮ ਦਫ਼ਤਰ ਅੱਗੇ ਪਿਛਲੇ 6 ਦਿਨਾਂ ਤੋਂ ਦਿਨ-ਰਾਤ ਦੇ ਲਡ਼ੀਵਾਰ ਰੋਸ ਧਰਨੇ ’ਤੇ ਬੈਠੇ ਕਿਸਾਨਾਂ ਨੇ ਅੱਜ ਪਾਵਰਕਾਮ ਦਫ਼ਤਰ ਤੋਂ ਲੈ ਕੇ ਬਾਦਲ ਪਿੰਡ ਤੱਕ ਰੋਸ ਮਾਰਚ ਕੱਢਿਆ ਅਤੇ ਫਿਰ ਉੱਥੇ ਸਡ਼ਕ ’ਤੇ ਪੰਜਾਬ ਸਰਕਾਰ ਦੀ ਅਰਥੀ ਫੂਕੀ।
ਇਸੇ ਤਰ੍ਹਾਂ ਕੋਟਕਪੂਰਾ ਰੋਡ ਸ੍ਰੀ ਮੁਕਤਸਰ ਸਾਹਿਬ ਵਿਖੇ ਪਾਵਰਕਾਮ ਦਫ਼ਤਰ ਅੱਗੇ 6 ਦਿਨਾਂ ਤੋਂ ਰੋਸ ਧਰਨੇ ’ਤੇ ਬੈਠੇ ਕਿਸਾਨਾਂ ਨੇ ਪਹਿਲਾਂ ਸ਼ਹਿਰ ’ਚ ਰੋਸ ਮਾਰਚ ਕੱਢਿਆ ਅਤੇ ਫਿਰ ਕੋਟਕਪੂਰਾ ਚੌਕ ਵਿਚ ਜਾ ਕੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੀ ਅਰਥੀ ਫੂਕੀ। ਇਸ ਸਮੇਂ ਕਿਸਾਨਾਂ ਵੱਲੋਂ ਕਰੀਬ ਅੱਧਾ ਘੰਟਾ ਸਡ਼ਕ ’ਤੇ ਟਰੈਫਿਕ ਜਾਮ ਕੀਤਾ ਗਿਆ।
ਇਸ ਦੌਰਾਨ ਬੀ. ਕੇ. ਯੂ. ਦੇ ਸੂਬਾ ਕਮੇਟੀ ਮੈਂਬਰ ਗੁਰਾਂਦਿੱਤਾ ਸਿੰਘ ਭਾਗਸਰ, ਜ਼ਿਲਾ ਪ੍ਰਧਾਨ ਪੂਰਨ ਸਿੰਘ ਦੋਦਾ ਅਤੇ ਗੁਰਭਗਤ ਸਿੰਘ ਭਲਾਈਆਣਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੀ ਲੀਡਰਸ਼ਿਪ ਕਿਸਾਨਾਂ ਨਾਲ ਕੀਤੇ ਹੋਏ ਵਾਅਦਿਆਂ ਤੋਂ ਭੱਜ ਗਈ ਹੈ ਅਤੇ ਝੂਠ ਦੀ ਪੰਡ ਸਾਬਤ ਹੋਈ ਹੈ ਪਰ ਜਥੇਬੰਦੀ ਸਰਕਾਰ ਦਾ ਡਟ ਕੇ ਮੁਕਾਬਲਾ ਕਰੇਗੀ ਅਤੇ ਕਿਸਾਨ ਦੇ ਹੱਕਾਂ ਦੀ ਖਾਤਰ ਹਰ ਥਾਂ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਖਡ਼੍ਹੇਗੀ।
ਸਰਕਾਰ ਨੇ ਕਿਸਾਨਾਂ ਨੂੰ ਖੱਜਲ-ਖੁਆਰ ਕਰਨ ਲਈ ਲੰਘਾਏ ਦਿਨ
ਆਗੂਆਂ ਨੇ ਦੋਸ਼ ਲਾਇਆ ਕਿ ਉਨ੍ਹਾਂ ਦੀ ਮੰਗ ਸੀ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ 20 ਜੂਨ ਦੀ ਬਜਾਏ 10 ਜੂਨ ਤੋਂ ਝੋਨਾ ਲਾਉਣ ਦੀ ਮਨਜ਼ੂਰੀ ਦੇਵੇ ਪਰ ਸਰਕਾਰ ਨੇ ਇਹ ਸਾਰੇ ਦਿਨ ਜਾਣ-ਬੁੱਝ ਕੇ ਲੰਘਾਅ ਦਿੱਤੇ ਹਨ ਤਾਂ ਕਿ ਝੋਨਾ ਲਾਉਣ ਵਾਲੇ ਕਿਸਾਨ ਤੰਗ-ਪ੍ਰੇਸ਼ਾਨ ਹੋਣ।
ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਕਿਸਾਨਾਂ ਦੇ ਸੰਘਰਸ਼ ਨੂੰ ਹਮਾਇਤ
ਕਿਸਾਨਾਂ ਦੇ ਸੰਘਰਸ਼ ਨੂੰ ਹੋਰ ਹੁਲਾਰਾ ਦੇਣ ਲਈ ਅੱਜ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲਾ ਆਗੂ ਤਰਸੇਮ ਸਿੰਘ ਖੁੰਡੇ ਹਲਾਲ ਅਤੇ ਬਲਾਕ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਧਾਨ ਕਾਕਾ ਸਿੰਘ ਖੁੰਡੇ ਹਲਾਲ ਰੋਸ ਪ੍ਰਦਰਸ਼ਨ ਵਿਚ ਪੁੱਜੇ ਅਤੇ ਉਨ੍ਹਾਂ ਕਿਹਾ ਕਿ ਸੂਬੇ ਦੀ ਕਾਂਗਰਸ ਸਰਕਾਰ ਨੇ ਇਕੱਲੇ ਕਿਸਾਨਾਂ ਨੂੰ ਹੀ ਲਾਰਿਆਂ ਵਿਚ ਨਹੀਂ ਰੱਖਿਆ, ਸਗੋਂ ਮਜ਼ਦੂਰਾਂ ਅਤੇ ਹੋਰ ਵਰਗ ਦੇ ਲੋਕਾਂ ਨੂੰ ਵੀ ਲਾਰਿਆਂ ਵਿਚ ਹੀ ਰੱਖਿਆ ਹੈ।
ਫੌਜਦਾਰੀ ਕੇਸ ਦਰਜ ਕਰਨ ’ਤੇ ਪ੍ਰਗਟਾਇਆ ਰੋਸ
ਰੋਸ ਪ੍ਰਦਰਸ਼ਨ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਉਨ੍ਹਾਂ ਕਿਸਾਨਾਂ ਖਿਲਾਫ਼ ਫੌਜਦਾਰੀ ਕੇਸ ਦਰਜ ਕੀਤੇ ਗਏ ਹਨ, ਜਿਨ੍ਹਾਂ ਨੇ ਆਪਣੇ ਖੇਤਾਂ ’ਚ ਝੋਨਾ ਲਾ ਲਿਆ ਸੀ। ਇਨ੍ਹਾਂ ਫੌਜਦਾਰੀ ਕੇਸਾਂ ਖਿਲਾਫ਼ ਰੋਸ ਪ੍ਰਗਟ ਕਰਨ ਲਈ ਅਤੇ ਕੇਸ ਵਾਪਸ ਲੈਣ ਲਈ 19 ਜੂਨ ਨੂੰ ਡਿਪਟੀ ਕਮਿਸ਼ਨਰ ਦੇ ਦਫ਼ਤਰ ਅੱਗੇ ਰੋਸ ਧਰਨਾ ਦਿੱਤਾ ਜਾਵੇਗਾ।
20 ਜੂਨ ਤੋਂ ਬਾਅਦ ਲਾਏ ਝੋਨੇ ਦਾ ਝਾਡ਼ ਨਿਕਲੇਗਾ ਘੱਟ
ਕਿਸਾਨ ਆਗੂਆਂ ਨੇ ਕਿਹਾ ਕਿ 20 ਜੂਨ ਤੋਂ ਪਿੱਛੋਂ ਲਾਏ ਗਏ ਪਛੇਤੀ ਕਿਸਮ ਦੇ ਝੋਨੇ ਦਾ ਝਾਡ਼ ਅਗੇਤੀ ਕਿਸਮ ਦੇ ਝੋਨੇ ਦੇ ਝਾਡ਼ ਨਾਲੋਂ ਘੱਟ ਨਿਕਲੇਗਾ ਅਤੇ ਇਸ ਝੋਨੇ ਨੂੰ ਖਰੀਦਣ ਸਮੇਂ ਖਰੀਦ ਏਜੰਸੀਅਾਂ ਅਤੇ ਵਪਾਰੀ ਇਹ ਕਹਿਣਗੇ ਕਿ ਝੋਨੇ ’ਚ ਨਮੀ ਜ਼ਿਆਦਾ ਹੈ, ਜਦਕਿ ਜਥੇਬੰਦੀ ਦੀ ਮੰਗ ਹੈ ਕਿ ਦੀ ਨਮੀ ਦੀ ਮਾਤਰਾ 24 ਫੀਸਦੀ ਕੀਤੀ ਜਾਵੇ ਪਰ ਸਰਕਾਰ ਸੁਣਨ ਲਈ ਤਿਆਰ ਨਹੀਂ ਹੈ।
ਫ਼ਸਲਾਂ ਦੇ ਭਾਅ ਨਹੀਂ ਮਿੱਥ ਰਹੀ ਸਰਕਾਰ
ਕਿਸਾਨਾਂ ਦਾ ਦੋਸ਼ ਸੀ ਕਿ ਪਾਣੀ ਦੀ ਬੱਚਤ ਵਾਲੀਅਾਂ ਬਦਲਵੀਆਂ ਫ਼ਸਲਾਂ ਜਿਵੇਂ ਮੱਕੀ, ਦਾਲਾਂ ਆਦਿ ਦੇ ਲਾਹੇਵੰਦ ਭਾਅ ਮਿੱਥਣ ਅਤੇ ਖਰੀਦ ਦੀ ਗਾਰੰਟੀ ਤੋਂ ਵੀ ਸਰਕਾਰ ਕੰਨੀ ਕਤਰਾਅ ਰਹੀ ਹੈ, ਜਿਸ ਕਰ ਕੇ ਕਿਸਾਨ ਕਿਹਡ਼ੇ ਪਾਸੇ ਜਾਵੇ।
18 ਨੂੰ ਐੱਸ. ਡੀ. ਓ. ਦਫ਼ਤਰਾਂ ਦਾ ਕੀਤਾ ਜਾਵੇਗਾ ਘਿਰਾਓ
ਝੋਨੇ ਲਈ ਦਿਨ ’ਚ 16 ਘੰਟੇ ਬਿਜਲੀ ਸਪਲਾਈ ਮੁਹੱਈਆ ਕਰਵਾਉਣ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ ਗਰੁੱਪ) ਵੱਲੋਂ 18 ਜੂਨ ਨੂੰ 12:00 ਤੋਂ ਲੈ ਕੇ 4:00 ਵਜੇ ਤੱਕ ਘਿਰਾਓ ਕੀਤਾ ਜਾਵੇਗਾ, ਜਿਸ ਦੀਅਾਂ ਤਿਆਰੀਅਾਂ ਕਰ ਲਈਆਂ ਗਈਆਂ ਹਨ।
