ਪੈਟਰੋਲ-ਡੀਜ਼ਲ ਤੇ ਘਰੇਲੂ ਗੈਸ ਦੀਆਂ ਵੱਧ ਰਹੀਆਂ ਕੀਮਤਾਂ ਖ਼ਿਲਾਫ਼ ਰੋਸ ਪ੍ਰਦਰਸ਼ਨ, ਦਿੱਤੀ ਚਿਤਾਵਨੀ
Thursday, Jul 08, 2021 - 05:49 PM (IST)
ਫਿਰੋਜ਼ਪੁਰ (ਹਰਚਰਨ,ਬਿੱਟੂ, ਕੁਮਾਰ) : ਸੰਯੁਕਤ ਕਿਸਾਨ ਮੋਰਚੇ ਦੀ ਕਾਲ ’ਤੇ ਕੇਂਦਰ ਸਰਕਾਰ ਵੱਲੋਂ ਪੈਟਰੋਲ-ਡੀਜ਼ਲ ਤੇ ਘਰੇਲੂ ਗੈਸ ਦੀਆਂ ਤੇਜ਼ੀ ਨਾਲ ਵਧਾਈਆਂ ਜਾ ਰਹੀਆਂ ਕੀਮਤਾਂ ਦੇ ਵਿਰੋਧ ’ਚ ਅੱਜ ਵੱਖ-ਵੱਖ ਕਿਸਾਨ ਜੱਥੇਬੰਦੀਆਂ ਨੇ ਫਿਰੋਜ਼ਪੁਰ ਛਾਉਣੀ ਦੀ ਚੁੰਗੀ ਨੰ: 7 ਸਮੇਤ ਜ਼ਿਲ੍ਹਾ ਭਰ ਵਿਚ 22 ਵੱਖ-ਵੱਖ ਸੜਕਾਂ ’ਤੇ ਰੋਸ ਪ੍ਰਦਰਸ਼ਨ ਕੀਤੇ ਅਤੇ ਕੇਂਦਰ ਸਰਕਾਰ ਦੇ ਖ਼ਿਲਾਫ਼ ਜਮ ਕੇ ਨਾਅਰੇਬਾਜ਼ੀ ਕੀਤੀ। ਕਿਸਾਨਾ ਨੇ ਅੱਜ ਕਿਤੇ ਵੀ ਟੈ੍ਰਫਿਕ ਜਾਮ ਨਹੀ ਕੀਤਾ, ਬਲਕਿ ਵੱਖ ਵੱਖ ਜਗ੍ਹਾ ’ਤੇ ਆਪਣੇ ਆਪਣੇ ਵਾਹਨ ਖੜੇ ਕਰਕੇ ਲਗਾਤਾਰ 5 ਮਿੰਟ ਤੱਕ ਹਾਰਨ ਵਜਾ ਕੇ ਕੇਂਦਰ ਸਰਕਾਰ ਨੂੰ ਕੁੰਭਕਰਨ ਦੀ ਨੀਂਦ ਤੋਂ ਜਗਾਉਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਲਗਾਤਾਰ ਪੈਟਰੋਲ-ਡੀਜ਼ਲ ਤੇ ਘਰੇਲੂ ਗੈਸ ਦੀਆਂ ਕੀਮਤਾਂ ਵਧਾ ਕੇ ਦੇਸ਼ ਵਿਚ ਮਹਿੰਗਾਈ ਵਧਾ ਰਹੀ ਹੈ, ਜਿਸ ਕਾਰਨ ਆਮ ਲੋਕਾਂ ਦੇ ਲਈ 2 ਸਮੇਂ ਦੀ ਰੋਟੀ ਪੂਰੀ ਕਰ ਪਾਉਣਾ ਵੀ ਬਹੁਤ ਮੁਸ਼ਕਿਲ ਹੋ ਗਿਆ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਤੋਂ ਪੈਟਰੋਲ-ਡੀਜ਼ਲ ਤੇ ਗੈਸ ਦੀਆਂ ਕੀਮਤਾਂ ਘੱਟ ਕਰਨ ਅਤੇ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਤੇਲ ’ਤੇ ਲਗਾਏ ਜਾ ਰਹੇ ਟੈਕਸਾਂ ਨੂੰ ਖਤਮ ਕਰਦੇ ਲੋਕਾਂ ਨੂੰ ਰਾਹਤ ਦੇਣ ਦੀ ਮੰਗ ਕੀਤੀ ਅਤੇ ਕਿਹਾ ਕਿ ਜੇਕਰ ਸਰਕਾਰ ਨੇ ਲਗਾਤਾਰ ਮਹਿੰਗਾਈ ਵਧਾਉਣ ਦੀ ਪ੍ਰਥਾ ਇਸੇ ਤਰ੍ਹਾਂ ਜਾਰੀ ਰੱਖੀ ਤਾਂ ਕਿਸਾਨਾ ਦੇ ਨਾਲ ਨਾਲ ਮਜਬੂਰ ਹੋ ਕੇ ਆਮ ਲੋਕ ਵੀ ਸੜਕਾਂ ’ਤੇ ਉਤਰਨ ਲਈ ਮਜਬੂਰ ਹੋ ਜਾਣਗੇ।
ਇਹ ਵੀ ਪੜ੍ਹੋ : ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਲੈ ਕੇ ਸਿੱਖਿਆ ਮੰਤਰੀ ਦਾ ਵੱਡਾ ਬਿਆਨ
ਦੱਸਣਯੋਗ ਹੈ ਕਿ ਅੱਜ ਪਿੰਡ ਝੋਕ ਹਰੀ ਹਰ ਵਿਖੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਭਾਰਤੀ ਕਿਸਾਨ ਯੂਨੀਅਨ ਸਿਧੂ ਪੁਰ ਦੀ ਅਗਵਾਈ ਹੇਠ ਝੋਕ ਹਰੀ ਹਰ ਵਿਖੇ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਰਾਜ ਸਿੰਘ ਮਹਿਮਾ, ਗੁਰਮੀਤ ਸਿੰਘ ਮਹਿਮਾ, ਕੁਲਦੀਪ ਸਿੰਘ ਮਹਿਮਾ ਮੇਜਰ ਸਿੰਘ ਝੋਕ ਹਰੀ ਹਰ ਆਦਿ ਹਾਜ਼ਰ ਸਨ। ਇਸ ਮੌਕੇ ਹਰਵਿੰਦਰ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਡੀਜ਼ਲ 96 ਰੁਪਏ ਅਤੇ ਪੈਟਰੋਲ 100 ਤੋਂ ਉਪਰ ਅਤੇ ਸਰੋਂ ਦਾ ਤੇਲ 200 ਰੁਪਏ ਕਿਲੋ ਹੋ ਗਿਆ ਅਤੇ ਹੋਰ ਰੋਜ਼ਾਨਾ ਦੀਆਂ ਵਰਤੋਂ ਵਾਲੀਆਂ ਚੀਜਾ ਮਹਿੰਗਾਈ ਕਰਕੇ ਹਰ ਵਰਗ ਤੋਂ ਦੂਰ ਹੁੰਦੀਆਂ ਜਾ ਰਹੀਆਂ ਹਨ। ਇਨ੍ਹਾਂ ਨੇ ਅੱਜ ਸਰਕਾਰ ਨੂੰ ਚਿਤਾਵਨੀ ਦਿਤੀ ਹੈ ਜੇਕਰ ਡੀਜ਼ਲ, ਪੈਟਰੋਲ ਅਤੇ ਹੋਰ ਵਸਤੂਆਂ ਦੇ ਰੇਟ ਘੱਟ ਨਾ ਕੀਤੇ ਤਾਂ ਸੰਘਰਸ਼ ਨੂੰ ਤੇਜ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਦੀ ਹੋਵੇਗੀ।
ਇਹ ਵੀ ਪੜ੍ਹੋ : ਸਹੀ ਜਾਂਚ ਲਈ ਸੁਮੇਧ ਸੈਣੀ ਤੇ ਚਰਨਜੀਤ ਸ਼ਰਮਾ ਸਮੇਤ ਬਾਦਲਾਂ ਦਾ ਨਾਰਕੋ ਟੈਸਟ ਵੀ ਜਰੂਰੀ : ‘ਆਪ’
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ