ਆਂਗਣਵਾੜੀ ਮੁਲਾਜ਼ਮਾਂ ਨੇ ਸਾੜਿਆ ਵਿੱਤ ਮੰਤਰੀ ਦਾ ਪੁਤਲਾ, ਕੀਤੀ ਨਾਅਰੇਬਾਜ਼ੀ

Thursday, Mar 08, 2018 - 03:21 AM (IST)

ਬਠਿੰਡਾ(ਸੁਖਵਿੰਦਰ)-38ਵੇਂ ਦਿਨ ਵੀ ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਮੰਗਾਂ ਨੂੰ ਲੈ ਕੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਦਫ਼ਤਰ ਸਾਹਮਣੇ ਧਰਨਾ ਦੇ ਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਇਸ ਤੋਂ ਇਲਾਵਾ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ ਧਰਨਕਾਰੀਆਂ ਨੇ ਵਾਲਮੀਕਿ ਚੌਕ ਵਿਚ ਵਿੱਤ ਮੰਤਰੀ ਦਾ ਪੁਤਲਾ ਸਾੜ ਕੇ ਸੂਬਾ ਸਰਕਾਰ ਅਤੇ ਪਾਵਰਕਾਮ ਖਿਲਾਫ਼ ਰੋਸ ਜਤਾਇਆ। ਜਾਣਕਾਰੀ ਦਿੰਦਿਆਂ ਹਰਗੋਬਿੰਦ ਕੌਰ ਨੇ ਕਿਹਾ ਕਿ ਆਂਗਣਵਾੜੀ ਮੁਲਾਜ਼ਮਾਂ ਅਤੇ ਵਰਕਰਾਂ ਵੱਲੋਂ ਅੰਤਰਰਾਸ਼ਟਰੀ ਦਿਵਸ ਨੂੰ ਮਹਿਲਾ ਦਿਵਸ ਵਜੋਂ ਮਨਾਇਆ ਜਾਵੇਗਾ। ਇਸ ਮੌਕੇ ਸੂਬੇ ਭਰ ਦੀਆਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਪੰਜਾਬ ਸਰਕਾਰ ਦੇ ਖਿਲਾਫ਼ ਕਾਲੀਆਂ ਝੰਡੀਆਂ ਲੈ ਕੇ ਸ਼ਹਿਰ ਅਤੇ ਪਿੰਡਾਂ 'ਚ ਰੋਸ ਮਾਰਚ ਕਰਨਗੀਆਂ। ਇਸ ਤੋਂ ਇਲਾਵਾ ਸੂਬਾ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਤੋਂ ਆਮ ਲੋਕਾਂ ਨੂੰ ਜਾਣੂ ਕਰਵਾਇਆ ਜਾਵੇਗਾ। ਉਨ੍ਹਾਂ ਕਿਹਾ ਪੰਜਾਬ ਵਿਚ ਲੜਕੀਆਂ ਦੀ ਗਿਣਤੀ ਵਧਾਉਣ ਲਈ ਰਾਸ਼ਟਰਪਤੀ ਵੱਲੋਂ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਨੂੰ ਸਾਲ 2017 ਦਾ ਨਾਰੀ ਸ਼ਕਤੀ ਐਵਾਰਡ ਦਿੱਤਾ ਜਾ ਰਿਹਾ ਹੈ, ਜਦਕਿ ਇਸ ਦੇ ਅਸਲੀ ਹੱਕਦਾਰ ਆਂਗਣਵਾੜੀ ਵਰਕਰ ਹੀ ਹਨ, ਜਿਨ੍ਹਾਂ ਵੱਲੋਂ ਲੜਕੀਆਂ ਦੀ ਗਿਣਤੀ ਵਧਾਉਣ ਲਈ ਮਿਹਨਤ ਕੀਤੀ ਗਈ ਹੈ। ਉਨ੍ਹਾਂ ਮੰਗ ਕੀਤੀ ਕਿ ਆਂਗਣਵਾੜੀ ਵਰਕਰਾਂ ਨੂੰ ਦਿੱਲੀ ਪੈਟਰਨ 'ਤੇ 10 ਹਜ਼ਾਰ ਅਤੇ 5 ਹਜ਼ਾਰ ਰੁਪਏ ਮਾਣ ਭੱਤਾ ਦਿੱਤਾ ਜਾਵੇ, ਆਂਗਣਵਾੜੀ ਸੈਂਟਰਾਂ ਦੇ ਕਿਰਾਏ ਦਾ ਬਕਾਇਆ ਜਾਰੀ ਕੀਤਾ ਜਾਵੇ, ਰਾਸ਼ਨ ਦੀ ਕਿਸ਼ਤ ਰੈਗੂਲਰ ਦੇਣੀ ਯਕੀਨੀ ਬਣਾਈ ਜਾਵੇ, 3 ਤੋਂ 6 ਸਾਲ ਦੇ ਬੱਚਿਆਂ ਨੂੰ ਮੁੜ ਆਂਗਣਵਾੜੀ ਸੈਂਟਰਾਂ 'ਚ ਭੇਜਿਆ ਜਾਵੇ। ਇਸ ਮੌਕੇ ਸ਼ਿੰਦਰਪਾਲ ਕੌਰ ਥਾਂਦੇਵਾਲਾ, ਰਣਇੰਦਰ ਕੌਰ ਮੌੜ, ਗੀਤਾ ਰਾਣੀ ਮੌੜ, ਬਿਮਲਾ ਦੇਵੀ, ਜਸਵੀਰ ਕੌਰ ਜੰਡਾਵਾਲਾ, ਕਮਲੇਸ਼ ਰਾਣੀ ਗੋਨਿਆਣਾ, ਸੁਮਨ ਰਾਣੀ ਤੇ ਮਹਿੰਦਰ ਕੌਰ ਗੋਨਿਆਣਾ ਆਦਿ ਮੌਜੂਦ ਸਨ।


Related News