ਟਾਵਰ ਟੈਕਨੀਸ਼ੀਅਨ ਯੂਨੀਅਨ ਦੇ ਮੈਂਬਰ ਬੈਠੇ ਮਰਨ ਵਰਤ ''ਤੇ

06/29/2017 6:32:18 AM

ਪਟਿਆਲਾ  (ਜਤਿੰਦਰ)  - ਟਾਵਰ ਟੈਕਨੀਸ਼ੀਅਨ ਯੂਨੀਅਨ ਪੰਜਾਬ (ਟੀ. ਟੀ. ਯੂ.) ਦੇ ਆਗੂ ਟਾਵਰਾਂ 'ਤੇ ਕੰਮ ਕਰਦੇ ਨੌਜਵਾਨਾਂ 'ਤੇ ਦਰਜ ਕੀਤੇ ਗਏ ਝੂਠੇ ਪਰਚਿਆਂ ਖਿਲਾਫ ਸਰਹਿੰਦ ਰੋਡ 'ਤੇ ਸਥਿਤ ਏਰੀਅਲ ਟੈਲੀਕਾਮ ਤੇ ਇੰਡਸ ਟਾਵਰ ਕੰਪਨੀ ਦੇ ਦਫਤਰ ਅੱਗੇ ਅਣਮਿਥੇ ਸਮੇਂ ਲਈ ਧਰਨੇ ਅਤੇ ਭੁੱਖ ਹੜਤਾਲ 'ਤੇ ਬੈਠੇ ਗਏ। ਇਸ ਮੌਕੇ ਟਾਵਰ ਟੈਕਨੀਸ਼ੀਅਨ ਯੂਨੀਅਨ ਪੰਜਾਬ ਦੇ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਯੂਨੀਅਨ ਦੇ ਕਈ ਮੈਂਬਰ ਮੰਗਾਂ ਨਾ ਪੂਰੀਆਂ ਹੋਣ ਤੱਕ ਅਣਮਿਥੇ ਸਮੇਂ ਲਈ ਸ਼ਾਂਤਮਈ ਧਰਨੇ 'ਤੇ  ਬੈਠੇ ਹਨ ਅਤੇ ਯੂਨੀਅਨ ਦੇ ਮੈਂਬਰ ਜਗਤਾਰ ਸਿੰਘ ਟੈਕਨੀਸ਼ਅਨ ਮਰਨ ਵਰਤ 'ਤੇ ਬੈਠੇ ਹਨ। ਇਸ ਮੌਕੇ ਯੂਨੀਅਨ ਮੈਂਬਰਾਂ ਵੱਲੋਂ ਬਰਸਾਤ ਦੀ ਵੀ ਪ੍ਰਵਾਹ ਨਹੀਂ ਕੀਤੀ ਗਈ।
ਇਸ ਸਮੇਂ ਟੀ. ਟੀ. ਯੂ. ਦੇ ਸੂਬਾ ਪ੍ਰਧਾਨ ਵਿਕਰਮ ਦੱਤ ਨੇ ਦੱਸਿਆ ਕਿ ਇੰਡਸ ਟਾਵਰ ਅਤੇ ਇਸ ਦੀ ਵੈਂਡਰ ਕੰਪਨੀ ਏਰੀਅਲ ਟੈਲੀਕਾਮ ਵੱਲੋਂ ਸਾਡੇ 40 ਤੋਂ ਵੱਧ ਟੈਕਨੀਸ਼ੀਅਨਾਂ 'ਤੇ ਪੰਜਾਬ ਦੇ ਵੱਖ-ਵੱਖ ਜ਼ਿਲਿਆਂ ਵਿਚ ਝੂਠੇ ਪੁਲਸ ਪਰਚੇ ਦਰਜ ਕਰ ਕੇ ਉਨ੍ਹਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ, ਜਿਸ ਵਿਰੁੱਧ ਅਸੀਂ ਬੀਤੇ ਹਫਤੇ ਵੀ ਧਰਨਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਟੈਲੀਕਾਮ ਕੰਪਨੀ ਵੱਲੋਂ ਦਰਜ ਕਰਵਾਏ ਗਏ ਝੂਠੇ ਪਰਚੇ ਜਦ ਤੱਕ ਵਾਪਸ ਨਹੀਂ ਕੀਤੇ ਜਾਂਦੇ, ਉਦੋਂ ਤੱਕ ਧਰਨਾ ਨਹੀਂ ਚੁੱਕਿਆ ਜਾਵੇਗਾ। ਜੇਕਰ ਲੋੜ ਪਈ ਤਾਂ ਪਰਿਵਾਰਾਂ ਸਮੇਤ ਸ਼ਾਂਤਮਈ ਧਰਨਾ ਦੇਵਾਂਗੇ। ਉਨ੍ਹਾਂ ਵੱਲੋਂ ਪਟਿਆਲਾ ਪ੍ਰਸ਼ਾਸਨ ਨੂੰ ਵੀ ਇਸ ਦਾ ਹੱਲ ਕੱਢਣ ਦੀ ਅਪੀਲ ਕੀਤੀ ਹੈ।


Related News