ਘਿਰਾਓ ਦੇ ਡਰੋਂ ਨਾ ਵਹੁੜੇ ਵਿੱਤ ਮੰਤਰੀ

Sunday, Jan 21, 2018 - 03:55 AM (IST)

ਘਿਰਾਓ ਦੇ ਡਰੋਂ ਨਾ ਵਹੁੜੇ ਵਿੱਤ ਮੰਤਰੀ

ਬਠਿੰਡਾ(ਬਲਵਿੰਦਰ)-ਥਰਮਲ ਪਲਾਂਟ ਕਰਮਚਾਰੀ ਯੂਨੀਅਨ ਬਠਿੰਡਾ ਦਾ ਧਰਨਾ ਅੱਜ 20ਵੇਂ ਦਿਨ ਵੀ ਜਾਰੀ ਰਿਹਾ, ਜਿਸ ਤਹਿਤ ਕਰਮਚਾਰੀ ਅੱਜ ਫਿਰ ਇਕ ਪ੍ਰੋਗਰਾਮ ਵਿਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦਾ ਘਿਰਾਓ ਕਰਨ ਲਈ ਪਹੁੰਚ ਗਏ ਪਰ ਘਿਰਾਓ ਦੇ ਡਰੋਂ ਬਾਦਲ ਪ੍ਰੋਗਰਾਮ ਵਿਚ ਆਏ ਹੀ ਨਹੀਂ। ਜ਼ਿਕਰਯੋਗ ਹੈ ਕਿ ਬਠਿੰਡਾ ਪਲਾਂਟ ਬੰਦ ਕਰਨ ਦੇ ਰੋਸ ਵਜੋਂ ਕਰਮਚਾਰੀ ਯੂਨੀਅਨ ਵਲੋਂ ਥਰਮਲ ਗੇਟ 'ਤੇ ਲਗਾਤਾਰ ਧਰਨਾ ਦਿੱਤਾ ਜਾ ਰਿਹਾ ਹੈ, ਜਦਕਿ ਮੌਕਾ ਮਿਲਣ 'ਤੇ ਵਿੱਤ ਮੰਤਰੀ ਦਾ ਘਿਰਾਓ ਵੀ ਕੀਤਾ ਜਾਂਦਾ ਹੈ। ਇਸ ਤੋਂ ਪਹਿਲਾਂ ਖੇਤਾ ਸਿੰਘ ਬਸਤੀ, ਜਨਤਾ ਨਗਰ ਅਤੇ ਐੱਸ.ਐੱਸ.ਡੀ. ਸਕੂਲ ਵਿਚ ਵੀ ਵਿੱਤ ਮੰਤਰੀ ਦਾ ਘਿਰਾਓ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਖੇਡ ਸਟੇਡੀਅਮ ਦੇ ਸਾਹਮਣੇ ਵਿੱਤ ਮੰਤਰੀ ਨੇ ਅੱਜ ਇਕ ਸਕੂਲ ਦੇ ਸਾਲਾਨਾ ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਪਹੁੰਚਣਾ ਸੀ। ਇਸ ਬਾਰੇ ਪਤਾ ਲੱਗਣ 'ਤੇ ਕਰਮਚਾਰੀ ਯੂਨੀਅਨ ਦੇ ਵੱਡੀ ਗਿਣਤੀ ਵਰਕਰ ਸਕੂਲ ਦੇ ਗੇਟ ਅੱਗੇ ਆ ਗਏ, ਜਿਥੇ ਧਰਨਾ ਮਾਰ ਕੇ ਸਰਕਾਰ ਅਤੇ ਵਿੱਤ ਮੰਤਰੀ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ।ਇਸ ਮੌਕੇ ਯੂਨੀਅਨ ਪ੍ਰਧਾਨ ਨਾਇਬ ਸਿੰਘ ਨੇ ਦੱਸਿਆ ਕਿ ਵਿੱਤ ਮੰਤਰੀ ਦਾ ਘਿਰਾਓ ਕਰ ਕੇ ਕਾਲੀਆਂ ਝੰਡੀਆਂ ਦਿਖਾਉਣੀਆਂ ਸੀ, ਜਦਕਿ ਇਹ ਵੀ ਪੁੱਛਣਾ ਸੀ ਕਿ ਵੋਟਾਂ ਸਮੇਂ ਕੀਤੇ ਗਏ ਵਾਅਦਿਆਂ ਦਾ ਕੀ ਹੋਇਆ ਪਰ ਪੁਲਸ ਦੇ ਪਹਿਰੇ ਦੇ ਬਾਵਜੂਦ ਉਹ ਸਕੂਲ ਵਿਚ ਨਹੀਂ ਪਹੁੰਚੇ।


Related News