ਚੰਡੀਗੜ੍ਹ ''ਚ ਧਰਨੇ-ਪ੍ਰਦਰਸ਼ਨਾਂ ''ਤੇ ਪਾਬੰਦੀ ਜਾਰੀ, ਸ਼ਹਿਰ ''ਚ ਧਾਰਾ-144 ਲਾਗੂ
Thursday, Jul 28, 2022 - 04:30 PM (IST)
ਚੰਡੀਗੜ੍ਹ (ਰਜਿੰਦਰ) : ਚੰਡੀਗੜ੍ਹ ਦੇ ਡੀ. ਸੀ. ਵਿਨੈ ਪ੍ਰਤਾਪ ਸਿੰਘ ਨੇ ਸ਼ਹਿਰ 'ਚ ਧਾਰਾ-144 ਲਾਗੂ ਕਰ ਕੇ ਧਰਨੇ-ਪ੍ਰਦਰਸ਼ਨਾਂ ’ਤੇ ਪਾਬੰਦੀ ਲਾ ਦਿੱਤੀ ਹੈ। ਇਸ ਤਹਿਤ ਕੋਈ ਵੀ ਜੱਥੇਬੰਦੀ ਜਾਂ ਯੂਨੀਅਨ ਜਨਤਕ ਥਾਵਾਂ ’ਤੇ ਰੋਸ ਪ੍ਰਦਰਸ਼ਨ ਨਹੀਂ ਕਰ ਸਕੇਗੀ। ਪ੍ਰਸ਼ਾਸਨ ਨੇ ਪ੍ਰਦਰਸ਼ਨ, ਰੈਲੀ ਅਤੇ ਧਰਨੇ ਲਈ ਸੈਕਟਰ-25 ਦੀ ਰੈਲੀ ਗਰਾਊਂਡ ਦੀ ਜਗ੍ਹਾ ਯਕੀਨੀ ਬਣਾਈ ਹੈ। ਇੱਥੇ ਵੀ ਪ੍ਰਦਰਸ਼ਨ ਤੋਂ ਪਹਿਲਾਂ ਇਜਾਜ਼ਤ ਲੈਣੀ ਲਾਜ਼ਮੀ ਹੋਵੇਗੀ। ਪ੍ਰਸ਼ਾਸਨ ਨੇ ਇਸ ਸਬੰਧੀ ਪਹਿਲਾਂ ਵੀ ਹੁਕਮ ਜਾਰੀ ਕੀਤੇ ਸਨ ਪਰ ਇਸ ਦੇ ਬਾਵਜੂਦ ਸ਼ਹਿਰ 'ਚ ਰੋਸ ਪ੍ਰਦਰਸ਼ਨ ਜਾਰੀ ਰਿਹਾ। ਹੁਣ ਇਸ ਸਬੰਧੀ ਮੁੜ ਹੁਕਮ ਜਾਰੀ ਕੀਤੇ ਗਏ ਹਨ।
ਧਾਰਾ-144 ਤਹਿਤ ਜੇਕਰ ਕਿਸੇ ਜਨਤਕ ਥਾਂ ’ਤੇ ਪੰਜ ਜਾਂ ਪੰਜ ਤੋਂ ਵੱਧ ਵਿਅਕਤੀ ਅਮਨ-ਕਾਨੂੰਨ ਦੀ ਉਲੰਘਣਾ ਕਰਦੇ ਹਨ ਤਾਂ ਉਨ੍ਹਾਂ ਖ਼ਿਲਾਫ਼ ਧਾਰਾ-144 ਦੀ ਉਲੰਘਣਾ ਕਰਨ ’ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦੱਸ ਦੇਈਏ ਕਿ ਪ੍ਰਸ਼ਾਸਨ ਨੂੰ ਸੂਚਨਾ ਮਿਲ ਰਹੀ ਸੀ ਕਿ ਕੁੱਝ ਲੋਕ ਸ਼ਹਿਰ 'ਚ ਪ੍ਰਦਰਸ਼ਨ ਕਰ ਕੇ ਸ਼ਾਂਤੀ ਭੰਗ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ, ਜਿਸ ਕਾਰਨ ਧਾਰਾ-144 ਲਾਈ ਗਈ ਹੈ। ਇਹ ਹੁਕਮ ਪੁਲਸ, ਅਰਧ ਸੈਨਿਕ ਬਲਾਂ ਅਤੇ ਸਰਕਾਰੀ ਮੁਲਾਜ਼ਮਾਂ ’ਤੇ ਉਨ੍ਹਾਂ ਦੇ ਕੰਮਕਾਜੀ ਸਮੇਂ ਦੌਰਾਨ ਲਾਗੂ ਨਹੀਂ ਹੋਣਗੇ। ਇਹ ਹੁਕਮ 20 ਜੁਲਾਈ ਤੋਂ ਲਾਗੂ ਹੋ ਗਏ ਹਨ ਅਤੇ 17 ਸਤੰਬਰ ਤੱਕ ਲਾਗੂ ਰਹਿਣਗੇ।