ਇਕ ਮਹੀਨੇ ਤੋਂ ਖੁੱਲ੍ਹੇ ਆਸਮਾਨ ਹੇਠਾਂ ਬੈਠੇ ਮੁਲਾਜ਼ਮ, ਸਰਕਾਰ ਨੇ ਨਹੀਂ ਲਈ ਸੁੱਧ
Thursday, Feb 01, 2018 - 03:01 AM (IST)

ਬਠਿੰਡਾ(ਸੁਖਵਿੰਦਰ)-ਗੁਰੂ ਨਾਨਕ ਦੇਵ ਥਰਮਲ ਪਲਾਂਟ ਨੂੰ ਬੰਦ ਕਰਨ ਦੇ ਵਿਰੋਧ ਵਿਚ ਮਿੰਨੀ ਸੈਕਟਰੀਏਟ ਦੇ ਸਾਹਮਣੇ ਖੁੱਲ੍ਹੇ ਆਸਮਾਨ ਹੇਠਾਂ ਧਰਨਾ ਲਾ ਕੇ ਬੈਠੇ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਸੰਘਰਸ਼ ਨੂੰ ਇਕ ਮਹੀਨਾ ਪੂਰਾ ਹੋ ਗਿਆ ਪਰ ਅਜੇ ਤੱਕ ਸਰਕਾਰ ਨੇ ਉਨ੍ਹਾਂ ਦੀ ਸੁੱਧ ਨਹੀਂ ਲਈ। ਪਾਵਰਕਾਮ ਅਧਿਕਾਰੀਆਂ ਵੱਲੋਂ ਮੁਲਾਜ਼ਮਾਂ ਨੂੰ ਐਡਜਸਟ ਕਰਨ ਦੇ ਭਰੋਸੇ ਤਾਂ ਦਿੱਤੇ ਜਾ ਰਹੇ ਹਨ ਪਰ ਮੁਲਾਜ਼ਮਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਪ੍ਰਬੰਧਨ ਨਾਲ ਉਨ੍ਹਾਂ ਦਾ ਲਿਖਤੀ ਸਮਝੌਤਾ ਨਹੀਂ ਹੁੰਦਾ ਉਦੋਂ ਤੱਕ ਉਹ ਮੋਰਚਾ ਜਾਰੀ ਰੱਖਣਗੇ। ਬੁੱਧਵਾਰ ਨੂੰ ਵੀ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੇ ਵੱਡੀ ਗਿਣਤੀ ਵਿਚ ਧਰਨੇ ਵਿਚ ਸ਼ਿਰਕਤ ਕਰ ਕੇ ਸਰਕਾਰ ਖਿਲਾਫ ਗੁੱਸੇ ਦਾ ਇਜ਼ਹਾਰ ਕੀਤਾ। ਮੋਰਚੇ ਦੇ ਕਨਵੀਨਰ ਰਾਜਿੰਦਰ ਸਿੰਘ ਢਿੱਲੋਂ ਨੇ ਕਿਹਾ ਕਿ ਹਮੇਸ਼ਾ ਪੂੰਜੀਪਤੀਆਂ ਅਤੇ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਵਿਚ ਹੀ ਨੀਤੀਆਂ ਬਣਦੀਆਂ ਹਨ ਅਤੇ ਮਜ਼ਦੂਰਾਂ ਦੀ ਕੋਈ ਗੱਲ ਨਹੀਂ ਸੁਣਦਾ। ਉਨ੍ਹਾਂ ਦੱਸਿਆ ਕਿ ਪਾਵਰਕਾਮ ਪ੍ਰਬੰਧਨ ਵੱਲੋਂ ਬੇਸ਼ੱਕ ਮੁਲਾਜ਼ਮਾਂ ਨਾਲ ਜ਼ੁਬਾਨੀ ਸਮਝੌਤਾ ਕੀਤਾ ਗਿਆ ਹੈ ਪਰ ਸਰਕਾਰ ਲਿਖਤੀ ਰੂਪ ਵਿਚ ਸਮਝੌਤਾ ਨਹੀਂ ਕਰ ਰਹੀ, ਜਿਸ ਕਾਰਨ ਮੁਲਾਜ਼ਮਾਂ ਵਿਚ ਭਾਰੀ ਰੋਸ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੇ ਮਸਲੇ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਉਹ ਸਹਿਯੋਗੀ ਸੰਗਠਨਾਂ ਨਾਲ ਮਿਲ ਕੇ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ।