ਕੱਪੜੇ ''ਤੇ ਜੀ. ਐੱਸ. ਟੀ. ਲਾਉਣ ਦੇ ਵਿਰੋਧ ''ਚ ਰੋਸ ਮਾਰਚ

06/16/2017 7:20:08 AM

ਸੰਗਰੂਰ(ਬੇਦੀ, ਵਿਵੇਕ ਸਿੰਧਵਾਨੀ, ਯਾਦਵਿੰਦਰ)-ਕੱਪੜੇ 'ਤੇ ਲਾਏ ਜਾ ਰਹੇ ਜੀ. ਐੱਸ. ਟੀ. ਦੇ ਵਿਰੋਧ 'ਚ ਕੱਪੜਾ ਵਪਾਰੀਆਂ ਵੱਲੋਂ ਦਿੱਤੇ ਗਏ ਭਾਰਤ ਬੰਦ ਦੇ ਸੱਦੇ 'ਤੇ ਸਥਾਨਕ ਕਲੌਥ ਮਰਚੈਂਟਸ ਐਸੋਸੀਏਸ਼ਨ ਸੰਗਰੂਰ ਦੀ ਅਗਵਾਈ 'ਚ ਕੱਪੜਾ ਵਪਾਰੀਆਂ ਨੇ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਸ਼ਹਿਰ 'ਚ ਰੋਸ ਮਾਰਚ ਕੱਢਿਆ ਅਤੇ ਕੇਂਦਰ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕੀਤੀ।   ਇਸ ਉਪਰੰਤ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੱਤਾ ਗਿਆ। ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਦੇਸ਼ 'ਚ ਪਹਿਲੀ ਵਾਰ ਕੱਪੜੇ 'ਤੇ ਮੋਦੀ ਸਰਕਾਰ ਵੱਲੋਂ ਜੀ. ਐੱਸ. ਟੀ. ਤਹਿਤ ਟੈਕਸ ਲਾਇਆ ਜਾ ਰਿਹਾ ਹੈ, ਜੋ ਬਿਲਕੁਲ ਗਲਤ ਹੈ ਅਤੇ ਕੱਪੜਾ ਵਪਾਰੀ ਇਸ ਦਾ ਪੁਰਜ਼ੋਰ ਵਿਰੋਧ ਕਰਦੇ ਹਨ। ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਅਰੁਣ ਜੇਤਲੀ ਤੋਂ ਮੰਗ ਕੀਤੀ ਕਿ ਕੱਪੜੇ 'ਤੇ ਲਾਏ ਜਾ ਰਹੇ ਟੈਕਸ ਨੂੰ ਵਾਪਸ ਲਿਆ ਜਾਵੇ। ਇਸ ਮੌਕੇ ਪ੍ਰਧਾਨ ਨਰਾਇਣ ਦਾਸ, ਚੇਅਰਮੈਨ ਗੋਪਾਲ ਦਾਸ, ਸੈਕਟਰੀ ਮੁਨੀਸ਼ ਕੁਮਾਰ ਰਾਜੂ, ਵਾਈਸ ਪ੍ਰਧਾਨ ਸੰਜੇ ਗੁਪਤਾ, ਕੈਸ਼ੀਅਰ ਪ੍ਰਵੀਨ ਕੁਮਾਰ ਜੌਨੀ, ਜੁਆਇੰਟ ਕੈਸ਼ੀਅਰ ਵਿਜੇ ਚੌਹਾਨ ਆਦਿ ਹਾਜ਼ਰ ਸਨ। ਇਥੇ ਵੀ ਕੱਪੜੇ ਦੇ ਸਮੂਹ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਰੱਖ ਕੇ ਸ਼ਹਿਰ ਵਿਚ ਦੀ ਰੋਸ ਮਾਰਚ ਕੱਢਿਆ। ਇਸ ਉਪਰੰਤ ਡੀ. ਸੀ. ਬਰਨਾਲਾ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਕੱਪੜਾ ਐਸੋਸੀਏਸ਼ਨ ਦੇ ਪ੍ਰਧਾਨ ਸਤਪਾਲ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕੱਪੜੇ 'ਤੇ 5 ਫੀਸਦੀ ਟੈਕਸ ਲਾ ਕੇ ਕੱਪੜਾ ਵਪਾਰੀਆਂ ਨਾਲ ਧੱਕਾ ਕੀਤਾ ਹੈ। ਕੱਪੜੇ 'ਤੇ ਟੈਕਸ ਲੱਗਣ ਕਾਰਨ ਕੱਪੜਾ ਮਹਿੰਗਾ ਹੋਵੇਗਾ ਅਤੇ ਲੋੜਵੰਦ ਪਰਿਵਾਰਾਂ ਨੂੰ ਤਾਂ ਕੱਪੜਾ ਖਰੀਦਣਾ ਮੁਸ਼ਕਿਲ ਹੋ ਜਾਵੇਗਾ। ਜਿਸ ਤਰ੍ਹਾਂ ਅਨਾਜ 'ਤੇ ਕੋਈ ਟੈਕਸ ਨਹੀਂ ਲਾਇਆ ਗਿਆ ਉਸੇ ਤਰ੍ਹਾਂ ਕੱਪੜੇ 'ਤੇ ਵੀ ਕੋਈ ਟੈਕਸ ਨਹੀਂ ਲਾਉਣਾ ਚਾਹੀਦਾ ਸੀ। ਕੱਪੜਾ ਲੋਕਾਂ ਦੀ ਬੁਨਿਆਦੀ ਸਹੂਲਤ ਹੈ। ਸਰਕਾਰ ਵੱਲੋਂ ਪਹਿਲਾਂ ਇਹ ਕਿਹਾ ਗਿਆ ਸੀ ਕਿ ਅਤਿ ਜ਼ਰੂਰੀ ਬੁਨਿਆਦੀ ਸਹੂਲਤਾਂ ਨੂੰ ਟੈਕਸ ਦੇ ਦਾਇਰੇ ਤੋਂ ਬਾਹਰ ਰੱਖਿਆ ਜਾਵੇਗਾ ਪਰ ਟੈਕਸ ਲਾ ਕੇ ਸਾਡੇ ਨਾਲ ਧੋਖਾ ਕੀਤਾ ਗਿਆ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਮੌਕੇ ਕੱਪੜਾ ਵਪਾਰੀ ਕੇਵਲ ਕ੍ਰਿਸ਼ਨ, ਹਰੀਸ਼ ਕੁਮਾਰ ਘੋਦੀ ਵੀ ਹਾਜ਼ਰ ਸਨ।


Related News