ਸ਼ਰਾਬ ਫੈਕਟਰੀ ਦਾ ਮੁੱਦਾ ਭਖਿਆ, ਜ਼ੀਰਾ ਵਪਾਰ ਮੰਡਲ ਨੇ ਬਾਜ਼ਾਰ ਬੰਦ ਰੱਖ ਕਿਸਾਨਾਂ ਨੂੰ ਦਿੱਤਾ ਸਮਰਥਨ
Saturday, Aug 20, 2022 - 02:32 PM (IST)
ਜ਼ੀਰਾ(ਗੁਰਮੇਲ ਸੇਖਵਾਂ) : ਮਨਸੂਰਵਾਲ ਕਲਾਂ ਦੀ ਸ਼ਰਾਬ ਫੈਕਟਰੀ ਕਾਰਨ ਖ਼ਰਾਬ ਹੋਏ ਧਰਤੀ ਹੇਠਲੇ ਪਾਣੀ ਦੇ ਰੋਸ ਵਿੱਚ ਕਿਸਾਨਾਂ ਅਤੇ ਇਲਾਕੇ ਦੇ ਲੋਕਾਂ ਵੱਲੋਂ ਫੈਕਟਰੀ ਬੰਦ ਕਰਵਾਉਣ ਦੀ ਮੰਗ ਨੂੰ ਲੈ ਕੇ ਫੈਕਟਰੀ ਦੇ ਬਾਹਰ ਧਰਨਾ ਜਾਰੀ ਹੈ। ਇਸ ਸੰਘਰਸ਼ ਵਿੱਚ ਸਾਰੇ ਵਰਗ ਕਿਸਾਨਾਂ ਦਾ ਸਾਥ ਦੇਣ ਲਈ ਅੱਗੇ ਆ ਰਹੇ ਹਨ, ਜਿਸਦੇ ਚੱਲਦੇ ਇਹ ਮਾਮਲਾ ਦਿਨੋਂ-ਦਿਨ ਗਰਮਾਉਂਦਾ ਜਾ ਰਿਹਾ ਹੈ। ਸੰਯੁਕਤ ਕਿਸਾਨ ਮੋਰਚੇ ਵੱਲੋਂ ਫੈਕਟਰੀ ਨੂੰ ਬੰਦ ਕਰਵਾਉਣ ਦੀ ਮੰਗ ਨੂੰ ਲੈ ਕੇ ਜ਼ੀਰਾ ਸ਼ਹਿਰ ਬੰਦ ਕਰਨ ਦੀ ਬੀਤੇ ਦਿਨ ਕਾਲ ਦਿੱਤੀ ਗਈ ਸੀ, ਜਿਸ 'ਤੇ ਪ੍ਰਦਰਸ਼ਨਕਾਰੀਆਂ ਦਾ ਸਾਥ ਦਿੰਦੇ ਹੋਏ ਅੱਜ ਜ਼ੀਰਾ ਵਪਾਰ ਮੰਡਲ ਵੱਲੋਂ ਮੁਕੰਮਲ ਬਾਜ਼ਾਰ ਬੰਦ ਕੀਤਾ ਗਿਆ ਅਤੇ ਸੰਯੁਕਤ ਮੋਰਚੇ ਦੇ ਨਾਲ ਖੜੇ ਹੋਣ ਦਾ ਸਬੂਤ ਦਿੱਤਾ।
ਇਹ ਵੀ ਪੜ੍ਹੋ- ਮੋਗਾ ’ਚ ਮੁੰਡਿਆਂ ਦੇ ਤਸ਼ੱਦਦ ਦਾ ਸ਼ਿਕਾਰ ਹੋਈ ਕੁੜੀ ਨੇ ਮੰਗਿਆ ਇਨਸਾਫ, ਚਿੱਠੀ ਲਿਖ ਕੇ ਦੱਸੀ ਸਾਰੀ ਕਹਾਣੀ
ਦੱਸਣਯੋਗ ਹੈ ਕਿ ਜ਼ੀਰਾ ਬੰਦ ਦੌਰਾਨ ਮੈਡੀਕਲ ਦੀਆਂ ਦੁਕਾਨਾ ਛੱਡ ਕੇ ਸਾਰੀਆਂ ਦੁਕਾਨਾ ਬੰਦ ਰਹੀਆਂ। ਵਪਾਰ ਮੰਡਲ ਦੇ ਪ੍ਰਧਾਨ ਵੇਦ ਪ੍ਰਕਾਸ਼ ਕੱਕੜ, ਸੂਬਾ ਪੱਧਰੀ ਆਗੂ ਹਰੀਸ਼ ਕੁਮਾਰ ਤਾਂਗੜਾ, ਰਾਜ ਕੁਮਾਰ ਕੱਕੜ, ਮੁਨਿਆਰੀ ਯੂਨੀਅਨ ਮਹਿੰਗਾ ਸਿੰਘ, ਬਜਾਜੀ ਯੂਨੀਅਨ ਕਾਲਾ ਸੰਤੂ ਵਾਲਾ ਅਤੇ ਹੋਰ ਵੀ ਕਈ ਲੋਕਾਂ ਨੇ ਕਿਹਾ ਕਿ ਮਨੁੱਖ ਲਈ ਪਹਿਲਾਂ ਜੀਵਨ ਹੈ ਅਤੇ ਬਾਕੀ ਕੰਮ ਬਾਅਦ ਵਿੱਚ ਹਨ। ਉਨ੍ਹਾਂ ਕਿਹਾ ਕਿ ਮਨਸੂਰਵਾਲ ਕਲਾਂ ਦੀ ਸ਼ਰਾਬ ਫੈਕਟਰੀ ਵੱਲੋਂ ਲੰਬੇ ਸਮੇਂ ਤੋਂ ਧਰਤੀ ਦੇ ਪਾਣੀ ਨੂੰ ਗੰਦਾ ਕੀਤਾ ਜਾ ਰਿਹਾ ਹੈ, ਜੋ ਜੀਵਨ ਲਈ ਹਾਨੀਕਾਰਕ ਹੈ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਅਕਤੀ ਜਾਂ ਸੰਸਥਾ ਨੂੰ ਕੁਦਰਤੀ ਸੋਮਿਆਂ ਨਾਲ ਖਿਲਵਾੜ ਨਹੀ ਕਰਨ ਦਿੱਤਾ ਜਾਵੇਗਾ ਅਤੇ ਸ਼ਰਾਬ ਫੈਕਟਰੀ ਨੂੰ ਬੰਦ ਕਰਵਾਉਣ ਦੀ ਮੰਗ ਲਈ ਇਹ ਸੰਯੁਕਤ ਮੋਰਚੇ ਦੇ ਨਾਲ ਖੜੇ ਹਨ ਤੇ ਅੱਗੇ ਵੀ ਖੜੇ ਰਹਿਣਗੇ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਇਸ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਜਾਵੇ ਅਤੇ ਸ਼ਰਾਬ ਫੈਕਟਰੀ ਨੂੰ ਪਹਿਲ ਦੇ ਆਧਾਰ ’ਤੇ ਬੰਦ ਕਰਵਾਇਆ ਜਾਵੇ।
ਸ਼ਰਾਬ ਫੈਕਟਰੀ ਦੇ ਕਰਮਚਾਰੀ ਫੈਕਟਰੀ ਖੋਲ੍ਹਣ ਦੀ ਕਰ ਰਹੇ ਮੰਗ
ਦੂਜੇ ਪਾਸੇ ਫੈਕਟਰੀ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਕਿਸਾਨਾਂ ਤੇ ਲੋਕਾਂ ਦੇ ਸਾਹਮਣੇ ਆਪਣਾ ਧਰਨਾ ਲਗਾ ਕੇ ਬੈਠੇ ਹਨ, ਜਿਨ੍ਹਾਂ ਦਾ ਕਹਿਣਾ ਹੈ ਕਿ ਫੈਕਟਰੀ ਨੂੰ ਸ਼ੁਰੂ ਕਰਵਾਇਆ ਜਾਵੇ, ਕਿਉਂਕਿ ਫੈਕਟਰੀ ਧਰਤੀ ਦਾ ਪਾਣੀ ਗੰਦਾ ਨਹੀ ਕਰ ਰਹੀ। ਇਸ ਫੈਕਟਰੀ ਦੇ ਚੱਲਣ ਨਾਲ ਹੀ ਉਨ੍ਹਾਂ ਦੇ ਪਰਿਵਾਰਾਂ ਦਾ ਪਾਲਣ ਪੋਸ਼ਣ ਹੋ ਰਿਹਾ ਹੈ, ਕਿਉਂਕਿ ਉਨ੍ਹਾਂ ਸਾਰਿਆਂ ਦਾ ਰੁਜ਼ਗਾਰ ਫੈਕਟਰੀ ਨਾਲ ਜੁੜਿਆ ਹੋਇਆ ਹੈ, ਜੇਕਰ ਫੈਕਟਰੀ ਬੰਦ ਹੋ ਜਾਵੇਗੀ ਤਾਂ ਉਨ੍ਹਾਂ ਦੇ ਪਰਿਵਾਰਾਂ ਦੇ ਲਈ ਭੁੱਖ ਮਰੀ ਦੀ ਸਮੱਸਿਆ ਪੈਦਾ ਹੋ ਜਾਵੇਗੀ।
ਧਰਨੇ ਵਾਲੀ ਥਾਂ 'ਤੇ ਦਿਨ-ਰਾਤ ਪਹਿਰਾ ਦੇ ਰਹੇ ਪ੍ਰਸ਼ਾਸਨਿਕ ਅਧਿਕਾਰੀ
ਦੱਸ ਦੇਈਏ ਕਿ ਕਿਸਾਨਾਂ, ਪਿੰਡ ਵਾਸੀਆਂ ਤੋਂ ਇਲਾਵਾ ਫੈਕਟਰੀ ਸੰਚਾਲਕ ਤੇ ਕਰਮਚਾਰੀਆਂ ਵਿੱਚ ਚੱਲ ਰਹੇ ਵਿਵਾਦ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਸ ਪ੍ਰਸ਼ਾਸਨ ਦੇ ਅਧਿਕਾਰੀ ਐੱਸ.ਡੀ.ਐੱਮ. ਇੰਦਰਪਾਲ ਤੇ ਡੀ.ਐੱਸ.ਪੀ. ਪਲਵਿੰਦਰ ਸਿੰਘ ਦੀ ਅਗਵਾਈ ਹੇਠ ਧਰਨਾ ਸਥਾਨ ’ਤੇ ਡਟੇ ਹੋਏ ਹਨ, ਤਾਂ ਕਿ ਕਿਸੇ ਵੀ ਅਣਹੋਣੀ ਘਟਨਾ ਨੂੰ ਹੋਣ ਤੋਂ ਪਹਿਲਾਂ ਰੋਕਿਆ ਜਾ ਸਕੇ। ਅਧਿਕਾਰੀਆਂ ਦਾ ਕਹਿਣਾ ਹੈ ਕਿ ਕਿਸੇ ਨੂੰ ਵੀ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣ ਦੀ ਇਜਾਜ਼ਤ ਨਹੀ ਦਿੱਤੀ ਜਾਵੇਗੀ ਤੇ ਹਰ ਹਾਲ ਵਿੱਚ ਖੇਤਰ ਵਿੱਚ ਕਾਨੂੰਨ ਵਿਵਸਥਾ ਨੂੰ ਬਹਾਲ ਰੱਖਿਆ ਜਾਵੇਗਾ।
ਨੋਟ- ਇਸ ਖ਼ਬਰ ਸੰਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।