ਨਸ਼ਾ ਸਮੱਗਲਰ ਪਤੀ-ਪਤਨੀ ਦੀ 25.60 ਲੱਖ ਰੁਪਏ ਦੀ ਪ੍ਰਾਪਰਟੀ ਜ਼ਬਤ, ਚਿਪਕਾਇਆ ਨੋਟਿਸ

Tuesday, Dec 03, 2024 - 02:34 AM (IST)

ਨਸ਼ਾ ਸਮੱਗਲਰ ਪਤੀ-ਪਤਨੀ ਦੀ 25.60 ਲੱਖ ਰੁਪਏ ਦੀ ਪ੍ਰਾਪਰਟੀ ਜ਼ਬਤ, ਚਿਪਕਾਇਆ ਨੋਟਿਸ

ਨੂਰਪੁਰਬੇਦੀ (ਸੰਜੀਵ ਭੰਡਾਰੀ) - ਨੂਰਪੁਰਬੇਦੀ ਪੁਲਸ ਵੱਲੋਂ ਪਿੰਡ ਕੋਲਾਪੁਰ ਨਾਲ ਸਬੰਧਤ ਨਸ਼ਾ ਸਮੱਗਲਰ ਪਤੀ-ਪਤਨੀ ਦੀ ਕਰੀਬ 25.60 ਲੱਖ ਰੁਪਏ ਦੀ ਪ੍ਰਾਪਰਟੀ ਜ਼ਬਤ ਕਰਨ ਸਬੰਧੀ ਕਾਰਵਾਈ ਅਮਲ ਲਿਆਂਦੀ ਗਈ ਹੈ, ਜਿਸ ਨੂੰ ਲੈ ਕੇ ਅੱਜ ਸ੍ਰੀ ਅਨੰਦਪੁਰ ਸਾਹਿਬ ਦੇ ਡੀ. ਐੱਸ. ਪੀ. ਅਜੇ ਸਿੰਘ ਅਤੇ ਥਾਣਾ ਮੁਖੀ ਨੂਰਪੁਰਬੇਦੀ ਨੇ ਪਿੰਡ ਕੋਲਾਪੁਰ ਵਿਖੇ ਪੁਲਸ ਪਾਰਟੀ ਸਮੇਤ ਪਹੁੰਚ ਕੇ ਉਕਤ ਨਸ਼ਾ ਸਮੱਗਲਰ ਪਤੀ-ਪਤਨੀ ਦੇ ਘਰ ਮੂਹਰੇ ਪ੍ਰਾਪਰਟੀ ਦੀ ਜ਼ਬਤੀ ਸਬੰਧੀ ਉਕਤ ਅਥਾਰਟੀ ਵੱਲੋਂ ਜਾਰੀ ਕੀਤਾ ਕਾਨੂੰਨੀ ਨੋਟਿਸ ਚਿਪਕਾ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਮੁਲਜ਼ਮ ਬਲਵੀਰ ਸਿੰਘ ਉਰਫ ਫੌਜੀ ਪੁੱਤਰ ਛੋਟੂ ਰਾਮ ਨਿਵਾਸੀ ਪਿੰਡ ਕੋਲਾਪੁਰ ਥਾਣਾ ਨੂਰਪੁਰਬੇਦੀ ਖਿਲਾਫ ਦਰਜ ਕੁੱਲ 14 ਮਾਮਲਿਆਂ ’ਚੋਂ 9 ਮਾਮਲੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਦਰਜ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਅਜੇ ਸਿੰਘ ਅਤੇ ਥਾਣਾ ਮੁਖੀ ਨੂਰਪੁਰਬੇਦੀ ਇੰਸ. ਗੁਰਵਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ 19 ਜਨਵਰੀ 2023 ਨੂੰ ਮੁਲਜ਼ਮ ਬਲਵੀਰ ਸਿੰਘ ਉਰਫ ਫੌਜੀ ਦੇ ਲੜਕੇ ਪਰਗਟ ਸਿੰਘ ਕੋਲੋਂ ਨਸ਼ੀਲੇ ਪਦਾਰਥ ਬਰਾਮਦ ਹੋਣ ’ਤੇ 19 ਜਨਵਰੀ 2023 ਨੂੰ ਨੂਰਪੁਰਬੇਦੀ ਪੁਲਸ ਵੱਲੋਂ ਮੁਕੱਦਮਾ ਦਰਜ ਕੀਤਾ ਗਿਆ ਸੀ, ਜਿਸ ਨੂੰ ਲੈ ਕੇ ਬਲਵੀਰ ਸਿੰਘ ਫੌਜੀ ਤੇ ਉਸਦੇ ਲੜਕੇ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਦਕਿ ਮਾਮਲੇ ਦੀ ਜਾਂਚ ਦੌਰਾਨ ਅਗਲੇ ਹੀ ਦਿਨ 20 ਜਨਵਰੀ 2023 ਨੂੰ ਉਸਦੀ ਪਤਨੀ ਮਨਜੀਤ ਕੌਰ ਨੂੰ ਵੀ ਇਸ ਮਾਮਲੇ ’ਚ ਨਾਮਜ਼ਦ ਕਰ ਕੇ ਗ੍ਰਿਫਤਾਰ ਕੀਤਾ ਗਿਆ।

ਉਕਤ ਬਰਾਮਦ ਹੋਏ ਨਸ਼ੇ ਦੇ ਸਾਮਾਨ ਦੀ ਮਾਤਰਾ ਕਮਰਸ਼ੀਅਲ ਹੋਣ ਕਾਰਨ ਇਹ ਕੇਸ ਸਖਤ ਸਜ਼ਾ (ਆਰ.ਆਈ.) ਦੇ ਦਾਇਰੇ ’ਚ ਆਉਣ ਕਾਰਨ 10 ਸਾਲ ਜਾਂ ਇਸ ਤੋਂ ਵੱਧ ਦੀ ਸਜ਼ਾ ਦੀ ਵਿਵਸਥਾ ਹੈ, ਜਿਸ ਕਰ ਕੇ ਮੁਲਜ਼ਮ ਬਲਵੀਰ ਸਿੰਘ ਨੂੰ ਐਕਟ ਦੀ 68ਏ (2) (ਸੀ. ਸੀ.) ਧਾਰਾ ਤਹਿਤ ਅਫੈਕਟਿਡ ਪਰਸਨ (ਏ. ਪੀ.) ਮੰਨਿਆ ਗਿਆ ਹੈ, ਜਦਕਿ ਉਸਦੇ ਰਿਸ਼ਤੇਦਾਰਾਂ ਨੂੰ ਵੀ ਐਕਟ ਦੀ ਧਾਰਾ 68 ਏ 2 (ਡੀ) ਤਹਿਤ ਸ਼ਾਮਲ ਕਰ ਕੇ ਅਥਾਰਟੀ ਵੱਲੋਂ ਪ੍ਰਾਪਰਟੀ ਜ਼ਬਤ ਕਰਨ ਦੀ ਕਾਰਵਾਈ ਆਰੰਭੀ ਗਈ ਸੀ।

ਜ਼ਿਕਰਯੋਗ ਹੈ ਕਿ ਉਕਤ ਅਥਾਰਟੀ ਵੱਲੋਂ ਪ੍ਰਾਪਰਟੀ ਨੂੰ ਜ਼ਬਤ ਕੀਤੇ ਜਾਣ ਸਬੰਧੀ ਜਾਰੀ ਹੋਏ ਨੋਟਿਸ ਦੇ ਆਦੇਸ਼ਾਂ ਤੋਂ ਪਹਿਲਾਂ ਕਥਿਤ ਮੁਲਜ਼ਮਾਂ ਨੂੰ ਵੀ ਸੁਣਵਾਈ ਦਾ ਮੌਕਾ ਦਿੱਤਾ ਗਿਆ ਸੀ, ਜਿਨ੍ਹਾਂ ਨੇ ਉਕਤ ਪ੍ਰਾਪਰਟੀ ਨੂੰ ਬਜ਼ੁਰਗਾਂ ਦੀ ਦੱਸਣ ਅਤੇ ਜ਼ਬਤ ਕੀਤੇ ਗਏ ਵ੍ਹੀਹਲ ਨੂੰ ਰਿਸ਼ਤੇਦਾਰਾਂ ਤੋਂ ਹਾਸਲ ਹੋਣ ਸਬੰਧੀ ਆਪਣੇ ਦਸਤਾਵੇਜ਼ ਪੇਸ਼ ਕੀਤੇ ਸਨ ਪਰ ਥਾਣਾ ਮੁਖੀ ਨੂਰਪੁਰਬੇਦੀ ਵੱਲੋਂ ਅਥਾਰਟੀ ਦੇ ਆਦੇਸ਼ਾਂ ’ਤੇ ਕੀਤੀ ਗਈ ਵਿੱਤੀ ਤੇ ਹੋਰ ਜਾਂਚ ਸਮੇਤ ਉਕਤ ਪ੍ਰਾਪਰਟੀ ਅਤੇ ਉਨ੍ਹਾਂ ਦੇ ਜੀਵਨ ਵਸਰ ਕਰਨ ਦੇ ਵਸੀਲਿਆਂ ਸਬੰਧੀ ਰਿਪੋਰਟ ਪੇਸ਼ ਕੀਤੀ ਗਈ, ਜਿਸ ਤੋਂ ਬਾਅਦ ਅਥਾਰਟੀ ਨੇ ਮੁਲਜ਼ਮਾਂ ਵੱਲੋਂ ਪੇਸ਼ ਕੀਤੇ ਜਵਾਬ ’ਤੇ ਅਸੰਤੁਸ਼ਟੀ ਪ੍ਰਗਟਾਉਂਦਿਆਂ ਅਤੇ ਥਾਣਾ ਮੁਖੀ ਦੀ ਰਿਪੋਰਟ ਨੂੰ ਸਹੀ ਮੰਨਦਿਆਂ ਇਸ ਪ੍ਰਾਪਰਟੀ ਨੂੰ ਨਸ਼ਾ ਸਮੱਗਲਿੰਗ ਦੇ ਪੈਸਿਆਂ ਨਾਲ ਹਾਸਲ ਕੀਤਾ ਦੱਸਿਆ, ਜਿਸ ’ਤੇ ਜਾਰੀ ਹੋਏ ਨੋਟਿਸ ’ਤੇ ਅੱਜ ਪੁਲਸ ਨੇ ਉਕਤ ਕਾਰਵਾਈ ਅਮਲ ’ਚ ਲਿਆਂਦੀ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਉਕਤ ਮੁਲਜ਼ਮ ਬਲਵੀਰ ਸਿੰਘ ਇਸ ਸਮੇਂ ਜੇਲ ’ਚ ਬੰਦ ਹੈ, ਜਦਕਿ ਉਸਦੀ ਪਤਨੀ ਤੇ ਬੇਟਾ ਜ਼ਮਾਨਤ ’ਤੇ ਬਾਹਰ ਹਨ।


author

Inder Prajapati

Content Editor

Related News