ਥਰਮਲ ਕਰਮਚਾਰੀਆਂ ਵੱਲੋਂ ਰੋਸ ਰੈਲੀ

Friday, Jul 14, 2017 - 12:54 AM (IST)

ਥਰਮਲ ਕਰਮਚਾਰੀਆਂ ਵੱਲੋਂ ਰੋਸ ਰੈਲੀ

ਘਨੌਲੀ, (ਸ਼ਰਮਾ)- ਪੀ.ਐੱਸ.ਈ.ਬੀ. ਇੰਪਲਾਈਜ਼ ਫੈੱਡਰੇਸ਼ਨ ਏਟਕ ਥਰਮਲ ਯੂਨਿਟ ਤੇ ਆਰ.ਟੀ.ਪੀ. ਕੰਟਰੈਕਟਰ ਵਰਕਰ ਯੂਨੀਅਨ (ਏਟਕ) ਵੱਲੋਂ ਪਾਵਰਕਾਮ ਮੈਨੇਜਮੈਂਟ ਖਿਲਾਫ ਗੇਟ ਰੈਲੀ ਕੀਤੀ ਗਈ। ਇਸ ਮੌਕੇ ਸੰਬੋਧਨ ਕਰਦੇ ਹੋਏ ਜਥੇਬੰਦੀ ਦੇ ਪ੍ਰਧਾਨ ਰਾਜ ਕੁਮਾਰ ਤਿਵਾੜੀ ਨੇ ਕਿਹਾ ਕਿ ਪਾਵਰਕਾਮ ਦੀ ਮੈਨੇਜਮੈਂਟ ਵੱਲੋਂ ਪੰਜਾਬ ਦੇ ਸਰਕਾਰੀ ਥਰਮਲ ਪਲਾਂਟ ਬੰਦ ਕਰ ਕੇ ਪ੍ਰਾਈਵੇਟ ਥਰਮਲ ਪਲਾਂਟ ਚਲਾਉਣ ਅਤੇ ਹੋਰ ਬਿਜਲੀ ਬਾਹਰਲੇ ਸੂਬਿਆਂ ਤੋਂ ਖਰੀਦਣ ਦੀ ਨੀਤੀ ਤਿਆਰ ਕੀਤੀ ਗਈ ਹੈ, ਜਿਸ ਦੀ ਜਥੇਬੰਦੀ ਨਿਖੇਧੀ ਕਰਦੀ ਹੈ। 
ਉਨ੍ਹਾਂ ਕਿਹਾ ਕਿ ਪਾਵਰਕਾਮ ਦੀ ਮੈਨੇਜਮੈਂਟ ਵੱਲੋਂ ਬਿਜਲੀ ਮੁਲਾਜ਼ਮਾਂ ਨਾਲ ਕੀਤੇ ਫੈਸਲੇ ਲਾਗੂ ਨਹੀਂ ਕੀਤੇ ਜਾ ਰਹੇ। ਵਰਕਚਾਰਜ ਕਾਮਿਆਂ ਨਾਲ ਪੱਖਪਾਤ ਕੀਤਾ ਜਾ ਰਿਹਾ ਹੈ, ਉਨ੍ਹਾਂ ਨੂੰ ਮੋਬਾਇਲ ਭੱਤਾ, ਫੋਰਥ ਕਲਾਸ ਦੀ ਸਪੈਸ਼ਲ ਇਨਕ੍ਰੀਮੈਂਟ, ਗ੍ਰੇਡ ਪੇ ਵਿਚ ਹੋਏ ਵਾਧੇ ਨੂੰ ਨਹੀਂ ਦਿੱਤਾ ਜਾ ਰਿਹਾ, ਜਦੋਂਕਿ ਉਨ੍ਹਾਂ ਬਰਾਬਰ ਰੈਗੂਲਰ ਕਰਮਚਾਰੀਆਂ ਨੂੰ ਸਾਰੇ ਭੱਤੇ ਮਿਲ ਰਹੇ ਹਨ। 
ਰੈਲੀ ਨੂੰ ਪੀ.ਐੱਸ.ਈ.ਬੀ. ਇੰਪਲਾਈਜ਼ ਫੈੱਡਰੇਸ਼ਨ ਏਟਕ ਥਰਮਲ ਯੂਨਿਟ ਦੇ ਸਕੱਤਰ ਸਾਥੀ ਕੰਵਲਜੀਤ ਸਿੰਘ, ਮੀਤ ਪ੍ਰਧਾਨ ਸਾਥੀ ਕਾਸ਼ੀ ਨਾਥ, ਕੈਸ਼ੀਅਰ ਸਾਥੀ ਜਸਪਾਲ ਸਿੰਘ, ਬਜਿੰਦਰ ਕੁਮਾਰ, ਗੁਰਨਾਮ ਸਿੰਘ ਬੁੱਧਲ, ਰਣਜੀਤ ਸਿੰਘ ਨੀਲੋ ਤੇ ਆਰ.ਟੀ.ਪੀ. ਕੰਟਰੈਕਟਰ ਵਰਕਰ ਯੂਨੀਅਨ ਏਟਕ ਦੇ ਜਨਰਲ ਸਕੱਤਰ ਬਲਦੇਵ ਸਿੰਘ, ਵੀਰਪਾਲ ਸਿੰਘ, ਕੁਲਦੀਪ ਸਿੰਘ ਆਦਿ ਨੇ ਸੰਬੋਧਨ ਕੀਤਾ। ਪ੍ਰਧਾਨ ਆਰ. ਕੇ. ਤਿਵਾੜੀ ਨੇ ਪਾਵਰਕਾਮ ਦੀ ਮੈਨੇਜਮੈਂਟ ਅਤੇ ਮੁੱਖ ਇੰਜੀਨੀਅਰ (ਉ. ਤੇ ਐੱਮ.) ਥਰਮਲ ਪਲਾਂਟ ਰੋਪੜ ਤੋਂ ਜਾਇਜ਼ ਮੰਗਾਂ ਨੂੰ ਪੂਰਾ ਕਰਨ ਦੀ ਮੰਗ ਕੀਤੀ।


Related News