ਖਜ਼ਾਨਾ ਮੰਤਰੀ ਅਤੇ ਸਕੱਤਰ ਫੂਡ ਸਪਲਾਈ ਦੇ ਪੁਤਲੇ ਫੂਕੇ
Saturday, Mar 10, 2018 - 07:16 AM (IST)
ਸੰਗਰੂਰ(ਬੇਦੀ, ਵਿਵੇਕ ਸਿੰਧਵਾਨੀ, ਯਾਦਵਿੰਦਰ, ਰੂਪਕ)—ਪੰਜਾਬ ਪ੍ਰਦੇਸ਼ ਪੱਲੇਦਾਰ ਮਜ਼ਦੂਰ ਯੂਨੀਅਨ ਦੀ ਅਗਵਾਈ 'ਚ ਪੱਲੇਦਾਰਾਂ ਨੇ ਆਪਣੀਆਂ ਮੰਗਾਂ ਦੇ ਹੱਕ 'ਚ ਸ਼ਹਿਰ ਦੇ ਬਾਜ਼ਾਰਾਂ 'ਚ ਰੋਸ ਮਾਰਚ ਕਰਦਿਆਂ ਸਕੱਤਰ ਫੂਡ ਸਪਲਾਈ ਅਤੇ ਵਿੱਤ ਮੰਤਰੀ ਦੇ ਪੁਤਲੇ ਫੂਕੇ। ਇਸ ਮੌਕੇ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਕੈਪਟਨ ਸਰਕਾਰ ਨੇ ਚੋਣਾਂ ਦੌਰਾਨ ਪੱਲੇਦਾਰਾਂ ਨਾਲ ਠੇਕੇਦਾਰੀ ਸਿਸਟਮ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ, ਜਿਸ ਤੋਂ ਹੁਣ ਸਰਕਾਰ ਮੁੱਕਰ ਗਈ ਹੈ। ਸਰਕਾਰ ਦੀ ਇਸ ਵਾਅਦਾਖਿਲਾਫੀ ਵਿਰੁੱਧ ਪੱਲੇਦਾਰਾਂ 'ਚ ਭਾਰੀ ਰੋਸ ਹੈ। ਆਗੂਆਂ ਨੇ ਕਿਹਾ ਕਿ ਕੱਲ ਜਥੇਬੰਦੀ ਦੀ ਮੀਟਿੰਗ ਮੁੱਖ ਮੰਤਰੀ ਦੇ ਓ. ਐੱਸ. ਡੀ. ਅਤੇ ਪ੍ਰਮੁੱਖ ਸਕੱਤਰ ਫੂਡ ਸਪਲਾਈ ਨਾਲ ਹੋਈ, ਜਿਸ 'ਚ ਸਕੱਤਰ ਫੂਡ ਸਪਲਾਈ ਨੇ ਪੱਲੇਦਾਰਾਂ ਦੀਆਂ ਮੰਗਾਂ ਮੰਨਣ ਤੋਂ ਜਵਾਬ ਦਿੰਦਿਆਂ ਕਿਹਾ ਕਿ ਤੁਸੀਂ ਆਪ ਪੱਲੇਦਾਰ ਯੂਨੀਅਨ, ਲੇਬਰ ਸੋਸਾਇਟੀਆਂ ਬਣਾ ਕੇ ਟੈਂਡਰ ਬੇਸਿਕ ਰਿੱਟਾਂ 'ਤੇ ਭਰ ਲਓ, ਅਸੀਂ ਆਪ ਜੀ ਨੂੰ ਟੈਂਡਰ ਅਲਾਟ ਕਰ ਦੇਵਾਂਗੇ, ਜਿਸ 'ਤੇ ਪੱਲੇਦਾਰਾਂ ਦੀ ਕਮੇਟੀ ਨੇ ਇਨਕਾਰ ਕਰ ਦਿੱਤਾ ਅਤੇ ਅੱਜ ਰੋਸ ਵਜੋਂ ਸਕੱਤਰ ਫੂਡ ਸਪਲਾਈ ਅਤੇ ਵਿੱਤ ਮੰਤਰੀ ਦੇ ਪੁਤਲੇ ਫੂਕੇ ਹਨ। ਇਸ ਮੌਕੇ ਮਾ. ਤੇਲੂ ਰਾਮ ਧੂਰੀ, ਜਗਤਾਰ ਸਿੰਘ, ਮੱਖਣ ਪਾਤਰਾ, ਰਾਮ ਪਾਲ ਮੂਣਕ, ਕਾਕਾ ਸਿੰਘ, ਸ਼ਿੰਦਰਪਾਲ ਸਿੰਘ, ਮੋਹਨ ਮਜੋਲੀ, ਨਿਰਭੈਅ ਸਿੰਘ, ਜੱਗਾ ਸਿੰਘ, ਨਸੀਬ ਸਿੰਘ, ਜਸਬੀਰ ਸਿੰਘ, ਕਾਕਾ ਸਿੰਘ, ਪਟਿਆਲਾ, ਲਖਬੀਰ ਸਿੰਘ ਸਮਾਣਾ, ਰਾਮ ਪਾਲ ਸਿੰਘ ਮੂਣਕ ਆਦਿ ਹਾਜ਼ਰ ਸਨ।
