ਭਾਰਤੀ ਮਜ਼ਦੂਰ ਸੰਘ ਦੀਆਂ 60 ਯੂਨੀਅਨਾਂ ਘੇਰਿਆ ਮਿੰਨੀ ਸਕੱਤਰੇਤ

Friday, Jun 23, 2017 - 07:35 AM (IST)

ਪਟਿਆਲਾ  (ਜੋਸਨ) - ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸ਼ਹਿਰ ਵਿਚ ਵੀਰਵਾਰ ਸਾਰਾ ਦਿਨ ਧਰਨਿਆਂ ਦੀ ਗੂੰਜ ਰਹੀ। ਭਾਰਤੀ ਮਜ਼ਦੂਰ ਸੰਘ, ਕਿਸਾਨ, ਪੈਨਸ਼ਨਰਜ਼ ਅਤੇ ਦਰਜਾ ਚਾਰ ਮੁਲਾਜ਼ਮਾਂ ਨੇ ਵੱਖਰੇ-ਵੱਖਰੇ ਧਰਨੇ ਠੋਕ ਕੇ ਜਿੱਥੇ ਆਪਣੀਆਂ ਮੰਗਾਂ ਨੂੰ ਪੂਰਾ ਕਰਨ ਦੀ ਮੰਗ ਕੀਤੀ, ਉਥੇ ਇਹ ਦੱਸ ਦਿੱਤਾ ਕਿ ਇਹ ਸੀ. ਐੱਮ. ਸਿਟੀ ਹੈ। ਇੱਥੇ ਹੁਣ ਧਰਨਿਆਂ ਦਾ ਦੌਰ ਜਾਰੀ ਰਹੇਗਾ। ਅੱਜ ਭਾਰਤੀ ਮਜ਼ਦੂਰ ਸੰਘ ਪਟਿਆਲਾ ਦੀਆਂ 60 ਯੂਨੀਅਨਾਂ ਵੱਲੋਂ ਮਿੰਨੀ ਸਕੱਤਰੇਤ ਘੇਰਦਿਆਂ ਡੀ. ਸੀ. ਦਫਤਰ ਵਿਖੇ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਜ਼ਿਲਾ ਪ੍ਰਧਾਨ ਪਵਿੱਤਰ ਸਿੰਘ ਦੀ ਅਗਵਾਈ ਹੇਠ ਵਿਸ਼ਾਲ ਧਰਨਾ ਲਾਇਆ ਗਿਆ। ਇਸ ਮੌਕੇ ਸੂਬਾ ਪ੍ਰਧਾਨ ਸੁਖਮਿੰਦਰ ਸਿੰਘ ਡਿੱਕੀ ਨੇ ਕਿਹਾ ਕਿ ਕੇਂਦਰ ਸਰਕਾਰ ਨੀਤੀ ਆਯੋਗ ਨੂੰ ਭੰਗ ਕੀਤਾ ਜਾਵੇ। ਨਗਰ ਨਿਗਮਾਂ-ਕੌਂਸਲਾਂ ਵਿਚ ਕੰਮ ਕਰ ਰਹੇ ਕਰਮਚਾਰੀਆਂ ਦੀਆਂ ਮੰਗਾਂ ਪਿਛਲੇ ਕਾਫੀ ਸਮੇਂ ਤੋਂ ਲਟਕਦੀਆਂ ਆ ਰਹੀਆ ਹਨ, ਜਿਸ ਕਰ ਕੇ ਉਨ੍ਹਾਂ ਵਿਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਧਰਨੇ ਤੋਂ ਬਾਅਦ ਮੰਗਾਂ ਪ੍ਰਤੀ ਡਿਪਟੀ ਕਮਿਸ਼ਨਰ ਨੂੰ ਮੰਗ-ਪੱਤਰ ਦਿੱਤਾ ਗਿਆ। ਇਸ ਮੌਕੇ ਮਿਊਂਸੀਪਲ ਵਰਕਰ ਯੂਨੀਅਨ, ਟੈਕਨੀਕਲ ਇੰਪਲਾਈਜ਼ ਯੂਨੀਅਨ, ਨਗਰ-ਪਾਲਿਕਾ ਕਰਮਚਾਰੀ ਮਹਾਸੰਘ, ਸਫਾਈ ਸੇਵਕ, ਠੇਕਾ ਸਫਾਈ ਕਰਮਚਾਰੀ ਯੂਨੀਅਨ, ਟੀ. ਆਈ. ਈ. ਟੀ. ਇੰਪਲਾਈਜ਼ ਐਸੋਸੀਏਸ਼ਨ, ਕੰਟਰੈਕਟ ਵਰਕਰਜ਼ ਯੂਨੀਅਨ ਥਾਪਰ ਯੂਨੀਵਰਸਿਟੀ, ਸਫਾਈ ਮਜ਼ਦੂਰ ਸੰਘ ਮਿਲਟਰੀ ਏਰੀਆ ਪਟਿਆਲਾ, ਸਫਾਈ ਮਜ਼ਦੂਰ ਸੰਘ ਸਨੌਰ, ਰਿਕਸ਼ਾ ਮਜ਼ਦੂਰ ਯੂਨੀਅਨ ਪਟਿਆਲਾ, ਆਂਗਣਵਾੜੀ ਅਤੇ ਸਹਾਇਤ ਸੰਘ ਪਟਿਆਲਾ, ਟੈਕਨੀਕਲ ਯੂਨੀਅਨ ਨਾਭਾ, ਸਫਾਈ ਮਜ਼ਦੂਰ ਸੰਘ ਰਾਜਪੁਰਾ, ਪੀ. ਡਬਲਯੂ. ਡੀ. ਲੇਬਰ ਯੂਨੀਅਨ ਸਮਾਣਾ ਅਤੇ ਹੋਰ ਕਈ ਯੂਨੀਅਨਾਂ ਦੇ ਸਮੂਹ ਕਰਮਚਾਰੀ ਹਾਜ਼ਰ ਸਨ। ਇਸੇ ਤਰ੍ਹਾਂ ਕਿਸਾਨਾਂ ਨੇ ਅੱਜ ਰੋਸ ਪ੍ਰਦਰਸ਼ਨ ਕਰ ਕੇ ਕਾਂਗਰਸ ਸਰਕਾਰ ਵੱਲੋਂ ਮੁਆਫ ਕੀਤੇ ਕਰਜ਼ੇ ਨੂੰ ਰੱਦ ਕਰ ਦਿੱਤਾ ਹੈ।


Related News