ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਸਾੜੀਆਂ ਬਜਟ ਦੀਆਂ ਕਾਪੀਆਂ
Thursday, Feb 15, 2018 - 01:09 AM (IST)
ਜ਼ੀਰਾ(ਅਕਾਲੀਆਂਵਾਲਾ, ਗੁਰਮੇਲ)—ਸਰਬ ਭਾਰਤੀ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ 'ਤੇ ਅੱਜ ਜ਼ੀਰਾ ਤਹਿਸੀਲ ਵਿਚ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਵੱਲੋਂ ਬਜਟ ਦੀਆਂ ਕਾਪੀਆਂ ਸਾੜੀਆਂ ਗਈਆਂ। ਇਸ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਿਸਾਨੀ ਮੰਗਾਂ ਸਬੰਧੀ ਸਿਰਫ ਖੋਖਲੀ ਬਿਆਨਬਾਜ਼ੀ ਕੀਤੀ ਗਈ ਹੈ। ਦੇਸ਼ ਭਰ ਦੇ ਕਿਸਾਨਾਂ ਨੂੰ ਸਵਾਮੀਨਾਥਨ ਕਮੇਟੀ ਦੀਆਂ ਸਿਫਾਰਸ਼ਾਂ ਮੁਤਾਬਕ ਘੱਟੋ-ਘੱਟ ਸਮਰਥਨ ਮੁੱਲ ਦੇਣਾ, ਖੇਤੀ ਲਾਗਤਾਂ ਦੀਆਂ ਕੀਮਤਾਂ ਘਟਾਉਣਾ, ਸਾਰੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਦੇ ਨਿੱਜੀ ਕਰਜ਼ਿਆਂ ਸਮੇਤ ਹਰ ਤਰ੍ਹਾਂ ਦੇ ਸਰਕਾਰੀ ਤੇ ਗੈਰ ਸਰਕਾਰੀ ਕਰਜ਼ਿਆਂ 'ਤੇ ਲੀਕ ਮਾਰਨ ਦੀ ਗੱਲ ਕੀਤੀ ਗਈ। ਉਨ੍ਹਾਂ ਕਿਹਾ ਕਿ ਸ਼੍ਰੀਮਾਨ ਜੇਤਲੀ ਨੇ ਐਲਾਨ ਕੀਤਾ ਹੈ ਕਿ ਕਮਿਸ਼ਨ ਦੀ ਇਕ ਕਮੇਟੀ ਬਾਜ਼ਾਰ ਦੀਆਂ ਕੀਮਤਾਂ ਅਤੇ ਸਮਰਥਨ ਮੁੱਲ ਵਿਚਾਲੇ ਫਰਕ ਦੀ ਪੜਚੋਲ ਤਰੀਕਾ ਦੱਸੇਗੀ ਪਰ ਇਸ ਕਾਰਜ ਲਈ ਸਿਰਫ਼ 200 ਕਰੋੜ ਰੁਪਏ ਲਾਏ ਗਏ ਹਨ, ਜੋ ਕਿ ਇਕ ਜ਼ਿਲੇ ਲਈ ਕਾਫੀ ਨਹੀਂ ਹਨ। ਭਾਰਤ ਦੇ ਕਿਸਾਨ ਕਰਜ਼ੇ ਵਿਚ ਡੁੱਬੇ ਪਏ ਹਨ, ਜਿਸ ਦਾ ਕਾਰਨ ਖੇਤੀ ਲਾਗਤ ਦੀ ਵਧ ਰਹੀ ਕੀਮਤ ਹੈ। ਬਜਟ ਵਿਚ ਨਾ ਤਾਂ ਸਰਕਾਰੀ ਕਰਜ਼ੇ ਤੇ ਨਾ ਹੀ ਪ੍ਰਾਈਵੇਟ ਸਮੱਸਿਆ ਦਾ ਹੱਲ ਕੀਤਾ ਗਿਆ ਅਤੇ ਨਾ ਹੀ ਬੀਜ, ਖਾਦ, ਕੀੜੇਮਾਰ ਦਵਾਈਆਂ, ਖੇਤੀ ਮਸ਼ੀਨੀ ਤੇ ਡੀਜ਼ਲ ਦੀਆਂ ਕੀਮਤਾਂ ਘਟਾਈਆਂ ਗਈਆਂ ਹਨ। ਇਸ ਲਈ ਇਹ ਬਜਟ ਕਿਸਾਨ-ਮਜ਼ਦੂਰ ਵਿਰੋਧੀ ਹੈ, ਜਿਸ ਦੇ ਵਿਰੋਧ ਵਜੋਂ ਤਹਿਸੀਲ ਪੱਧਰਾਂ 'ਤੇ ਬਜਟ ਦੀਆਂ ਕਾਪੀਆਂ ਸਾੜਨ ਦਾ ਫੈਸਲਾ ਲਿਆ ਗਿਆ ਹੈ। ਇਸ ਸਮੇਂ ਬਲਰਾਜ ਸਿੰਘ ਮੱਲੋਕੇ, ਗੁਰਚਰਨ ਸਿੰਘ ਮਲਸੀਆਂ, ਹਰਬੰਸ ਸਿੰਘ ਮਲਸੀਆਂ, ਗੁਰਦੇਵ ਸਿੰਘ ਤਲਵੰਡੀ, ਕੁਲਵੰਤ ਸਿੰਘ ਤਲਵੰਡੀ, ਮੁਖਤਿਆਰ ਸਿੰਘ, ਗੁਰਬਚਨ ਸਿੰਘ, ਨਛੱਤਰ ਸਿੰਘ, ਗੁਰਵਿੰਦਰ ਸਿੰਘ, ਕੁਲਦੀਪ ਸਿੰਘ, ਗਗਨ ਦੀਪ ਸਿੰਘ ਆਦਿ ਹਾਜ਼ਰ ਸਨ।
