ਪੁਲਸ ਦੀ ਢਿੱਲੀ ਕਾਰਗੁਜ਼ਾਰੀ ਖਿਲਾਫ ਬਸਪਾ ਨੇ ਲਾਇਆ ਧਰਨਾ

07/26/2017 2:10:24 AM

ਦਲਿਤ ਲੜਕੀ ਨਾਲ ਛੇੜਛਾੜ ਤੇ ਮਾਂ-ਬਾਪ ਦੀ ਕੁੱਟਮਾਰ ਕਰਨ ਦਾ ਮਾਮਲਾ ਗਰਮਾਇਆ
ਬੁਢਲਾਡਾ(ਬਾਂਸਲ)-ਇਥੋ ਨਜ਼ਦੀਕੀ ਪਿੰਡ ਬਰ੍ਹੇ ਦੇ ਇਕ ਦਲਿਤ ਪਰਿਵਾਰ ਦੀ ਲੜਕੀ ਨਾਲ ਛੇੜਛਾੜ ਕਰਨ ਤੇ ਉਸ ਦੇ ਮਾਪਿਆਂ ਦੀ ਕੁੱਟਮਾਰ ਕਰਨ ਦੇ ਮਾਮਲੇ ਵਿਚ ਮੁਲਜ਼ਮਾਂ ਖਿਲਾਫ ਕਾਰਵਾਈ ਨੂੰ ਲੈ ਕੇ ਪੁਲਸ ਦੀ ਢਿੱਲੀ ਕਾਰਗੁਜ਼ਾਰੀ ਖਿਲਾਫ ਬਹੁਜਨ ਸਮਾਜ ਪਾਰਟੀ ਵੱਲੋਂ ਅੱਜ ਡੀ. ਐੱਸ. ਪੀ. ਦਫਤਰ ਦੇ ਬਾਹਰ ਧਰਨਾ ਦੇ ਕੇ ਪੁਲਸ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਪਾਰਟੀ ਦੇ ਜ਼ੋਨ ਮੈਂਬਰ ਆਤਮਾ ਪ੍ਰਸਾਦ ਨੇ ਕਿਹਾ ਕਿ ਅੱਜ ਦਲਿਤਾਂ ਨੂੰ ਲੁੱਟਿਆ ਅਤੇ ਕੁੱਟਿਆ ਜਾ ਰਿਹਾ ਹੈ। ਪੁਲਸ ਮੂਕ ਦਰਸ਼ਕ ਬਣ ਕੇ ਸਭ ਦੇਖ ਰਹੀ ਹੈ ਤੇ ਮੁਲਜ਼ਮ ਸ਼ਰੇਆਮ ਘੁੰਮ ਰਹੇ ਹਨ। ਜ਼ਿਲਾ ਪ੍ਰਧਾਨ ਰਘੁਬੀਰ ਸਿੰਘ ਰਾਮਗੜ੍ਹੀਆ ਨੇ ਦੱਸਿਆ ਕਿ ਪਿੰਡ ਬਰ੍ਹੇ ਵਿਖੇ ਦਲਿਤ ਪਰਿਵਾਰ ਦੇ ਘਰ ਦੇ ਨਜ਼ਦੀਕ ਸਪੀਕਰ ਉੱਚੀ ਕਰ ਕੇ ਬੇਤੁੱਕੇ ਗਾਣੇ ਵਜਾਉਣ ਤੇ ਹੁਲੜਬਾਜ਼ੀ ਤੋਂ ਰੋਕਣ ਦਾ ਵਿਰੋਧ ਕਰਨ ਵਾਲੇ ਦਲਿਤ ਪਰਿਵਾਰ ਨੂੰ ਕੁੱਟਮਾਰ ਦਾ ਸ਼ਿਕਾਰ ਹੋਣਾ ਪਿਆ ਸੀ, ਜਿਸ ਘਟਨਾ ਦੀ ਜਾਣਕਾਰੀ ਘਰ ਦੇ ਮੈਂਬਰ ਜਗਦੇਵ ਸਿੰਘ ਨੇ ਤੁਰੰਤ ਪੁਲਸ ਨੂੰ ਦਿੱਤੀ ਪਰ ਮੌਕੇ 'ਤੇ ਕਾਰਵਾਈ ਨਾ ਹੋਣ ਕਾਰਨ ਉਕਤ ਮੁਲਜ਼ਮਾਂ ਦੇ ਹੌਸਲੇ ਬੁਲੰਦ ਹੋ ਗਏ ਸਨ, ਜਿਸ ਦੇ ਸਿੱਟੇ ਵਜੋਂ ਇਸ ਮਾਮਲੇ ਦਾ ਵਿਰੋਧ ਕਰਨ 'ਤੇ ਬੀਤੇ ਦਿਨੀਂ ਘਰ 'ਚ ਦਾਖਲ ਹੋ ਕੇ ਔਰਤ ਅਤੇ ਉਸ ਦੇ ਪਤੀ ਦੀ ਕੁੱਟਮਾਰ ਕਰ ਕੇ ਗੰਭੀਰ ਰੂਪ 'ਚ ਜ਼ਖਮੀ ਕਰ ਦਿੱਤਾ। ਜ਼ਖਮੀ ਜੋੜੇ ਨੂੰ ਸਰਕਾਰੀ ਹਸਪਤਾਲ ਬੁਢਲਾਡਾ ਵਿਖੇ ਦਾਖਲ ਕਰਵਾਇਆ ਗਿਆ, ਜਿਥੇ ਹਾਲਤ ਗੰਭੀਰ ਹੋਣ ਕਾਰਨ ਔਰਤ ਨੂੰ ਮਾਨਸਾ ਅਤੇ ਉਸ ਦੇ ਪਤੀ ਨੂੰ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕਰ ਦਿੱਤਾ ਪਰ ਪੁਲਸ ਨੇ ਯੋਗ ਧਾਰਾਵਾਂ ਦੇ ਮੁਤਾਬਕ ਮੁਕੱਦਮਾ ਦਰਜ ਨਹੀਂ ਕੀਤਾ। ਇਨਸਾਫ ਦੀ ਪ੍ਰਾਪਤੀ ਲਈ ਬਹੁਜਨ ਸਮਾਜ ਪਾਰਟੀ ਵੱਲੋਂ ਮਜਬੂਰਨ ਇਹ ਧਰਨਾ ਲਾਇਆ ਗਿਆ ਹੈ। ਇਸ ਮੌਕੇ ਮੁਹੰਮਦ ਸ਼ਰਬਰ ਕੂਰੇਸ਼ੀ, ਸ਼ੇਰ ਸਿੰਘ ਸ਼ੇਰ ਨੇ ਐਲਾਨ ਕੀਤਾ ਕਿ ਜੇਕਰ ਪੁਲਸ ਨੇ ਦੋਸ਼ੀ ਤੁਰੰਤ ਗ੍ਰਿਫਤਾਰ ਨਾ ਕੀਤੇ ਤਾਂ ਮਜਬੂਰਨ ਚੱਕਾ ਜਾਮ ਕੀਤਾ ਜਾਵੇਗਾ। ਇਸ ਮੌਕੇ ਮੱਖਣ ਸਿੰਘ, ਜਗਦੀਸ਼ ਬਰੇਟਾ, ਕਾਕਾ ਸਿੰਘ, ਜਸਵੰਤ ਸੇਰਖਾਂਵਾਲਾ, ਰਾਮਫਲ ਕੁਲਾਣਾ, ਵਿਸਾਖਾ ਅੱਕਾਂਵਾਲੀ, ਭੋਲਾ ਬਰ੍ਹੇ, ਗੁਰਤੇਜ ਬਰ੍ਹੇ, ਹਰਮੇਸ਼ ਬਰ੍ਹੇ, ਮਿੱਠਾ ਸਿੰਘ, ਸੁਖਵਿੰਦਰ ਸਿੰਘ ਨੇ ਵੀ ਵਿਚਾਰ ਪੇਸ਼ ਕੀਤੇ। ਦੂਸਰੇ ਪਾਸੇ ਡੀ. ਐੱਸ. ਪੀ. ਬੁਢਲਾਡਾ ਮਨਵਿੰਦਰ ਬੀਰ ਸਿੰਘ ਨੇ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ ਕਿ ਮੁਲਜ਼ਮਾਂ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।


Related News