ਬੂਟਾ ਖਾਂ ਦੇ ਕਾਤਲਾਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਜਥੇਬੰਦੀਆਂ ਨੇ ਦਿੱਤਾ ਥਾਣਾ ਮੌੜ ਅੱਗੇ ਧਰਨਾ

Friday, Oct 06, 2017 - 01:51 AM (IST)

ਬੂਟਾ ਖਾਂ ਦੇ ਕਾਤਲਾਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਜਥੇਬੰਦੀਆਂ ਨੇ ਦਿੱਤਾ ਥਾਣਾ ਮੌੜ ਅੱਗੇ ਧਰਨਾ

ਮੌੜ ਮੰਡੀ(ਪ੍ਰਵੀਨ)-ਤਿੰਨ ਮਹੀਨੇ ਬੀਤ ਜਾਣ ਤੋਂ ਬਾਅਦ ਵੀ ਬੂਟਾ ਖਾਂ ਦੇ ਕਾਤਲਾਂ ਨੂੰ ਲੱਭਣ 'ਚ ਅਸਫ਼ਲ ਰਹੇ ਪੁਲਸ ਪ੍ਰਸ਼ਾਸਨ ਦੇ ਖਿਲਾਫ ਅੱਜ ਬੂਟਾ ਖਾਂ ਦੇ ਪਰਿਵਾਰਕ ਮੈਂਬਰਾਂ, ਪਿੰਡ ਵਾਸੀਆਂ, ਕਿਸਾਨ ਯੂਨੀਅਨ ਅਤੇ ਹੋਰ ਜਥੇਬੰਦੀਆਂ ਵੱਲੋਂ ਥਾਣਾ ਮੌੜ ਵਿਖੇ ਧਰਨਾ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਤੇ ਪੁਲਸ ਪ੍ਰਸ਼ਾਸਨ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਬੂਟਾ ਖਾਂ ਦੇ ਕਾਤਲਾਂ ਦੀ ਗ੍ਰਿਫ਼ਤਾਰੀ ਦੀ ਮੰਗ ਕੀਤੀ ਗਈ। ਅੱਜ 'ਬੂਟਾ ਖਾਂ ਕਤਲ ਕਾਂਡ ਸੰਘਰਸ਼ ਕਮੇਟੀ' ਦੇ ਝੰਡੇ ਹੇਠ ਥਾਣਾ ਮੌੜ ਵਿਖੇ ਦਿੱਤੇ ਗਏ ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਬਲਦੇਵ ਸਿੰਘ ਸੰਦੋਹਾ, ਗੁਰਮੇਲ ਸਿੰਘ ਮੇਲਾ, ਕਿਸਾਨ ਆਗੂ ਗੁਰਚਤਰ ਸਿੰਘ, ਰਮਨਦੀਪ ਸਿੰਘ ਮੌੜ ਕਲਾਂ, ਪ੍ਰਗਟ ਸਿੰਘ ਮੌੜ ਕਲਾਂ, ਕਾਮਰੇਡ ਮੱਖਣ ਸਿੰਘ, ਰੇਸ਼ਮ ਸਿੰਘ ਯਾਤਰੀ, ਪ੍ਰਿਤਪਾਲ ਸਿੰਘ ਆਗੂ ਮੁਕਤੀ ਮਜ਼ਦੂਰ ਮੋਰਚਾ, ਬਲਰਾਜ ਸਿੰਘ ਤਰਕਸ਼ੀਲ, ਕੁਲਵੰਤ ਸਿੰਘ ਮਾਨਸਾ, ਸੁਰਜੀਤ ਸਿੰਘ ਸੰਦੋਹਾ ਨੇ ਕਿਹਾ ਕਿ ਪੁਲਸ ਪ੍ਰਸ਼ਾਸਨ ਜੇਕਰ ਚਾਹੁੰਦਾ ਤਾਂ ਹੁਣ ਤੱਕ ਬੂਟਾ ਖਾਂ ਦੇ ਕਾਤਲਾਂ ਨੂੰ ਲੱਭ ਕੇ ਗ੍ਰਿਫ਼ਤਾਰ ਕਰ ਸਕਦਾ ਸੀ ਪਰ ਪੁਲਸ ਪ੍ਰਸ਼ਾਸਨ ਵੱਲੋਂ ਕਾਤਲਾਂ ਨੂੰ ਗ੍ਰਿਫ਼ਤਾਰ ਕਰਨਾ ਤਾਂ ਦੂਰ ਦੀ ਗੱਲ ਉਹ ਉਨ੍ਹਾਂ ਦੀ ਉਘ-ਸੁੱਘ ਵੀ ਨਹੀਂ ਕੱਢ ਸਕਿਆ।
ਉਨ੍ਹਾਂ ਕਿਹਾ ਕਿ ਪੁਲਸ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਤੋਂ ਸਪੱਸ਼ਟ ਹੁੰਦਾ ਹੈ ਕਿ ਦਾਲ ਵਿਚ ਬਹੁਤ ਕੁਝ ਕਾਲਾ ਹੈ। ਇਸੇ ਕਾਰਨ ਪ੍ਰਸ਼ਾਸਨ ਇਕ ਗਰੀਬ ਪਰਿਵਾਰ ਨੂੰ ਇਨਸਾਫ਼ ਦੇਣ ਲਈ ਆਪਣਾ ਫਰਜ਼ ਸਹੀ ਢੰਗ ਨਾਲ ਨਹੀ ਨਿਭਾਅ ਰਿਹਾ। ਉਨ੍ਹਾਂ ਕਿਹਾ ਕਿ ਲੋਕ ਹਿੱਤਾਂ ਲਈ ਲੜਨ ਵਾਲੀਆਂ ਜਥੇਬੰਦੀਆਂ ਬੂਟਾ ਖਾਂ ਅਤੇ ਉਸ ਦੇ ਪਰਿਵਾਰ ਨੂੰ ਇਨਸਾਫ਼ ਦਿਵਾ ਕੇ ਰਹਿਣਗੀਆਂ ਅਤੇ ਜੇਕਰ ਪੁਲਸ ਪ੍ਰਸ਼ਾਸਨ ਨੇ ਬੂਟਾ ਖਾਂ ਦੇ ਕਾਤਲਾਂ ਨੂੰ ਲੱਭ ਕੇ ਜਲਦ ਤੋਂ ਜਲਦ ਗ੍ਰਿਫ਼ਤਾਰ ਨਾ ਕੀਤਾ ਤਾਂ ਉਨ੍ਹਾਂ ਦਾ ਸੰਘਰਸ਼ ਦਿਨੋ-ਦਿਨ ਤਿੱਖਾ ਹੁੰਦਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਪੁਲਸ ਪ੍ਰਸ਼ਾਸਨ ਦੀ ਹੋਵੇਗੀ। ਇਸ ਮੌਕੇ ਭਾਰੀ ਗਿਣਤੀ 'ਚ ਧਰਨਾਕਾਰੀ ਮੌਜੂਦ ਸਨ। ਇਸ ਸਬੰਧੀ ਥਾਣਾ ਮੌੜ ਦੇ ਐੱਸ. ਐੱਚ. ਓ. ਗੁਰਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਮੈਂ ਦੋ ਦਿਨ ਪਹਿਲਾਂ ਹੀ ਜੁਆਇਨ ਕੀਤਾ ਹੈ, ਇਸ ਮਾਮਲੇ ਦੀ ਹਰ ਪਹਿਲੂ ਤੋਂ ਜਾਂਚ ਕਰ ਰਿਹਾ ਹਾਂ ਤਾਂ ਜੋ ਇਸ ਕਤਲ ਦੀ ਗੁੱਥੀ ਸੁਲਝ ਸਕੇ ਅਤੇ ਮੈਂ ਵਿਸ਼ਵਾਸ ਨਾਲ ਕਹਿੰਦਾ ਹਾਂ ਕਿ ਜਲਦ ਹੀ ਪੁਲਸ ਕਾਤਲਾਂ ਤੱਕ ਪਹੁੰਚ ਜਾਵੇਗੀ।


Related News