ਪ੍ਰਾਪਰਟੀ ਟੈਕਸ ਨਾ ਦੇਣ ਵਾਲਿਆਂ ਦੀ ਜਾਇਦਾਦ ਸੀਲ ਹੋਣ ਦੇ ਨਾਲ ਹੀ ਕੱਟੇ ਜਾਣਗੇ ਪਾਣੀ ਦੇ ਕੁਨੈਕਸ਼ਨ
Thursday, Jul 30, 2020 - 07:59 AM (IST)
ਜਲੰਧਰ, (ਖੁਰਾਣਾ)– ਪੰਜਾਬ ਸਰਕਾਰ ਨੇ ਸ਼ਹਿਰੀਆਂ ਨੂੰ ਰਾਹਤ ਦਿੰਦੇ ਹੋਏ ਪਿਛਲੇ ਸਾਲਾਂ ਦਾ ਪ੍ਰਾਪਰਟੀ ਟੈਕਸ ਬਿਨਾਂ ਵਿਆਜ ਅਤੇ ਬਿਨਾਂ ਜੁਰਮਾਨੇ ਦੇ ਜਮ੍ਹਾ ਕਰਵਾਉਣ ਲਈ ਜੋ ਵਨ ਟਾਈਮ ਸੈਟਲਮੈਂਟ ਸਕੀਮ ਐਲਾਨ ਕਰ ਰੱਖੀ ਹੈ, ਉਸ ਦੀ ਮਿਆਦ 31 ਜੁਲਾਈ ਨੂੰ ਸਮਾਪਤ ਹੋ ਰਹੀ ਹੈ।
ਨਿਗਮ ਕਮਿਸ਼ਨਰ ਕਰਣੇਸ਼ ਸ਼ਰਮਾ ਨੇ ਬੀਤੇ ਦਿਨ ਪ੍ਰਾਪਰਟੀ ਟੈਕਸ ਬ੍ਰਾਂਚ ਦੇ ਅਧਿਕਾਰੀਆਂ ਨਾਲ ਇਕ ਮੀਟਿੰਗ ਕਰ ਕੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 31 ਜੁਲਾਈ ਤੱਕ ਪਿਛਲਾ ਪ੍ਰਾਪਰਟੀ ਟੈਕਸ ਜਮ੍ਹਾ ਕਰਵਾ ਦੇਣ, ਨਹੀ ਤਾਂ ਉਨ੍ਹਾਂ ਦੇ ਕੰਪਲੈਕਸ ਨੂੰ ਸੀਲ ਤਾਂ ਲੱਗੇਗੀ ਹੀ, ਉਨ੍ਹਾਂ ਦੇ ਵਾਟਰ ਕੁਨੈਕਸ਼ਨ ਵੀ ਕੱਟੇ ਜਾਣਗੇ। ਇਸ ਸਬੰਧੀ ਅਧਿਕਾਰੀਆਂ ਨੂੰ ਉਚਿਤ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ। ਇਸ ਦੌਰਾਨ ਪਤਾ ਲੱਗਾ ਹੈ ਕਿ ਪ੍ਰਾਪਰਟੀ ਟੈਕਸ ਵਿਭਾਗ ਇਨ੍ਹਾਂ ਲੋਕਾਂ ਵਿਰੁੱਧ ਵੀ ਸਖ਼ਤ ਕਾਰਵਾਈ ਕਰਨ ਜਾ ਰਿਹਾ ਹੈ, ਜਿਨ੍ਹਾਂ ਨੇ ਜਾਣਬੁੱਝ ਕੇ ਘੱਟ ਪ੍ਰਾਪਰਟੀ ਟੈਕਸ ਭਰਿਆ। ਅਜਿਹੀ ਪ੍ਰਾਪਰਟੀ ਦੇ ਕਿਰਾਏਨਾਮੇ ਅਤੇ ਲੀਜ਼ ਡਾਕੂਮੈਂਟ ਆਦਿ ਦੀ ਵੀ ਜਾਂਚ ਹੋਵੇਗੀ। ਨਿਗਮ ਕਮਿਸ਼ਨਰ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਕਈ ਲੋਕ ਦਸਤਾਵੇਜ਼ ਵਿਚ ਫੇਰਬਦਲ ਕਰ ਕੇ ਘੱਟ ਪ੍ਰਾਪਰਟੀ ਟੈਕਸ ਜਮ੍ਹਾ ਕਰਵਾ ਰਹੇ ਹਨ। ਅਜਿਹੇ ਮਾਮਲੇ ਜੇਕਰ ਪਕੜ ਵਿਚ ਆਏ ਤਾਂ ਸਖ਼ਤ ਕਾਰਵਾਈ ਹੋਵੇਗੀ।