ਡਾ. ਭੀਮ ਰਾਓ ਅੰਬੇਡਕਰ ਜੀ ਦੀ ਮੂਰਤੀ ਨੂੰ ਹਟਾਉਣ ਦੇ ਵਿਰੋਧ ''ਚ ਰੋਸ ਪ੍ਰਦਰਸ਼ਨ
Wednesday, Aug 02, 2017 - 07:28 AM (IST)
ਜਲੰਧਰ, (ਮਾਹੀ)- ਪਿਛਲੇ ਦਿਨੀਂ ਫਿਲੌਰ ਦੇ ਪਿੰਡ ਨੰਗਲ ਵਿਚ ਲਾਈ ਡਾ. ਭੀਮ ਰਾਓ ਅੰਬੇਡਕਰ ਜੀ ਦੀ ਮੂਰਤੀ ਨੂੰ ਬੀ. ਡੀ. ਪੀ. ਓ. ਵੱਲੋਂ ਹਟਾਉਣ ਦੇ ਦਿੱਤੇ ਗਏ ਕਥਿਤ ਮੌਖਿਕ ਨਿਰਦੇਸ਼ਾਂ ਨੂੰ ਲੈ ਕੇ ਦਲਿਤ ਸਮਾਜ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਡਾ. ਭੀਮ ਰਾਓ ਅੰਬੇਡਕਰ ਯੂਥ ਕਲੱਬ ਮਕਸੂਦਾਂ ਦੇ ਭਾਰੀ ਗਿਣਤੀ ਵਿਚ ਇਕੱਠੇ ਹੋਏ ਮੈਂਬਰਾਂ ਨੇ ਸ੍ਰੀ ਗੁਰੂ ਰਵਿਦਾਸ ਨਗਰ ਮੁਹੱਲੇ ਵਿਚ ਜਮ ਕੇ ਰੋਸ ਪ੍ਰਦਰਸ਼ਨ ਕੀਤਾ। ਇਸ ਦੌਰਾਨ ਸਰਕਾਰ ਵਿਰੋਧੀ ਨਾਅਰੇ ਲਾਏ ਗਏ।
ਆਪਣੇ ਸੰਬੋਧਨ ਵਿਚ ਦਲਿਤ ਨੇਤਾਵਾਂ ਨੇ ਕਿਹਾ ਕਿ ਕੁਝ ਲੋਕ ਪੰਜਾਬ ਦੀ ਸ਼ਾਂਤੀ ਨੂੰ ਜਾਣਬੁੱਝ ਕੇ ਭੰਗ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਬੀ. ਡੀ. ਪੀ. ਓ. ਵੱਲੋਂ ਮੂਰਤੀ ਹਟਾਉਣ ਦੇ ਦਿੱਤੇ ਕਥਿਤ ਮੌਖਿਕ ਨਿਰਦੇਸ਼ਾਂ ਨਾਲ ਦਲਿਤ ਸਮਾਜ ਦੇ ਹਿਰਦਿਆਂ ਨੂੰ ਭਾਰੀ ਠੇਸ ਪਹੁੰਚੀ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜੇਕਰ ਉਕਤ ਬੀ. ਡੀ. ਪੀ. ਓ. ਖਿਲਾਫ ਕੋਈ ਠੋਸ ਕਦਮ ਨਾ ਚੁੱਕਿਆ ਗਿਆ ਤਾਂ ਆਉਣ ਵਾਲੇ ਸਮੇਂ ਵਿਚ ਪੰਜਾਬ ਦੇ ਦਲਿਤ ਸਮਾਜ ਨੂੰ ਸੜਕਾਂ 'ਤੇ ਮਜਬੂਰਨ ਉਤਰਨਾ ਪਵੇਗਾ, ਜਿਸ ਦੀ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।
ਰੋਸ ਪ੍ਰਦਰਸ਼ਨ ਕਰਨ ਵਾਲਿਆਂ ਡਾ. ਬੀ. ਆਰ. ਅੰਬੇਡਕਰ ਯੂਥ ਕਲੱਬ ਦੇ ਪ੍ਰਧਾਨ ਸੁਖਵਿੰਦਰ ਜੱਸਲ, ਹਨੀ ਵਿਰਦੀ, ਅਜੈ ਚੁੰਬਰ, ਆਕਾਸ਼ ਚੁੰਬਰ, ਲੱਕੀ, ਮਨੋਜ ਕੁਮਾਰ, ਦਵਿੰਦਰ ਜੱਸਲ, ਮਨਪ੍ਰੀਤ, ਸੁਭਾਸ਼, ਤਿਲਕ ਰਾਜ, ਪੰਕਜ ਚੁੰਬਰ, ਕਮਲ ਚੁੰਬਰ, ਰਾਮਾ ਪ੍ਰਧਾਨ (ਸ੍ਰੀ ਗੁਰੂ ਰਵਿਦਾਸ ਮੰਦਰ) ਤੇ ਭਗਵਾਨ ਵਾਲਮੀਕਿ ਸਭਾਵਾਂ ਤੇ ਸ੍ਰੀ ਗੁਰੂ ਰਵਿਦਾਸ ਸਭਾਵਾਂ ਦੇ ਮੈਂਬਰ ਆਦਿ ਸ਼ਾਮਲ ਸਨ।
