ਬਕਾਇਆ ਪ੍ਰਾਪਰਟੀ ਟੈਕਸ ਦੀ ਵਸੂਲੀ ਲਈ ਛੁੱਟੀਆਂ ਦੌਰਾਨ ਵੀ ਖੁੱਲ੍ਹੇ ਰਹਿਣਗੇ ਨਗਰ ਨਿਗਮ ਦੇ ਦਫ਼ਤਰ
Saturday, Mar 26, 2022 - 01:37 PM (IST)
ਲੁਧਿਆਣਾ (ਹਿਤੇਸ਼) : ਨਗਰ ਨਿਗਮ ਵੱਲੋਂ ਬਕਾਇਆ ਪ੍ਰਾਪਰਟੀ ਟੈਕਸ ਦੀ ਵਸੂਲੀ ਲਈ ਛੁੱਟੀਆਂ ਦੌਰਾਨ ਵੀ ਦਫ਼ਤਰ ਖੁੱਲ੍ਹੇ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਸਬੰਧੀ ਕਮਿਸ਼ਨਰ ਵੱਲੋਂ ਜਾਰੀ ਆਰਡਰ ਮੁਤਾਬਕ ਚਾਰੇ ਜ਼ੋਨਾਂ ਦੇ ਦਫ਼ਤਰ ਸ਼ਨੀਵਾਰ ਅਤੇ ਐਤਵਾਰ ਨੂੰ ਖੁੱਲ੍ਹੇ ਰੱਖਣ ਲਈ ਕਿਹਾ ਗਿਆ ਹੈ। ਇਸ ਦੌਰਾਨ ਸੁਵਿਧਾ ਸੈਂਟਰ ’ਤੇ ਵੀ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਇਆ ਜਾ ਸਕਦਾ ਹੈ, ਜਿਸ ਦੇ ਲਈ ਮੁਲਾਜ਼ਮਾਂ ਦੀ ਡਿਊਟੀ ਲਗਾ ਦਿੱਤੀ ਗਈ ਹੈ।
1.26 ਲੱਖ ਲੋਕ ਨਹੀਂ ਜਮ੍ਹਾਂ ਕਰਵਾ ਰਹੇ ਰੈਗੂਲਰ ਰਿਟਰਨ
ਇਕ ਪਾਸੇ ਜਿੱਥੇ 1 ਲੱਖ ਤੋਂ ਵੱਧ ਲੋਕਾਂ ਨੇ 2013 ਤੋਂ ਲੈ ਕੇ ਹੁਣ ਤੱਕ ਇਕ ਵਾਰ ਵੀ ਪ੍ਰਾਪਰਟੀ ਟੈਕਸ ਜਮ੍ਹਾਂ ਨਹੀਂ ਕਰਵਾਇਆ। 1.26 ਲੱਖ ਲੋਕ ਰੈਗੂਲਰ ਪ੍ਰਾਪਰਟੀ ਟੈਕਸ ਦੀ ਰਿਟਰਨ ਨਹੀਂ ਜਮ੍ਹਾਂ ਕਰਵਾ ਰਹੇ, ਜਿਸ ਦਾ ਨਤੀਜਾ ਬਜਟ ਟਾਰਗੈੱਟ ਪੂਰੇ ਨਾ ਹੋਣ ਦੇ ਰੂਪ ’ਚ ਸਾਹਮਣੇ ਆਇਆ ਹੈ, ਜਿਸ ਦੀ ਪੁਸ਼ਟੀ ਕਰਦੇ ਹੋਏ ਸੁਪਰੀਡੈਂਟ ਵਿਵੇਕ ਵਰਮਾ ਨੇ ਦੱਸਿਆ ਕਿ ਟੀਮ ਬਣਾ ਕੇ ਫੀਲਡ ਵਿਚ ਭੇਜੀ ਜਾ ਰਹੀ ਹੈ, ਜਿਸ ਦੌਰਾਨ ਕਾਫੀ ਰੈਵੇਨਿਊ ਦੀ ਵਸੂਲੀ ਹੋਈ ਹੈ, ਜਿਸ ਡਰਾਈਵ ਨੂੰ ਜਾਰੀ ਰੱਖਿਆ ਜਾਵੇਗਾ ਅਤੇ ਵੱਡੇ ਯੂਨਿਟਾਂ ’ਤੇ ਫੋਕਸ ਰਹੇਗਾ।
ਸਖ਼ਤੀ ਵਧਾਉਣ ਲਈ ਨਵੀਂ ਸਰਕਾਰ ਦੇ ਰੁਖ ਦਾ ਇੰਤਜ਼ਾਰ
ਨਗਰ ਨਿਗਮ ਵੱਲੋਂ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾਂ ਨਾ ਕਰਵਾਉਣ ਵਾਲੇ ਲੋਕਾਂ ਨੂੰ ਨੋਟਿਸ ਜਾਰੀ ਕਰਨ ਤੋਂ ਬਾਅਦ ਸੀਲਿੰਗ ਦੀ ਚਿਤਾਵਨੀ ਦਿੱਤੀ ਗਈ ਹੈ ਪਰ ਉਸ ਨੂੰ ਲਾਗੂ ਕਰਨ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਰੁਖ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਹਾਲਾਂਕਿ ਇਸ ਤੋਂ ਪਹਿਲਾਂ ਡਿਫਾਲਟਰਾਂ ਨੂੰ ਬਕਾਇਆ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਲਈ ਮੈਸੇਜ ਭੇਜਣ ਦੇ ਨਾਲ ਹੀ ਕਾਲਿੰਗ ਵੀ ਕੀਤੀ ਜਾ ਰਹੀ ਹੈ।