ਵਿਦਿਆਰਥੀ ਜਥੇਬੰਦੀਆਂ ਨੇ ਕੀਤਾ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ; ਹੋਈ ਜ਼ੋਰਦਾਰ ਨਾਅਰੇਬਾਜ਼ੀ

Tuesday, Feb 13, 2018 - 03:45 AM (IST)

ਮਾਨਸਾ(ਸੰਦੀਪ ਮਿੱਤਲ)-ਅੱਜ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ (ਆਇਸਾ) ਵੱਲੋਂ ਨਹਿਰੂ ਮੈਮੋਰੀਅਲ ਸਰਕਾਰੀ ਕਾਲਜ ਤੋਂ ਆਇਸਾ, ਦਸਤਕ ਆਰਟ ਗਰੁੱਪ, ਇਨਕਲਾਬੀ ਨੌਜਵਾਨ ਸਭਾ ਦੀ ਅਗਵਾਈ 'ਚ ਕਾਲਜ ਤੋਂ ਲੈ ਕੇ ਡੀ. ਸੀ. ਦਫਤਰ ਮਾਨਸਾ ਤੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਪੰਜਾਬ ਦੀ ਕੈਪਟਨ ਅਤੇ ਕੇਂਦਰ ਦੀ ਮੋਦੀ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਖਿਲਾਫ ਵਿਦਿਆਰਥੀਆਂ ਨੇ ਜ਼ਬਰਦਸਤ ਨਾਅਰੇਬਾਜ਼ੀ ਕੀਤੀ। ਡੀ. ਸੀ. ਦਫਤਰ ਮਾਨਸਾ ਧਰਨਾ ਦੇ ਕੇ ਮੰਗ-ਪੱਤਰ ਦਿੱਤਾ ਗਿਆ। ਇਸ ਦੌਰਾਨ ਵਿਦਿਆਰਥੀਆਂ ਨੂੰ ਸਾਂਝੇ ਰੂਪ 'ਚ ਸੰਬੋਧਨ ਕਰਦਿਆਂ ਆਇਸਾ ਦੇ ਆਗੂ ਪ੍ਰਦੀਪ ਗੁਰੂ, ਸੁਖਜੀਤ ਰਾਮਾਨੰਦੀ, ਦਸਤਕ ਆਰਟ ਗਰੁੱਪ ਦੇ ਅੰਮ੍ਰਿਤਪਾਲ ਮਾਨਸਾ, ਇਨਕਲਾਬੀ ਨੌਜਵਾਨ ਸਭਾ ਦੇ ਗੁਰਪਿਆਰ ਗੇਹਲੇ ਤੇ ਲਾਡੀ ਜਟਾਣਾ ਨੇ ਕਿਹਾ ਕਿ 1994 ਤੋਂ ਲੈ ਕੇ ਹੁਣ ਤੱਕ ਕਾਲਜ ਅੰਦਰ ਕਿਸੇ ਵੀ ਰੈਗੂਲਰ ਪ੍ਰਿੰਸੀਪਲ ਦੀ ਨਿਯੁਕਤੀ ਨਹੀਂ ਹੋਈ, ਜਿਸ ਕਾਰਨ ਕਾਲਜ ਲਾਵਾਰਿਸ ਵਾਂਗ ਚੱਲ ਰਿਹਾ ਹੈ। ਸਮੇਂ ਦੀਆਂ ਸਰਕਾਰਾਂ ਨੇ ਮਾਨਸਾ ਜ਼ਿਲੇ ਦੇ ਸਿੱਖਿਆ ਕੇਂਦਰਾਂ ਨਾਲ ਹਮੇਸ਼ਾ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ। ਉਨ੍ਹਾਂ ਮੰਗ ਕੀਤੀ ਕਿ ਕਾਲਜ ਅੰਦਰ ਰੈਗੂਲਰ ਪ੍ਰਿੰਸੀਪਲ ਦੀ ਨਿਯੁਕਤੀ ਕੀਤੀ ਜਾਵੇ ਅਤੇ ਖਾਲੀ ਪਈਆਂ ਅਸਾਮੀਆਂ ਨੂੰ ਤੁਰੰਤ ਭਰਨ ਲਈ ਜ਼ਿਲਾ ਪ੍ਰਸ਼ਾਸਨ ਗੰਭੀਰ ਦਖਲ-ਅੰਦਾਜ਼ੀ ਕਰੇ ਤਾਂ ਜੋ ਵਿਦਿਆਰਥੀਆਂ ਦਾ ਭਵਿੱਖ ਸੁਨਹਿਰੀ ਹੋ ਸਕੇ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਵੱਲੋਂ ਖੂਨ ਡੋਲ੍ਹ ਕੇ ਪ੍ਰਾਪਤ ਕੀਤੀ ਬੱਸ ਪਾਸ ਦੀ ਸਹੂਲਤ ਅਤੇ ਸਰਕਾਰੀ ਟਰਾਂਸਪੋਰਟ ਨੂੰ ਖਤਮ ਕਰਨ ਲਈ ਆਪਣੇ ਨਿੱਜੀ ਮੁਨਾਫੇ ਦੇ ਵਾਧੇ ਲਈ ਪ੍ਰਾਈਵੇਟ ਬੱਸ ਟਰਾਂਸਪੋਰਟ ਮਾਫੀਆ ਪੱਬਾਂ-ਭਾਰ ਹੈ। ਪੰਜਾਬ ਦੀ ਇਨਕਲਾਬੀ ਵਿਦਿਆਰਥੀ ਲਹਿਰ ਇਹ ਮਨਸੂਬਾ ਕਦੇ ਵੀ ਕਾਮਯਾਬ ਨਹੀਂ ਹੋਣ ਦੇਵੇਗੀ। ਇਸ ਮੌਕੇ ਹਮਾਇਤ 'ਤੇ ਪਹੁੰਚੇ ਸੀ. ਪੀ. ਆਈ. (ਐੱਮ. ਐੱਲ.) ਲਿਬਰੇਸ਼ਨ ਦੇ ਜ਼ਿਲਾ ਆਗੂ ਕਾ. ਅਮਰੀਕ ਸਿੰਘ ਸਮਾਉਂ ਅਤੇ ਪੰਜਾਬ ਕਿਸਾਨ ਯੂਨੀਅਨ ਦੇ ਭੋਲਾ ਸਿੰਘ ਸਮਾਉਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦੇਸ਼ ਆਜ਼ਾਦ ਹੋਏ ਨੂੰ 71 ਸਾਲ ਹੋ ਗਏ ਹਨ ਪਰ ਦੇਸ਼ ਦਾ ਕਿਰਤੀ ਵਰਗ ਵੱਡੀ ਗਿਣਤੀ 'ਚ ਮੁੱਢਲੀਆਂ ਸਹੂਲਤਾਂ ਸਿੱਖਿਆ, ਸਿਹਤ ਸਹੂਲਤਾਂ, ਪੀਣ ਵਾਲੇ ਸਾਫ ਪਾਣੀ ਅਤੇ ਰਹਿਣ ਲਈ ਘਰ ਅਤੇ ਛੱਤਾਂ ਤੋਂ ਵੀ ਕਾਫੀ ਦੂਰ ਹੈ। ਇਸ ਸਮੇਂ ਆਇਸਾ ਦੇ ਆਗੂ ਗੁਰਵਿੰਦਰ ਨੰਦਗੜ੍ਹ, ਗਗਨਦੀਪ ਮੋੜ, ਗਗਨਦੀਪ ਰੱਲਾ, ਰੀਤੂ ਕੌਰ, ਸਰਬਜੀਤ ਕੌਰ, ਗੁਰਪ੍ਰੀਤ ਕੌਰ, ਸੁਖਪ੍ਰੀਤ ਕੌਰ, ਅਮਨਦੀਪ ਕੌਰ, ਗੁਰਪ੍ਰੀਤ ਸਿੰਘ ਬੀਤਾ, ਰਾਜਿੰਦਰ ਸਿੰਘ ਅਲੀਸ਼ੇਰ, ਲਖਵੀਰ ਸਿੰਘ ਕੋਟ ਫੱਤਾ ਤੇ ਪ੍ਰਗਤੀਸ਼ੀਲ ਇਸਤਰੀ ਸਭਾ ਵੱਲੋਂ ਰਾਣੀ ਕੌਰ ਭੰਮੇ, ਗਗਨ ਕੌਰ, ਏਕਟੂ ਦੇ ਆਗੂ ਜਰਨੈਲ ਮਾਨਸਾ ਆਦਿ ਸ਼ਾਮਲ ਸਨ।


Related News