ਕਾਤਲਾਂ ਦੀ ਗ੍ਰਿਫਤਾਰੀ ਲਈ ਪੁਲਸ ਚੌਕੀ ਘੇਰੀ

08/01/2017 6:55:52 AM

ਲਹਿਰਾਗਾਗਾ(ਜਿੰਦਲ, ਪ.ਪ.)- ਅਕਾਲੀ ਆਗੂ ਤੇ ਪਿੰਡ ਅਲੀਸ਼ੇਰ ਦੇ ਸਾਬਕਾ ਸਰਪੰਚ ਹਰਮੇਸ਼ ਚੰਦ ਮੇਸ਼ੀ, ਜੋ ਪਿਛਲੇ ਦਿਨੀਂ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ, ਦੀ ਮੌਤ ਦੇ ਮਾਮਲੇ ਨੇ ਸੋਮਵਾਰ ਨੂੰ ਨਵਾਂ ਮੋੜ ਲੈ ਲਿਆ ਜਦੋਂ ਪਿੰਡ ਵਾਸੀਆਂ ਅਤੇ ਇਲਾਕੇ ਦੇ ਅਕਾਲੀ ਆਗੂਆਂ ਨੇ ਪੁਲਸ ਚੌਕੀ ਚੋਟੀਆਂ ਅੱਗੇ ਰੋਸ ਪ੍ਰਦਰਸ਼ਨ ਕੀਤਾ। ਮ੍ਰਿਤਕ ਦੇ ਪੁੱਤਰ ਰਜਿੰਦਰ ਕੁਮਾਰ ਨੇ ਕਥਿਤ ਤੌਰ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਮੇਰੇ ਪਿਤਾ ਦੀ ਮੌਤ ਸੜਕ ਹਾਦਸੇ ਦੌਰਾਨ ਨਹੀਂ ਹੋਈ ਬਲਕਿ ਉਨ੍ਹਾਂ ਦਾ ਪੁਰਾਣੀ ਰੰਜਿਸ਼ ਕਾਰਨ ਸਾਜ਼ਿਸ਼ ਤਹਿਤ ਕਤਲ ਕੀਤਾ ਗਿਆ ਹੈ। ਉਸਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਦੋਸ਼ੀਆਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਉਦੋਂ ਤੱਕ ਉਸਦੇ ਪਿਤਾ ਦੀ ਲਾਸ਼ ਦਾ ਪੋਸਟਮਾਰਟਮ ਅਤੇ ਸਸਕਾਰ ਨਹੀਂ ਕੀਤਾ ਜਾਵੇਗਾ। ਵੱਡੇ ਪੱਧਰ 'ਤੇ ਸੰਘਰਸ਼ ਵਿੱਢਣ ਦੀ ਚਿਤਾਵਨੀ :  ਇਸ ਮੌਕੇ ਜਥੇਦਾਰ ਰਾਮਪਾਲ ਸਿੰਘ ਬਹਿਣੀਵਾਲ, ਗੋਬਿੰਦਪੁਰਾ ਜਵਾਹਰਵਾਲਾ ਦੇ ਸਰਪੰਚ ਕੁਲਵੰਤ ਕਾਂਤੀ, ਸਾਬਕਾ ਸਰਪੰਚ ਗੁਰਮੇਲ ਬਖੋਰਾ ਆਦਿ ਨੇ ਕਿਹਾ ਕਿ ਹਰਮੇਸ਼ ਮੇਸ਼ੀ ਦੇ ਪਰਿਵਾਰ ਨਾਲ ਅਕਾਲੀ ਦਲ ਚੱਟਾਨ ਵਾਂਗ ਖੜ੍ਹਾ ਹੈ ਅਤੇ ਜਿਨ੍ਹਾਂ ਨੇ ਵੀ ਹਰਮੇਸ਼ ਮੇਸ਼ੀ ਦਾ ਕਤਲ ਕੀਤਾ ਹੈ, ਜੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ 'ਚ ਪੁਲਸ ਵੱਲੋਂ ਢਿੱਲ ਵਰਤੀ ਗਈ ਤਾਂ ਮੰਗਲਵਾਰ ਨੂੰ ਇਲਾਕੇ ਦੇ ਅਕਾਲੀ ਆਗੂਆਂ ਅਤੇ ਹੋਰ ਲੋਕਾਂ ਦੇ ਸਹਿਯੋਗ ਨਾਲ ਵੱਡੇ ਪੱਧਰ 'ਤੇ ਧਰਨਾ ਦਿੱਤਾ ਜਾਵੇਗਾ । ਢਿੱਲ ਨਹੀਂ ਵਰਤ ਰਹੀ ਪੁਲਸ : ਥਾਣਾ ਮੁਖੀ : ਥਾਣਾ ਲਹਿਰਾ ਮੁਖੀ ਡਾ. ਜਗਵੀਰ ਸਿੰਘ ਨੇ ਕਿਹਾ ਕਿ ਪੁਲਸ ਵੱਲੋਂ ਕਿਸੇ ਵੀ ਤਰ੍ਹਾਂ ਦੀ ਕੋਈ ਢਿੱਲ ਨਹੀਂ ਵਰਤੀ ਜਾ ਰਹੀ। ਪੁਲਸ ਵੱਲੋਂ ਜੋ ਮੁਕੱਦਮਾ ਦਰਜ ਕੀਤਾ ਗਿਆ ਸੀ, ਉਸ ਵਿਚ ਹੋਰ ਧਾਰਾ ਲਾ ਕੇ ਵਾਧਾ ਕਰ ਦਿੱਤਾ ਗਿਆ ਹੈ ਅਤੇ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਵੇਗਾ।


Related News