ਪੰਜਾਬ ''ਚ ਵੀ ਲਾਗੂ ਹੋਵੇ ਭਾਅ-ਅੰਤਰ ਭਰਪਾਈ ਯੋਜਨਾ : ਭਾਜਪਾ

Wednesday, Jan 03, 2018 - 09:30 AM (IST)

ਪੰਜਾਬ ''ਚ ਵੀ ਲਾਗੂ ਹੋਵੇ ਭਾਅ-ਅੰਤਰ ਭਰਪਾਈ ਯੋਜਨਾ : ਭਾਜਪਾ


ਚੰਡੀਗੜ (ਬਿਊਰੋ) - ਹਰਿਆਣਾ ਸਰਕਾਰ ਦੀ ਤਰਜ਼ 'ਤੇ ਪੰਜਾਬ ਸਰਕਾਰ ਭਾਅ-ਅੰਤਰ ਭਰਪਾਈ ਯੋਜਨਾ ਪੰਜਾਬ ਦੇ ਕਿਸਾਨਾਂ ਲਈ ਵੀ ਲਾਗੂ ਕਰੇ ਤਾਂ ਜੋ ਪੰਜਾਬ ਦੇ ਕਿਸਾਨਾਂ ਨੂੰ ਆਲੂ, ਪਿਆਜ਼, ਟਮਾਟਰ, ਗੋਭੀ ਆਦਿ ਅਹਿਮ ਸਬਜ਼ੀਆਂ ਦੀ ਖੇਤੀ 'ਤੇ ਘਾਟਾ ਨਾ ਹੋਵੇ। ਇਹ ਕਹਿਣਾ ਹੈ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਮੀਤ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਅਤੇ ਸੂਬਾ ਸਕੱਤਰ ਵਿਨੀਤ ਜੋਸ਼ੀ ਦਾ, ਜੋ ਕਿ ਭਾਜਪਾ ਦੀ ਅਗਵਾਈ ਵਾਲੀ ਹਰਿਆਣਾ ਸਰਕਾਰ ਦੀ ਇਸ ਕਿਸਾਨ ਪੱਖੀ ਕ੍ਰਾਂਤੀਕਾਰੀ ਯੋਜਨਾ ਦੀ ਪ੍ਰਸ਼ੰਸਾ ਕਰ ਰਹੇ ਸਨ। ਗਰੇਵਾਲ ਅਤੇ ਜੋਸ਼ੀ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਯਾਦ ਕਰਵਾਇਆ ਕਿ ਪੰਜਾਬ ਵਿਚ ਬੀਤੇ 10 ਮਹੀਨਿਆਂ ਵਿਚ 2 ਵਾਰ ਕਿਸਾਨਾਂ ਨੂੰ ਆਪਣੀ ਆਲੂ ਦੀ ਫਸਲ ਸਹੀ ਕੀਮਤ ਨਾ ਮਿਲਣ ਕਾਰਨ ਸੜਕ 'ਤੇ ਰੋਲਣੀ ਪਈ ਅਤੇ ਇਸੇ ਤਰ੍ਹਾਂ ਟਮਾਟਰ, ਗੋਭੀ ਦੀ ਕੀਮਤ ਨਾ ਮਿਲਣ ਕਾਰਨ ਵੀ ਕਿਸਾਨਾਂ ਨੇ ਆਪਣੀਆਂ ਫਸਲਾਂ ਸੜਕਾਂ 'ਤੇ ਸੁੱਟ ਕੇ ਰੋਸ ਜਤਾਇਆ ਸੀ। ਉਨ੍ਹਾਂ ਕਿਹਾ ਕਿ ਇਹ ਯੋਜਨਾ ਸਬਜ਼ੀਆਂ ਦੀ ਖੇਤੀ ਕਰਨ ਵਾਲੇ ਕਿਸਾਨਾਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਅਤੇ ਜੇਕਰ ਹਰਿਆਣਾ ਸਰਕਾਰ ਦੀ ਤਰਜ਼ 'ਤੇ ਪੰਜਾਬ ਸਰਕਾਰ ਇਸ ਸਕੀਮ ਨੂੰ ਲਾਗੂ ਕਰ ਦਿੰਦੀ ਹੈ ਤਾਂ ਪੰਜਾਬ ਵਿਚ ਆਲੂ, ਪਿਆਜ਼, ਟਮਾਟਰ, ਗੋਭੀ ਆਦਿ ਪ੍ਰਮੁੱਖ ਸਬਜ਼ੀਆਂ ਦੀ ਖੇਤੀ ਕਰ ਰਹੇ ਕਿਸਾਨਾਂ ਨੂੰ ਘਾਟਾ ਨਹੀਂ ਪਵੇਗਾ, ਕਿਉਂਕਿ ਉਨ੍ਹਾਂ ਨੂੰ ਹਰ ਹਾਲਤ ਵਿਚ ਅਪਣੀ ਫਸਲ ਦਾ ਸਰਕਾਰ ਵੱਲੋਂ ਐਲਾਨਿਆ ਮੁੱਲ ਮਿਲੇਗਾ।
ਕੀ ਹੈ ਭਾਅ-ਅੰਤਰ ਯੋਜਨਾ-ਮੰਨ ਲਓ ਆਲੂ ਦੀ ਕੀਮਤ 1 ਰੁਪਏ ਕਿਲੋ ਹੈ ਤੇ ਕਿਸਾਨ ਦੀ ਲਾਗਤ ਚਾਰ ਰੁਪਏ ਪ੍ਰਤੀ ਕਿਲੋ ਹੈ। ਕਿਸਾਨ ਨੂੰ ਲਾਗਤ ਤੋਂ ਤਿੰਨ ਰੁਪਏ ਘੱਟ ਦੇ ਮੁੱਲ ਵਿਚ ਆਲੂ ਵੇਚਣੇ ਪੈਂਦੇ ਹਨ ਤਾਂ ਇਨ੍ਹਾਂ ਤਿੰਨ ਰੁਪਇਆਂ ਦੀ ਭਰਪਾਈ ਸਰਕਾਰ ਭਾਅ-ਅੰਤਰ ਭਰਪਾਈ ਯੋਜਨਾ ਅਧੀਨ ਕਰੇਗੀ।


Related News