3.30 ਕਰੋੜ ਦੇ ਬਕਾਏ ਦੀ ਅਦਾਇਗੀ ਨਾ ਕਰਨ ''ਤੇ ਭੜਕੇ ਟਰੱਕ ਆਪ੍ਰੇਟਰ ਮੰਡੀਆਂ ''ਚੋਂ ਢੋਆ-ਢੁਆਈ ਨਾ ਕਰਨ ਦਾ ਐਲਾਨ
Wednesday, Oct 04, 2017 - 06:55 AM (IST)
ਭਵਾਨੀਗੜ੍ਹ(ਸੰਜੀਵ)- ਪਿਛਲੇ ਹਾੜੀ ਦੇ ਸੀਜ਼ਨ ਦੌਰਾਨ ਟਰੱਕ ਯੂਨੀਅਨਾਂ ਵੱਲੋਂ ਕੀਤੇ ਗਏ ਕੰਮ ਦੀ 3 ਕਰੋੜ 30 ਲੱਖ ਰੁਪਏ ਦੀ ਪੇਮੈਂਟ ਨਾ ਮਿਲਣ ਤੋਂ ਭੜਕੇ ਟਰੱਕ ਆਪ੍ਰੇਟਰਾਂ ਨੇ ਇਕੱਠੇ ਹੋ ਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਝੋਨੇ ਦੇ ਚੱਲ ਰਹੇ ਸੀਜ਼ਨ 'ਚ ਮੰਡੀਆਂ ਵਿਚੋਂ ਢੋਆ-ਢੁਆਈ ਦਾ ਕੰਮ ਨਾ ਕਰਨ ਦਾ ਐਲਾਨ ਕੀਤਾ। 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਟਰੱਕ ਯੂਨੀਅਨ ਦੇ ਪ੍ਰਧਾਨ ਵਿਪਨ ਕੁਮਾਰ ਸ਼ਰਮਾ ਅਤੇ ਆਲ ਟਰੱਕ ਆਪ੍ਰੇਟਰ ਯੂਨੀਅਨ ਦੇ ਸੂਬਾ ਕੋਰ ਕਮੇਟੀ ਮੈਂਬਰ ਗੁਰਤੇਜ ਸਿੰਘ ਝਨੇੜੀ ਨੇ ਕਿਹਾ ਕਿ ਹਾੜੀ ਦੇ ਸੀਜ਼ਨ ਦੌਰਾਨ ਕੀਤੇ ਕੰਮ ਦੀ ਪੇਮੈਂਟ ਲੈਣ ਲਈ ਵੱਖ-ਵੱਖ ਅਧਿਕਾਰੀਆਂ ਨੂੰ ਮਿਲਣ ਦੇ ਬਾਵਜੂਦ ਕੋਈ ਹੱਲ ਨਹੀਂ ਹੋਇਆ। ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਕਈ ਮਹੀਨਿਆਂ ਤੋਂ ਲਾਰੇ ਲਾਏ ਜਾ ਰਹੇ ਹਨ, ਜਿਸ ਤੋਂ ਦੁਖੀ ਹੋ ਕੇ ਉਹ ਪੰਜਾਬ ਸਰਕਾਰ ਖਿਲਾਫ ਸਖਤ ਰੁਖ਼ ਅਖਤਿਆਰ ਕਰਨ ਲਈ ਮਜਬੂਰ ਹੋਏ ਹਨ। ਇਸ ਤੋਂ ਇਲਾਵਾ ਪੰਜਾਬ ਪੱਲੇਦਾਰ ਮਜ਼ਦੂਰ ਦਲ ਦੇ ਪ੍ਰਧਾਨ ਰਾਮ ਸਿੰਘ ਮੱਟਰਾ ਨੇ ਕਿਹਾ ਕਿ ਉਹ ਟਰੱਕ ਯੂਨੀਅਨ ਦੇ ਨਾਲ ਚੱਟਾਨ ਵਾਂਗ ਖੜ੍ਹੇ ਹਨ ਅਤੇ ਝੋਨੇ ਦੇ ਸੀਜ਼ਨ ਦੌਰਾਨ ਪੱਲੇਦਾਰਾਂ ਵੱਲੋਂ ਕੋਈ ਵੀ ਲੁਹਾਈ-ਲਦਾਈ ਦਾ ਕੰਮ ਨਹੀਂ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਪ੍ਰਧਾਨ ਰਣਜੀਤ ਸਿੰਘ ਤੂਰ, ਸਾਬਕਾ ਪ੍ਰਧਾਨ ਹਰਜੀਤ ਸਿੰਘ ਬੀਟਾ, ਸਾਬਕਾ ਪ੍ਰਧਾਨ ਭਰਭੂਰ ਸਿੰਘ ਫੱਗੂਵਾਲਾ, ਨਿਹਾਲ ਸਿੰਘ ਨੰਦਗੜ੍ਹ ਮੀਤ ਪ੍ਰਧਾਨ ਯੂਥ, ਪਰਮਜੀਤ ਸਿੰਘ ਕਾਕੜਾ ਤੋਂ ਇਲਾਵਾ ਵੱਡੀ ਗਿਣਤੀ ਵਿਚ ਟਰੱਕ ਆਪ੍ਰੇਟਰ ਹਾਜ਼ਰ ਸਨ।
