ਨਾਜਾਇਜ਼ ਬੱਸਾਂ ਖਿਲਾਫ ਖੋਲ੍ਹਿਆ ਮੋਰਚਾ, ਸਥਿਤੀ ਤਣਾਅਪੂਰਨ

07/20/2017 6:24:20 AM

ਅੰਮ੍ਰਿਤਸਰ (ਛੀਨਾ) - ਸੂਬੇ 'ਚ ਨਾਜਾਇਜ਼ ਚੱਲ ਰਹੀਆਂ ਪ੍ਰਾਈਵੇਟ ਟਰਾਂਸਪੋਰਟ ਕੰਪਨੀਆਂ ਦੀਆਂ ਬੱਸਾਂ ਖਿਲਾਫ ਪੰਜਾਬ ਸਰਕਾਰ ਵੱਲੋਂ ਸਖਤੀ ਨਾਲ ਮੁਹਿੰਮ ਵਿੱਢੀ ਹੋਣ ਦੇ ਬਾਵਜੂਦ ਜ਼ਿਲਾ ਪ੍ਰਸ਼ਾਸਨ ਦੀ ਢਿੱਲੀ ਕਾਰਵਾਈ ਨੂੰ ਦੇਖਦੇ ਹੋਏ ਆਲ ਪ੍ਰਾਈਵੇਟ ਟਰਾਂਸਪੋਰਟ ਵਰਕਰਜ਼ ਯੂਨੀਅਨ ਏਟਕ ਤੇ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਏਟਕ ਦੇ ਨੁਮਾਇੰਦਿਆਂ ਨੇ ਹੁਣ ਇਨ੍ਹਾਂ ਬੱਸਾਂ ਦੀਆਂ ਬ੍ਰੇਕਾਂ ਲਵਾਉਣ ਲਈ ਮੋਰਚਾ ਸੰਭਾਲ ਲਿਆ ਹੈ। ਅੱਜ ਉਕਤ ਯੂਨੀਅਨਾਂ ਦੇ ਨੁਮਾਇੰਦਿਆਂ ਵੱਲੋਂ ਬੱਸ ਸਟੈਂਡ 'ਚੋਂ ਕੋਈ ਵੀ ਨਾਜਾਇਜ਼ ਬੱਸ ਨਾ ਚੱਲਣ ਦੇਣ ਦੇ ਕੀਤੇ ਗਏ ਐਲਾਨ ਨੂੰ ਦੇਖਦਿਆਂ ਜਿਥੇ ਬੱਸ ਟਰਾਂਸਪੋਰਟ ਕੰਪਨੀਆਂ ਦੇ ਮਾਲਕ ਤੇ ਉਨ੍ਹਾਂ ਦੇ ਕਰਿੰਦੇ ਪੂਰੇ ਚੌਕਸ ਦਿਖਾਈ ਦਿੱਤੇ, ਉਥੇ ਜ਼ਿਲਾ ਪੁਲਸ ਪ੍ਰਸ਼ਾਸਨ ਨੇ ਵੀ ਅਣਸੁਖਾਵੀਂ ਘਟਨਾਂ ਨੂੰ ਰੋਕਣ ਲਈ ਬੱਸ ਸਟੈਂਡ ਨੂੰ ਪੁਲਸ ਛਾਉਣੀ 'ਚ ਤਬਦੀਲ ਕੀਤਾ ਹੋਇਆ ਸੀ। ਅੱਜ ਦੇ ਘਟਨਾਕ੍ਰਮ ਨੂੰ ਲੈ ਕੇ ਸਵੇਰ 8 ਵਜੇ ਤੋਂ ਦੁਪਹਿਰ ਤੱਕ ਬੱਸ ਸਟੈਂਡ ਵਿਖੇ ਸਥਿਤੀ ਤਣਾਅਪੂਰਨ ਬਣੀ ਰਹੀ ਪਰ ਪੁਲਸ ਦੀ ਚੌਕਸੀ ਕਾਰਨ ਟਰਾਂਸਪੋਰਟਰਾਂ ਤੇ ਵਰਕਰਜ਼ ਯੂਨੀਅਨਾਂ ਦਰਮਿਆਨ ਹੋਣ ਵਾਲਾ ਟਕਰਾਅ ਟਲ ਗਿਆ।
ਇਸ ਮੌਕੇ ਆਲ ਪ੍ਰਾਈਵੇਟ ਟਰਾਂਸਪੋਰਟ ਵਰਕਰਜ਼ ਯੂਨੀਅਨ ਏਟਕ ਦੇ ਸੈਕਟਰੀ ਬਲਦੇਵ ਸਿੰਘ ਬੱਬੂ, ਪ੍ਰਧਾਨ ਦਿਲਬਾਗ ਸਿੰਘ ਤੇ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਏਟਕ ਡਿਪੂ ਨੰ. 2 ਦੇ ਪ੍ਰਧਾਨ ਅਮਰਜੀਤ ਸਿੰਘ ਲਾਹੌਰੀਆ ਨੇ ਸਾਂਝੇ ਤੌਰ 'ਤੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਿਨਾਂ ਰੂਟ ਪਰਮਿਟ ਤੋਂ ਚੱਲ ਰਹੀਆਂ ਨਾਜਾਇਜ਼ ਬੱਸਾਂ ਖਿਲਾਫ ਜੋ ਮੁਹਿੰਮ ਵਿੱਢੀ ਗਈ ਹੈ ਉਸ ਨੂੰ ਸਫਲ ਬਣਾਉਣ 'ਚ ਭਾਵੇਂ ਜ਼ਿਲਾ ਪ੍ਰਸ਼ਾਸਨ ਗੰਭੀਰ ਨਹੀਂ ਹੈ ਪਰ ਇਸ ਮੁਹਿੰਮ ਨੂੰ ਹੁਣ ਅਸੀਂ ਅਮਲੀਜਾਮਾ ਪਹਿਨਾ ਕੇ ਦਿਖਾਵਾਂਗੇ। ਇਸ ਮੌਕੇ ਵੱਡੀ ਗਿਣਤੀ 'ਚ ਮੌਜੂਦ ਉਕਤ ਯੂਨੀਅਨਾਂ ਦੇ ਨੁਮਾਇੰਦਿਆਂ ਨੇ ਜੀ. ਬੀ. ਐੱਸ. ਬੱਸ ਕੰਪਨੀ ਦੇ ਮਾਲਕਾਂ ਸਮੇਤ ਨਾਜਾਇਜ਼ ਬੱਸਾਂ ਚਲਾਉਣ ਵਾਲੇ ਸਮੂਹ ਟਰਾਂਸਪੋਰਟਰਾਂ ਖਿਲਾਫ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ।
ਇਸ ਮੌਕੇ ਰੋਸ ਪ੍ਰਦਰਸ਼ਨ ਕਰ ਰਹੇ ਕੁਲਵੰਤ ਸਿੰਘ ਘੁੱਕੇਵਾਲੀ, ਬਿਕਰਮਜੀਤ ਸਿੰਘ, ਸੱਜਣ ਸਿੰਘ, ਬਲਬੀਰ ਸਿੰਘ ਬੀਰਾ, ਲੱਖਾ ਸਿੰਘ ਮਾਝਾ, ਜਨਕ ਰਾਜ, ਗੁਰਿੰਦਰ ਸਿੰਘ ਹੇਰ, ਜਰਨੈਲ ਸਿੰਘ, ਇੰਸਪੈਕਟਰ ਪਰਮਜੀਤ ਸਿੰਘ, ਦਿਲਬਾਗ ਸਿੰਘ, ਜਰਨੈਲ ਸਿੰਘ ਗਿੱਲ, ਗੁਰਦੇਵ ਸਿੰਘ ਕੋਹਾਲਾ, ਕੰਵਲਜੀਤ ਸਿੰਘ ਲੇਲੀਆਂ, ਹਰਜੀਤ ਸਿੰਘ ਸੰਧੂ, ਤਰਸੇਮ ਸਿੰਘ ਭਿੱਖੀਵਿੰਡ, ਪਰਮਜੀਤ ਸਿੰਘ ਵਡਾਲੀ, ਧਰਮ ਸਿੰਘ ਬੂਹ, ਜਰਨੈਲ ਸਿੰਘ ਹੋਲੀ ਸਿਟੀ, ਤਜਿੰਦਰ ਸਿੰਘ, ਜਿੰਮਾ ਛੇਹਰਟਾ, ਪਿਆਰਾ ਸਿੰਘ, ਮੇਜਰ ਸਿੰਘ ਜੀ. ਬੀ. ਐੱਸ., ਗੁਲਜ਼ਾਰ ਸਿੰਘ, ਬਿੱਕਰ ਸਿੰਘ ਬੂਹ, ਬਿੰਦਰ ਸਿੰਘ ਛੇਹਰਟਾ, ਵਿਜੇ ਕੁਮਾਰ, ਦਿਲਜਾਨ ਸਿੰਘ, ਦਿਲਰਾਜ ਸਿੰਘ ਔਲਖ, ਜਗਰੂਪ ਸਿੰਘ, ਦਵਿੰਦਰ ਸਿੰਘ ਦਦਰਾਅ, ਲੱਖਾ ਸਿੰਘ, ਚੈਂਚਲ ਸਿੰਘ ਹੋਲੀ ਸਿਟੀ, ਹਰਜਿੰਦਰ ਸਿੰਘ ਤਰਨਤਾਰਨ, ਵਿਰਸਾ ਸਿੰਘ ਬੂਹ, ਦਇਆ ਸਿੰਘ ਬੂਹ, ਜਸਬੀਰ ਸਿੰਘ ਏ. ਬੀ. ਟੀ. ਸੀ. ਤੇ ਕੰਵਲਜੀਤ ਸਿੰਘ ਲਾਲ ਸਮੇਤ ਵੱਡੀ ਗਿਣਤੀ 'ਚ ਮੌਜੂਦ ਨੁਮਾਇੰਦਿਆਂ ਨੇ ਇਕਸੁਰ ਹੋ ਕੇ ਕਿਹਾ ਕਿ ਸਰਕਾਰ ਦੀ ਚੋਰੀ ਰੋਕਣ ਲਈ ਕੋਈ ਵਿਰਲਾ ਹੀ ਮੈਦਾਨ 'ਚ ਡਟਦਾ ਹੈ ਤੇ ਇਸ ਜ਼ਿੰਮੇਵਾਰੀ ਨੂੰ ਹੁਣ ਅਸੀਂ ਹਰ ਹੀਲੇ ਨਿਭਾਵਾਂਗੇ, ਚਾਹੇ ਸਾਨੂੰ ਕੁਰਬਾਨ ਹੀ ਕਿਉਂ ਨਾ ਹੋਣਾ ਪਵੇ ਪਰ ਅਸੀਂ ਮੈਦਾਨ ਛੱਡ ਕੇ ਨਹੀਂ ਭੱਜਾਂਗੇ।


Related News