ਮੈਨੇਜਮੈਂਟ ਕਮੇਟੀ ਤੋਂ ਪ੍ਰਬੰਧ ਵਾਪਸ ਲੈਣ ਖਿਲਾਫ਼ ਜਥੇਬੰਦੀਆਂ ਵੱਲੋਂ ਰੋਸ ਮੁਜ਼ਾਹਰਾ
Thursday, Feb 08, 2018 - 08:02 AM (IST)

ਫ਼ਰੀਦਕੋਟ (ਹਾਲੀ) - ਆਦਰਸ਼ ਸਕੂਲ ਵਿਰੋਧੀ ਐਕਸ਼ਨ ਕਮੇਟੀ ਨੇ ਇੱਥੇ ਮਿੰਨੀ ਸਕੱਤਰੇਤ 'ਚ ਆਦਰਸ਼ ਸਕੂਲ ਪੱਕਾ ਅਤੇ ਮਿੱਡੂਮਾਨ ਦੀ ਮੈਨੇਜਮੈਂਟ ਕਮੇਟੀ ਖਿਲਾਫ਼ ਰੋਸ ਮੁਜ਼ਾਹਰਾ ਕੀਤਾ ਅਤੇ ਮੰਗ ਕੀਤੀ ਕਿ ਵਿਵਾਦਾਂ 'ਚ ਘਿਰੀ ਮੈਨੇਜਮੈਂਟ ਕਮੇਟੀ ਤੋਂ ਸਕੂਲ ਦਾ ਪ੍ਰਬੰਧ ਤੁਰੰਤ ਵਾਪਸ
ਲਿਆ ਜਾਵੇ। ਐਕਸ਼ਨ ਕਮੇਟੀ ਦੇ ਕਨਵੀਨਰ ਗੁਰਦਿਆਲ ਸਿੰਘ ਭੱਟੀ, ਕੁਲਦੀਪ ਸ਼ਰਮਾ, ਗੁਰਪਾਲ ਸਿੰਘ ਨੰਗਲ, ਜਸਪਾਲ ਸਿੰਘ, ਹਰਦੀਪ ਕੌਰ ਕੋਟਲਾ, ਸਾਰਿਕਾ ਧਵਨ, ਕਰਮਜੀਤ ਸਿੰਘ ਕੋਟਕਪੂਰਾ ਅਤੇ ਕਰਨਦੀਪ ਸਿੰਘ ਨੇ ਕਿਹਾ ਕਿ ਕਮੇਟੀ ਦੇ ਦੋ ਆਗੂਆਂ ਖਿਲਾਫ਼ ਅਧਿਆਪਕਾਂ ਦੀਆਂ ਤਨਖਾਹਾਂ ਗਬਨ ਕਰਨ ਸਮੇਤ ਕਈ ਹੋਰ ਗੰਭੀਰ ਦੋਸ਼ਾਂ ਤਹਿਤ ਮੁਕੱਦਮੇ ਦਰਜ ਹੋਏ ਹਨ ਪਰ ਇਸ ਦੇ ਬਾਵਜੂਦ ਪੰਜਾਬ ਸਰਕਾਰ ਨੇ ਕਮੇਟੀ ਤੋਂ ਸਕੂਲ ਦਾ ਪ੍ਰਬੰਧ ਵਾਪਸ ਨਹੀਂ ਲਿਆ। ਉਨ੍ਹਾਂ ਮੰਗ ਕੀਤੀ ਕਿ ਕਮੇਟੀ ਕੋਲੋਂ ਪ੍ਰਬੰਧ ਤੁਰੰਤ ਵਾਪਸ ਲਿਆ ਜਾਵੇ। ਇਸ ਸਬੰਧੀ ਪ੍ਰਬੰਧਕੀ ਕਮੇਟੀ ਦੇ ਆਗੂਆਂ ਨੇ ਐਕਸ਼ਨ ਕਮੇਟੀ ਵੱਲੋਂ ਲਾਏ ਸਾਰੇ ਦੋਸ਼ਾਂ ਨੂੰ ਝੂਠੇ ਦੱਸਦਿਆਂ ਕਿਹਾ ਹੈ ਕਿ ਪ੍ਰਬੰਧਕ ਕਮੇਟੀ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਕੰਮ ਕਰ ਰਹੀ ਹੈ।