ਸ਼ੈਲਰ ਮਾਲਕਾਂ ਵੱਲੋਂ ਮੰਡੀ ''ਚੋਂ ਝੋਨਾ ਨਾ ਚੁੱਕਣ ਦਾ ਮਾਮਲਾ ਆੜ੍ਹਤੀਆਂ ਤੇ ਮਜ਼ਦੂਰਾਂ ''ਚ ਰੋਸ

Wednesday, Oct 25, 2017 - 06:49 AM (IST)

ਸ਼ੈਲਰ ਮਾਲਕਾਂ ਵੱਲੋਂ ਮੰਡੀ ''ਚੋਂ ਝੋਨਾ ਨਾ ਚੁੱਕਣ ਦਾ ਮਾਮਲਾ ਆੜ੍ਹਤੀਆਂ ਤੇ ਮਜ਼ਦੂਰਾਂ ''ਚ ਰੋਸ

ਐੈੱਸ. ਡੀ. ਐੱਮ. ਕੋਲ ਕੀਤੀ ਝੋਨਾ ਚੁੱਕਵਾਉਣ ਦੀ ਫਰਿਆਦ 
ਮਾਲੇਰਕੋਟਲਾ(ਜ਼ਹੂਰ, ਸ਼ਹਾਬੂਦੀਨ)- ਕੁਝ ਸ਼ੈਲਰ ਮਾਲਕਾਂ ਵੱਲੋਂ ਮਾਲੇਰਕੋਟਲਾ ਦੀ ਦਾਣਾ ਮੰਡੀ ਵਿਚੋਂ ਝੋਨਾ ਨਾ ਚੁੱਕੇ ਜਾਣ ਦੇ ਰੋਸ ਵੱਜੋਂ ਆੜ੍ਹਤੀਆ ਐਸੋਸੀਏਸ਼ਨ ਅਤੇ ਲੇਬਰ ਯੂਨੀਅਨ ਨੇ ਐੱਸ. ਡੀ. ਐੱਮ. ਡਾ. ਪ੍ਰੀਤੀ ਯਾਦਵ ਨੂੰ ਮਿਲ ਕੇ ਝੋਨਾ ਚੁੱਕਣ ਦੀ ਗੁਹਾਰ ਲਾਈ । ਜਿਸ 'ਤੇ ਐੱਸ.ਡੀ.ਐੱਮ. ਨੇ ਆੜ੍ਹਤੀਆਂ ਤੇ ਲੇਬਰ ਯੂਨੀਅਨ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਦੀ ਮੁਸ਼ਕਲ ਨੂੰ ਜਲਦੀ ਹੱਲ ਕਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਤੁਰੰਤ ਡਾ. ਪ੍ਰੀਤੀ ਯਾਦਵ ਨੇ ਦਾਣਾ ਮੰਡੀ ਵਿਖੇ ਪੁੱਜ ਕੇ ਹਾਲਾਤ ਦਾ ਜਾਇਜ਼ਾ ਲਿਆ ਅਤੇ ਕਿਸਾਨਾਂ ਨਾਲ ਗੱਲਬਾਤ ਕੀਤੀ । ਇਸ ਉਪਰੰਤ ਦਾਣਾ ਮੰਡੀ ਵਿਖੇ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਜਸਵੰਤ ਰਾਏ ਜੈਨ ਨੇ ਦੱਸਿਆ ਕਿ ਕੁਝ ਸ਼ੈਲਰ ਮਾਲਕਾਂ ਵੱਲੋਂ ਮੰਡੀਆਂ ਵਿਚੋਂ ਝੋਨਾ ਨਾ ਚੁੱਕਣ ਕਾਰਨ ਮੰਡੀਆਂ ਦੇ ਫੜ੍ਹਾਂ 'ਤੇ ਹੋਰ ਫਸਲ ਰੱਖਣ 'ਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਿਲਾਂ ਸ਼ੈਲਰ ਮਾਲਕ 18/19 ਫੀਸਦੀ ਨਮੀ ਵਾਲੇ ਝੋਨੇ ਨੂੰ ਮੰਡੀਆਂ ਵਿਚੋਂ ਚੁੱਕਦੇ ਸਨ ਪਰ ਹੁਣ ਜਦੋਂ ਮੰਡੀਆਂ ਵਿਚ ਝੋਨੇ ਦੀ ਆਮਦ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਹੋ ਗਈ ਹੈ ਤਾਂ ਉਹ ਹੁਣ ਸਰਕਾਰ ਦੇ ਮਾਪਦੰਡਾਂ ਅਨੁਸਾਰ 17 ਫੀਸਦੀ ਨਮੀ ਵਾਲਾ ਝੋਨਾ ਲੈਣ ਲਈ ਹੀ ਬਾਜ਼ਿੱਦ ਹੋ ਗਏ ਹਨ । ਅਜਿਹੇ ਵਿਚ ਮਾਲੇਰਕੋਟਲਾ ਦੀਆਂ ਦਾਣਾ ਮੰਡੀਆਂ ਵਿਚ ਝੋਨੇ ਦੇ ਅੰਬਾਰ ਲੱਗਣੇ ਸ਼ੁਰੂ ਹੋ ਗਏ ਹਨ । 
ਆੜ੍ਹਤੀਆਂ ਵੱਲੋਂ ਹੜਤਾਲ ਦੀ ਚਿਤਾਵਨੀ : ਆੜ੍ਹਤੀਆਂ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦਿਆਂ ਦੱਸਿਆ ਕਿ ਜੇ 24 ਘੰਟਿਆਂ ਵਿਚ ਸ਼ੈਲਰ ਮਾਲਕਾਂ ਨੇ ਮੰਡੀ ਦੇ ਫੜ੍ਹਾਂ ਤੋਂ ਝੋਨਾ ਨਾ ਚੁੱਕਿਆ ਤਾਂ ਦਾਣਾ ਮੰਡੀ ਵਿਚ ਅਣਮਿੱਥੇ ਸਮੇਂ ਦੀ ਹੜਤਾਲ ਕਰ ਦਿੱਤੀ ਜਾਵੇਗੀ । ਇਸ ਮੌਕੇ ਆੜ੍ਹਤੀਆ ਕਰਮਜੀਤ ਸਿੰਘ ਭੂਦਨ, ਹਰਪਾਲ ਸਿੰਘ, ਵਿਨੋਦ ਜੈਨ, ਰਾਕੇਸ਼ ਕੁਮਾਰ, ਅਤੁੱਲ ਜੈਨ, ਸਮਰ ਸ਼ਾਹੀ, ਅਬਦੁੱਲ ਗੱਫਾਰ ਅਤੇ ਲੇਬਰ ਯੂਨੀਅਨ ਦੇ ਪ੍ਰਧਾਨ ਮੁਹੰਮਦ ਨਾਸਰ ਹਾਜ਼ਰ ਸਨ ।
ਐੈੱਸ. ਡੀ. ਐੱਮ. ਨੇ ਬੋਲੀ ਸ਼ੁਰੂ ਕਰਵਾਈ :  ਓਧਰ ਤੁਰੰਤ ਐੈੱਸ. ਡੀ. ਐੱਮ. ਨੇ ਮਾਲੇਰਕੋਟਲਾ ਦਾਣਾ ਮੰਡੀ ਪਹੁੰਚ ਕੇ ਸਰਕਾਰੀ ਖਰੀਦ ਏਜੰਸੀਆਂ, ਮੰਡੀ ਬੋਰਡ ਦੇ ਅਧਿਕਾਰੀਆਂ ਅਤੇ ਆੜ੍ਹਤੀਆਂ ਨੂੰ ਨਾਲ ਲੈ ਕੇ ਜਿਥੇ ਪਏ ਝੋਨੇ ਦੀ ਬੋਲੀ ਸ਼ੁਰੂ ਕਰਵਾਈ ਉਥੇ ਹੀ ਸਬੰਧਤ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਝੋਨੇ ਦੀ ਖਰੀਦ ਸਬੰਧੀ ਜਾਂ ਚੁਕਾਈ ਸਬੰਧੀ ਪਾਈ ਜਾਣ ਵਾਲੀ ਕਿਸੇ ਵੀ ਅਣਗਹਿਲੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਇਸ ਮੌਕੇ ਉਨ੍ਹਾਂ ਆੜ੍ਹਤੀਆ ਐਸੋਸੀਏਸ਼ਨ ਨੂੰ ਵਿਸ਼ਵਾਸ ਦਿਵਾਇਆ ਕਿ ਛੇਤੀ ਹੀ ਸ਼ੈਲਰ ਮਾਲਕਾਂ ਨਾਲ ਮੀਟਿੰਗ ਕਰ ਕੇ ਭਰੇ ਝੋਨੇ ਦੀਆਂ ਬੋਰੀਆਂ ਨੂੰ ਚੁੱਕਵਾ ਦਿੱਤਾ ਜਾਵੇਗਾ ।  ਸਰਕਾਰ ਦੀਆਂ ਹਦਾਇਤਾਂ ਅਨੁਸਾਰ ਚੁੱਕਿਆ ਜਾ ਰਿਹੈ ਝੋਨਾ : ਸ਼ੈਲਰ ਐਸੋਸੀਏਸ਼ਨ  : ਸੰਪਰਕ ਕਰਨ 'ਤੇ ਸ਼ੈਲਰ ਐਸੋਸੀਏਸ਼ਨ ਦੇ ਪ੍ਰਧਾਨ ਕੇਵਲ ਕ੍ਰਿਸ਼ਨ ਜਿੰਦਲ ਨੇ ਦੱਸਿਆ ਕਿ ਉਹ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਦਾਣਾ ਮੰਡੀ ਵਿਚੋਂ ਸੁੱਕਾ ਝੋਨਾ ਚੁੱਕ ਰਹੇ ਹਨ ਅਤੇ ਚੁੱਕਦੇ ਰਹਿਣਗੇ । ਸਰਕਾਰ ਵੱਲੋਂ ਨਿਰਧਾਰਤ ਨਮੀ ਤੋਂ ਵੱਧ ਵਾਲਾ ਝੋਨਾ ਨਾ ਹੀ ਸ਼ੈਲਰ ਵਾਲਿਆਂ ਨੇ ਚੁੱਕਿਆ ਹੈ ਅਤੇ ਨਾ ਹੀ ਚੁੱਕਣਗੇ, ਜੇਕਰ ਸਰਕਾਰ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਹਦਾਇਤ ਕਰਦੀ ਹੈ ਤਾਂ ਉਸ ਦੀ ਉਹ ਪਾਲਣਾ ਕਰਨਗੇ । ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਰਕੀਟ ਕਮੇਟੀ ਦੇ ਸੈਕਟਰੀ ਸੁਰਿੰਦਰ ਕੁਮਾਰ ਵਾਲੀਆ, ਸਰਤਾਜ ਸਿੰਘ ਡੀ.ਐੱਫ.ਐੱਸ.ਓ., ਹਰਪ੍ਰੀਤ ਸਿੰਘ ਏ.ਐੱਫ.ਐੱਸ.ਓ., ਇੰਸਪੈਕਟਰ ਕਮਲਦੀਪ ਸਿੰਘ ਅਤੇ ਸੱਜਣ ਸਿੰਘ ਹਾਜ਼ਰ ਸਨ ।


Related News