ਪੰਜਾਬ ਦੀਆਂ ਔਰਤਾਂ ਲਈ Good News! CM ਮਾਨ ਨੇ ਕਰ 'ਤਾ ਵੱਡਾ ਐਲਾਨ
Tuesday, Nov 19, 2024 - 02:41 PM (IST)
ਸੰਗਰੂਰ (ਵੈੱਬ ਡੈਸਕ): ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ 'ਪਹਿਲ' ਸਕੀਮ ਤਹਿਤ ਹੁਣ ਪੰਜਾਬ ਪੁਲਸ ਦੀਆਂ ਵਰਦੀਆਂ ਔਰਤਾਂ ਦੇ ਸਵੈ ਸੇਵੀ ਗਰੁੱਪਾਂ ਕੋਲੋਂ ਸਵਾਈਆਂ ਜਾਣਗੀਆਂ। ਇਹ ਯੋਜਨਾ ਔਰਤਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਦੇ ਮੰਤਵ ਨਾਲ ਸ਼ੁਰੂ ਕੀਤੀ ਗਈ ਸੀ। ਇਸ ਤੋਂ ਪਹਿਲਾਂ ਇਸ ਯੋਜਨਾ ਤਹਿਤ ਔਰਤਾਂ ਦੇ ਸਵੈ ਸੇਵੀ ਗਰੁੱਪਾਂ ਵੱਲੋਂ ਸਕੂਲੀ ਵਿਦਿਆਰਥੀਆਂ ਦੀਆਂ ਵਰਦੀਆਂ ਤਿਆਰ ਕੀਤੀਆਂ ਜਾ ਰਹੀਆਂ ਸਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬੀਆਂ ਨੂੰ ਮਿਲਣਗੇ ਢਾਈ-ਢਾਈ ਲੱਖ ਰੁਪਏ, ਜਾਣੋ ਕੀ ਨੇ ਸ਼ਰਤਾਂ
ਅੱਜ ਸੰਗਰੂਰ ਦੇ ਪਿੰਡ ਲੱਡਾ ਕੋਠੀ ਵਿਖੇ ਪੰਚਾਇਤਾਂ ਦੇ ਨਵੇਂ ਚੁਣੇ ਗਏ ਪੰਚਾਂ ਦੇ ਸਹੁੰ ਚੁੱਕ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਨ੍ਹਾਂ ਪੰਚਾਂ ਦਾ 50 ਫ਼ੀਸਦੀ ਹਿੱਸਾ ਮਾਵਾਂ-ਭੈਣਾਂ ਹਨ, ਜੋ ਬੜੀ ਚੰਗੀ ਗੱਲ ਹੈ। ਜੇ ਇਨ੍ਹਾਂ ਬਿਨਾਂ ਘਰ ਨਹੀਂ ਚੱਲ ਸਕਦਾ ਤਾਂ ਦੇਸ਼ ਵੀ ਨਹੀਂ ਚੱਲ ਸਕਦਾ। ਇਸ ਮੌਕੇ ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਕ ਪਾਇਲਟ ਪ੍ਰਾਜੈਕਟ ਵਜੋਂ ਅਕਾਲਗੜ੍ਹ ਤੋਂ 'ਪਹਿਲ' ਯੋਜਨਾ ਸ਼ੁਰੂ ਕੀਤੀ ਗਈ ਸੀ। ਉੱਥੇ ਪੰਚਾਇਤ ਘਰ ਵਿਚ ਮਸ਼ੀਨਾਂ ਰੱਖ ਕੇ ਮਾਵਾਂ-ਭੈਣਾਂ ਦਾ ਸੈਲਫ਼ ਹੈਲਪ ਗਰੁੱਪ ਬਣਾਇਆ ਸੀ। ਉਨ੍ਹਾਂ ਨੂੰ ਸਰਕਾਰੀ ਸਕੂਲਾਂ ਦੇ ਬੱਚਿਆਂ ਦੀਆਂ ਵਰਦੀਆਂ ਸਿਉਣ ਲਈ ਦਿੱਤੀਆਂ ਜਾਂਦੀਆਂ ਸਨ ਤੇ ਸਰਕਾਰੀ ਸਕੂਲਾਂ ਨੂੰ ਸਪਲਾਈ ਕੀਤੀਆਂ ਜਾਂਦੀਆਂ ਸਨ। ਔਰਤਾਂ ਚਾਹੁਣ ਤਾਂ ਮਸ਼ੀਨਾਂ ਲੈ ਕੇ ਘਰ ਵੀ ਜਾ ਸਕਦੀਆਂ ਸਨ। ਉਨ੍ਹਾਂ ਕਿਹਾ ਕਿ ਜਦੋਂ ਇਹ ਕਾਮਯਾਬ ਰਿਹਾ ਤਾਂ ਇਸ ਯੋਜਨਾ ਨੂੰ ਸਾਰੇ ਪੰਜਾਬ ਵਿਚ ਲਿਜਾਇਆ ਗਿਆ। ਉਨ੍ਹਾਂ ਦੱਸਿਆ ਕਿ 1800 ਤੋਂ ਵੱਧ ਔਰਤਾਂ ਨੂੰ ਸਿਖਲਾਈ ਦਿੱਤੀ ਗਈ ਤੇ ਉਨ੍ਹਾਂ ਨੇ 80 ਹਜ਼ਾਰ ਸਕੂਲੀ ਵਰਦੀਆਂ ਬਣਾ ਕੇ ਸਾਢੇ 4 ਕਰੋੜ ਰੁਪਏ ਕਮਾ ਲਏ। ਇਸ ਮਗਰੋਂ ਪ੍ਰਾਈਵੇਟ ਸਕੂਲ ਵੀ ਇਸ ਯੋਜਨਾ ਨਾਲ ਜੁੜ ਗਏ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵੀ ਆਨਲਾਈਨ ਹੋਵੇਗੀ ਪੜ੍ਹਾਈ, ਕੱਲ ਤੋਂ ਹੀ ਸ਼ੁਰੂ ਹੋਣਗੀਆਂ ਕਲਾਸਾਂ
ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹੁਣ ਅਸੀਂ ਪੰਜਾਬ ਪੁਲਸ ਦੀਆਂ ਵਰਦੀਆਂ ਵੀ ਇਨ੍ਹਾਂ ਔਰਤਾਂ ਕੋਲ ਲੈ ਕੇ ਜਾ ਰਹੇ ਹਾਂ। ਪੁਲਸ ਜਵਾਨਾਂ ਦਾ ਨਾਪ ਤੇ ਹੋਰ ਵੇਰਵੇ ਔਰਤਾਂ ਨੂੰ ਦਿੱਤੇ ਜਾਣਗੇ ਤੇ ਉਨ੍ਹਾਂ ਨੂੰ ਵਰਦੀਆਂ ਸਿਉਣ ਦਾ ਕੰਮ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਚੀਨ ਦੀ ਤਰੱਕੀ ਦਾ ਇਹੋ ਕਾਰਨ ਹੈ ਕਿ ਉੱਥੇ ਪਿੰਡਾਂ ਦੇ ਵਿਚ ਔਰਤਾਂ ਕੰਮ ਕਰ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕੰਮਾਂ ਵਿਚ ਔਰਤਾਂ ਮਾਹਰ ਹਨ, ਉਨ੍ਹਾਂ ਕੰਮਾਂ ਨੂੰ ਜੇਕਰ ਕਮਰਸ਼ੀਅਲ ਕਰ ਦੇਈਏ ਤਾਂ ਇਹ ਬਹੁਤ ਲਾਹੇਵੰਦ ਸਾਬਿਤ ਹੋ ਸਕਦਾ ਹੈ। ਔਰਤਾਂ ਦੀ ਕਲਾ ਨੂੰ ਹੱਲਾਸ਼ੇਰੀ ਦੇਣ ਦੀ ਲੋੜ ਹੈ। ਉਨ੍ਹਾਂ ਨੇ ਨਵੇਂ ਚੁਣੇ ਪੰਚਾਂ ਨੂੰ ਕਿਹਾ ਕਿ ਜੇ ਉਨ੍ਹਾਂ ਨੇ ਵੀ ਪਿੰਡਾਂ ਵਿਚ ਅਜਿਹਾ ਗਰੁੱਪ ਬਣਾਉਣਾ ਹੈ ਤਾਂ ਪੰਚਾਇਤਾਂ ਮਤੇ ਪਾ ਕੇ ਦੇ ਦੇਣ। ਇਸ ਤੋਂ ਇਲਾਵਾ ਪਿੰਡਾਂ ਵਿਚ ਸਟੇਡੀਅਮ, ਲਾਇਬ੍ਰੇਰੀ, ਸਕੂਲਾਂ 'ਚ ਕਮਰੇ, ਬੈਂਚ, ਸੋਲਰ ਲਾਈਟਾਂ ਵਾਸਤੇ ਮਤੇ ਜ਼ਰੂਰ ਪਾਓ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8