ਅਧਿਆਪਕਾਂ ਵਲੋਂ ਡੀ. ਜੀ. ਐੱਸ. ਈ. ਦਫਤਰ ''ਚ ਧਰਨਾ

04/26/2018 7:22:38 AM

ਮੋਹਾਲੀ (ਨਿਆਮੀਆਂ) - ਅੱਜ ਐੱਸ. ਐੱਸ. ਏ./ਰਮਸਾ ਅਧਿਆਪਕ ਯੂਨੀਅਨ ਪੰਜਾਬ ਤੇ ਆਈ. ਈ. ਆਰ. ਟੀ. ਯੂਨੀਅਨ ਨੇ ਆਪਣੀਆਂ ਪੰਜ ਮਹੀਨਿਆਂ ਤੋਂ ਰੁਕੀਆਂ ਤਨਖਾਹਾਂ ਜਾਰੀ ਕਰਵਾਉਣ ਲਈ ਡੀ. ਜੀ. ਐੱਸ. ਈ. ਦਫਤਰ ਮੋਹਾਲੀ ਵਿਖੇ ਧਰਨਾ ਲਾਇਆ। ਇਸ ਮੌਕੇ ਸੂਬਾ ਸਕੱਤਰ ਹਰਜੀਤ ਸਿੰਘ ਜੀਦਾ ਨੇ ਦੱਸਿਆ ਕਿ ਐੱਸ. ਐੱਸ. ਏ./ਰਮਸਾ ਅਤੇ ਆਈ. ਈ. ਆਰ. ਟੀ. ਅਧੀਨ ਪੰਜਾਬ ਦੇ ਸਰਕਾਰੀ ਸਕੂਲਾਂ ਵਿਚ 9 ਸਾਲਾਂ ਤੋਂ ਆਪਣੀਆਂ ਸੇਵਾਵਾਂ ਨਿਭਾ ਰਹੇ 14000 ਅਧਿਆਪਕ ਲੰਮੇ ਸਮੇਂ ਤੋਂ ਤਨਖਾਹਾਂ ਨਾ ਮਿਲਣ ਕਾਰਨ ਆਰਥਿਕ ਤੇ ਮਾਨਸਿਕ ਤੰਗੀ ਦਾ ਸਾਹਮਣਾ ਕਰ ਰਹੇ ਹਨ। ਸੂਬਾ ਮੀਤ ਪ੍ਰਧਾਨ ਰਾਜਵੀਰ ਸਿੰਘ ਸਮਰਾਲਾ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਬੀਤੀ 6 ਅਪ੍ਰੈਲ ਨੂੰ ਅਧਿਆਪਕਾਂ ਦੇ ਇਕ ਮਾਸ ਡੈਪੂਟੇਸ਼ਨ ਰਾਹੀਂ ਡੀ. ਜੀ. ਐੱਸ. ਈ. ਪੰਜਾਬ ਪ੍ਰਸ਼ਾਂਤ ਗੋਇਲ ਨੂੰ ਇਕ ਰੋਸ ਪੱਤਰ ਵੀ ਸੌਂਪਿਆ ਸੀ, ਜਿਸ ਵਿਚ ਅਧਿਆਪਕਾਂ ਨੇ ਸਮੂਹ ਅਧਿਆਪਕਾਂ ਲਈ ਰੋਜ਼ੀ-ਰੋਟੀ ਲਈ ਦਾਲਾਂ, ਕਣਕ, ਚਾਵਲ ਲਈ ਫੂਡ ਸਪਲਾਈ ਵਿਭਾਗ ਤੋਂ ਪ੍ਰਬੰਧ ਕਰਵਾਉਣ, ਬੱਚਿਆਂ ਦੀਆਂ ਫੀਸਾਂ, ਸਟੇਸ਼ਨਰੀ ਲਈ ਯੋਗ ਫੰਡਾਂ ਦਾ ਪ੍ਰਬੰਧ ਕਰਨ, ਤਨਖਾਹ ਨਾ ਆਉਣ ਦੀ ਸੂਰਤ ਵਿਚ ਬਿਜਲੀ-ਪਾਣੀ-ਮੋਬਾਇਲਾਂ ਦੇ ਬਿੱਲ ਨਾ ਜਮ੍ਹਾ ਕਰਵਾਉਣ ਲਈ, ਬੈਂਕਾਂ ਤੋਂ ਹੋਮ ਲੋਨ ਤੇ ਹੋਰ ਤਰ੍ਹਾਂ ਦੇ ਲੋਨ ਦੀਆਂ ਕਿਸ਼ਤਾਂ ਟੁੱਟਣ 'ਤੇ ਬਿਨਾਂ ਪੈਨਲਟੀ ਬਾਅਦ ਵਿਚ ਜਮ੍ਹਾ ਕਰਵਾਉਣ ਆਦਿ ਲਈ ਦਿਸ਼ਾ-ਨਿਰਦੇਸ਼ ਦੇਣ ਲਈ, ਦਫਤਰ ਵਲੋਂ ਚਿੱਠੀਆਂ ਭੇਜਣ ਲਈ ਕਿਹਾ ਗਿਆ ਸੀ ਪਰ ਡੀ. ਜੀ. ਐੱਸ. ਈ. ਦਫਤਰ ਵਲੋਂ ਸਮੂਹ ਅਧਿਆਪਕਾਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਾ ਲੈਂਦੇ ਹੋਏ ਅਜੇ ਤਕ ਰੋਸ ਪੱਤਰ 'ਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ।
ਮੈਡਮ ਰੇਨੂੰ ਨੇ ਕਿਹਾ ਕਿ ਤਨਖਾਹ ਨਾ ਮਿਲਣ 'ਤੇ ਰੋਸ ਵਜੋਂ ਅੱਜ ਸਮੂਹ ਅਧਿਆਪਕਾਂ ਨੇ ਪੱਕੇ ਤੌਰ 'ਤੇ ਡੀ. ਜੀ. ਐੱਸ. ਈ. ਦਫਤਰ ਨੂੰ ਆਪਣਾ 'ਰੈਣ ਬਸੇਰਾ' ਬਣਾ ਲਿਆ ਹੈ । ਪ੍ਰਸ਼ਾਸਨ ਨੇ ਜਥੇਬੰਦੀ ਦੇ ਰੋਹ ਨੂੰ ਦੇਖਦੇ ਹੋਏ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨਾਲ ਮੀਟਿੰਗ ਕਰਵਾਈ । ਮੀਟਿੰਗ ਉਪਰੰਤ ਐੱਸ. ਡੀ. ਐੱਮ. ਨੇ ਧਰਨੇ ਵਿਚ ਆ ਕੇ ਭਰੋਸਾ ਦਿੱਤਾ ਕਿ ਤਿੰਨ ਦਿਨਾਂ ਬਾਅਦ ਅਧਿਆਪਕਾਂ ਦੀ ਚਾਰ ਮਹੀਨਿਆਂ ਦੀ ਤਨਖਾਹ ਰਿਲੀਜ਼ ਕਰ ਦਿੱਤੀ ਜਾਵੇਗੀ ਪਰ ਇਕ-ਇਕ ਮਹੀਨੇ ਦੀ ਤਨਖਾਹ ਤਿੰਨ-ਤਿੰਨ ਦਿਨਾਂ ਦੇ ਅੰਤਰਾਲ 'ਤੇ ਆਵੇਗੀ, ਜਿਸ 'ਤੇ ਜਥੇਬੰਦੀ ਨੇ ਆਪਣੇ ਫੈਸਲੇ ਅਨੁਸਾਰ 5ਵੀਂ ਮੰਜ਼ਿਲ ਤੋਂ ਧਰਨਾ ਚੁੱਕ ਕੇ ਦਫਤਰ ਦੇ ਬਾਹਰ ਪੱਕਾ ਧਰਨਾ ਲਾ ਲਿਆ ਤਾਂ ਫਿਰ ਪ੍ਰਸ਼ਾਸਨ ਆਪਣੀ ਗੱਲ ਤੋਂ ਪਿੱਛੇ ਹਟਦਾ ਨਜ਼ਰ ਆਇਆ । ਅਧਿਆਪਕਾਂ ਨੇ ਆਪਣੀਆਂ 5 ਮਹੀਨਿਆਂ ਦੀਆਂ ਰੁਕੀਆਂ ਤਨਖਾਹਾਂ ਜਾਰੀ ਕਰਵਾਉਣ ਲਈ ਧਰਨਾ ਲਾ ਦਿੱਤਾ ਅਤੇ ਕਿਹਾ ਕਿ ਤਨਖਾਹਾਂ ਨਾ ਮਿਲਣ ਤਕ ਇਹ ਧਰਨਾ ਜਾਰੀ ਰਹੇਗਾ।  ਇਸ ਮੌਕੇ ਅਮਨਦੀਪ ਦੱਧਾਹੂਰ, ਸਤਨਾਮ ਫਤਿਹਗੜ੍ਹ ਸਾਹਿਬ, ਸਰਵਣ ਸਿੰਘ ਮਾਣੂਕੇ, ਸੁਖਵਿੰਦਰ ਸਿੰਘ ਰੋਪੜ, ਭੁਪਿੰਦਰ ਸਿੰਘ ਦੁੱਗਲ ਆਦਿ ਹਾਜ਼ਰ ਸਨ ।


Related News