ਵਪਾਰੀਆਂ ਨੇ ਦਿੱਤੀ ਚਿਤਾਵਨੀ; ਇਨਸਾਫ਼ ਨਾ ਮਿਲਿਆ ਤਾਂ ਕਰਨਗੇ ਸ਼ਹਿਰ ਬੰਦ
Friday, Sep 08, 2017 - 02:33 AM (IST)
ਮਾਨਸਾ(ਜੱਸਲ)-ਸ਼ਹਿਰ ਦੇ ਇਕ ਕਾਰੋਬਾਰੀ ਦੇ ਘਰ ਨਾਬਾਲਿਗ ਬੱਚੇ ਦੀ ਭੇਤਭਰੀ ਹਾਲਤ ਵਿਚ ਫਾਹਾ ਲੈਣ ਨਾਲ ਹੋਈ ਮੌਤ ਦੇ ਮਾਮਲੇ ਨੂੰ ਲੈ ਕੇ ਵਪਾਰੀਆਂ ਅਤੇ ਕੁਝ ਹੋਰ ਜਥੇਬੰਦੀਆਂ ਨੇ ਇਸ ਮਾਮਲੇ ਨੂੰ ਤੂਲ ਦੇਣ ਵਾਲੀਆਂ ਜਥੇਬੰਦੀਆਂ ਦਾ ਵਿਰੋਧ ਕਰਦਿਆਂ ਪੁਲਸ ਨੂੰ ਇਸ ਮਾਮਲੇ ਦੀ ਜਾਂਚ ਕਰ ਕੇ ਸੱਚਾਈ ਸਾਹਮਣੇ ਲਿਆਉਣ ਦੀ ਮੰਗ ਕੀਤੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਜਥੇਬੰਦੀਆਂ ਦੇ ਕਹਿਣ 'ਤੇ ਪੁਲਸ ਖੁਦਕੁਸ਼ੀ ਦੇ ਇਸ ਮਾਮਲੇ ਨੂੰ ਕਤਲ ਦੇ ਮਾਮਲੇ ਵਿਚ ਬਦਲ ਕੇ ਕੁਝ ਵਿਅਕਤੀਆਂ ਨੂੰ ਦੋਸ਼ੀ ਠਹਿਰਾਉਂਦੀ ਹੈ ਤਾਂ ਉਹ 9 ਸਤੰਬਰ ਨੂੰ ਮਾਨਸਾ ਸ਼ਹਿਰ ਬੰਦ ਕਰਨਗੇ। ਥਾਣਾ ਸਿਟੀ-1 ਮਾਨਸਾ ਦੇ ਪੁਲਸ ਅਧਿਕਾਰੀਆਂ ਨੂੰ ਮਿਲਣ ਮੌਕੇ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਮੁਨੀਸ਼ ਬੱਬੀ ਦਾਨੇਵਾਲੀਆ, ਅਗਰਵਾਲ ਸਭਾ ਦੇ ਪ੍ਰਸ਼ੋਤਮ ਬਾਂਸਲ, ਅੰਮ੍ਰਿਤਪਾਲ ਠੇਕੇਦਾਰ, ਅਸ਼ੋਕ ਦਾਨੇਵਾਲੀਆ ਨੇ ਮੰਗ ਕੀਤੀ ਹੈ ਕਿ ਜੇਕਰ ਇਸ ਮਾਮਲੇ ਵਿਚ ਕੋਈ ਦੋਸ਼ੀ ਨਿਕਲਦਾ ਹੈ ਤਾਂ ਉਸ 'ਤੇ ਪਰਚਾ ਦਰਜ ਕੀਤਾ ਜਾਵੇ ਅਤੇ ਇਸ ਵਿਚ ਕਿਸੇ ਬੇਕਸੂਰ ਨੂੰ ਜ਼ਿੰਮੇਵਾਰ ਠਹਿਰਾਅ ਕੇ ਉਸ ਨੂੰ ਡਰਾਇਆ-ਧਮਕਾਇਆ ਨਾ ਜਾਵੇ। ਥਾਣਾ ਸਿਟੀ-1 ਦੇ ਮੁਖੀ ਹਰਵਿੰਦਰ ਸਿੰਘ ਸਰ੍ਹਾਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਦਕਿ ਲਿਬਰੇਸ਼ਨ ਆਗੂ ਭਗਵੰਤ ਸਿੰਘ ਸਮਾਉਂ, ਅਮਰੀਕ ਸਿੰਘ ਸਮਾਉਂ ਅਤੇ ਗੁਰਸੇਵਕ ਸਿੰਘ ਮਾਣ ਦਾ ਕਹਿਣਾ ਹੈ ਕਿ ਇਹ ਮਾਮਲਾ ਖੁਦਕੁਸ਼ੀ ਦਾ ਨਹੀਂ ਬਲਕਿ ਇਸ ਦੀ ਜਾਂਚ ਕਰਨ ਦੀ ਲੋੜ ਹੈ।
