ਪ੍ਰਾਪਰਟੀ ਡੀਲਰ ਵੱਲੋਂ ਕੀਤੀ ਖੁਦਕੁਸ਼ੀ ਮਾਮਲੇ ’ਚ ਇਕ ਕਾਬੂ

Sunday, Jan 17, 2021 - 05:59 PM (IST)

ਪ੍ਰਾਪਰਟੀ ਡੀਲਰ ਵੱਲੋਂ ਕੀਤੀ ਖੁਦਕੁਸ਼ੀ ਮਾਮਲੇ ’ਚ ਇਕ ਕਾਬੂ

ਮੋਗਾ (ਅਜ਼ਾਦ) - ਮੋਗਾ ਪੁਲਸ ਨੇ ਜਵਾਹਰ ਨਗਰ ਮੋਗਾ ਨਿਵਾਸੀ ਪ੍ਰਾਪਰਟੀ ਡੀਲਰ ਸੁਨੀਲ ਗੋਇਲ ਵੱਲੋਂ ਕੁਝ ਵਿਅਕਤੀਆਂ ਤੋਂ ਤੰਗ ਆ ਕੇ ਕੀਤੀ ਗਈ ਖੁਦਕੁਸ਼ੀ ਦੇ ਮਾਮਲੇ ’ਚ ਇਕ ਵਿਅਕਤੀ ਨੂੰ ਕਾਬੂ ਕੀਤਾ ਹੈ। ਇਸ ਸਬੰਧ ਵਿਚ ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ ਸਿਟੀ ਬਰਜਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਬੀਤੀ 3 ਨਵੰਬਰ 2020 ਨੂੰ ਪ੍ਰਾਪਰਟੀ ਡੀਲਰ ਸੁਨੀਲ ਗੋਇਲ ਵੱਲੋਂ ਆਪਣੇ ਕੁਝ ਸਾਥੀਆਂ ਤੋਂ ਤੰਗ ਆ ਕੇ ਜ਼ਹਿਰੀਲੀ ਦਵਾਈ ਪੀ ਲਈ ਸੀ, ਜਿਸ ਨੂੰ ਡੀ.ਐੱਮ.ਸੀ ਲੁਧਿਆਣਾ ਵਿਚ ਦਾਖਲ ਕਰਵਾਇਆ ਗਿਆ ਸੀ, ਜਿਸ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। ਇਸ ਸਬੰਧ ਵਿਚ ਮ੍ਰਿਤਕ ਦੀ ਪਤਨੀ ਸਾਇਨਾ ਗੋਇਲ ਨਿਵਾਸੀ ਜਵਾਹਰ ਨਗਰ ਮੋਗਾ ਦੀ ਸ਼ਿਕਾਇਤ ਤੇ ਦੀਪਕ ਬੇਦੀ, ਅਮਨ ਤਾਇਲ, ਪਵਨ ਮਿੱਤਲ ਅਤੇ ਵਿਨੋਦ ਗੁਲਾਟੀ ਸਾਰੇ ਨਿਵਾਸੀ ਮੋਗਾ ਖ਼ਿਲਾਫ਼ ਖੁਦਕੁਸ਼ੀ ਲਈ ਮਜ਼ਬੂਰ ਕਰਨ ਦੇ ਦੋਸ਼ਾ ਤਹਿਤ ਥਾਣਾ ਸਿਟੀ ਸਾਊਥ ਮੋਗਾ ਵਿਚ 7 ਨਵੰਬਰ 2020 ਨੂੰ ਮਾਮਲਾ ਦਰਜ ਕੀਤਾ ਗਿਆ ਸੀ, ਜਿਸ ਵਿਚ ਸਾਇਨਾ ਗੋਇਲ ਨੇ ਦੋਸ਼ ਲਗਾਇਆ ਸੀ ਕਿ ਉਸਦਾ ਪਤੀ ਪ੍ਰਾਪਰਟੀ ਡੀਲਰ ਦਾ ਕੰਮ ਕਰਦਾ ਸੀ। ਕਥਿਤ ਮੁਲਜ਼ਮਾਂ ਨਾਲ ਉਸਦਾ ਲੈਣ ਦੇਣ ਚੱਲ ਰਿਹਾ ਸੀ, ਜੋ ਉਸ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਸਨ।

ਉਸਨੇ ਕਿਹਾ ਕਿ ਉਸਦੇ ਪਤੀ ਨੇ ਇਕ ਪ੍ਰਾਪਰਟੀ ਦਾ ਸੋਦਾ ਕਰਵਾਇਆ ਸੀ ਅਤੇ ਉਸ ਨੇ ਕਥਿਤ ਦੋਸ਼ੀ ਅਮਨ ਤਾਇਲ ਤੋਂ ਆਪਣੇ ਹਿੱਸੇ ਦਾ 15 ਲੱਖ ਰੁਪਏ ਕਮਿਸ਼ਨ ਲੈਣਾ ਸੀ। ਮੇਰਾ ਪਤੀ ਵਾਰ-ਵਾਰ ਮੰਗ ਕਰਦਾ ਸੀ ਪਰ ਉਹ ਟਾਲ ਮਟੋਲ ਕਰਦਾ ਰਿਹਾ, ਜਿਸ ਕਾਰਣ ਮੇਰਾ ਪਤੀ ਮਾਨਸ਼ਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ ਅਤੇ ਇਸ ਤਰ੍ਹਾਂ ਦੂਸਰੇ ਕਥਿਤ ਦੋਸ਼ੀ ਵੀ ਪੈਸਿਆਂ ਲਈ ਉਸ ਨੂੰ ਤੰਗ ਪ੍ਰੇਸ਼ਾਨ ਕਰਦੇ ਸਨ, ਆਖਿਰ ਮੇਰੇ ਪਤੀ ਨੇ 3 ਨਵੰਬਰ 2020 ਨੂੰ ਘਰ ਵਿਚ ਹੀ ਸਲਫਾਸ ਦੀ ਗੋਲੀ ਉਕਤ ਸਾਰਿਆਂ ਤੋਂ ਤੰਗ ਆ ਕੇ ਨਿਗਲ ਲਈ। ਉਸਨੇ ਕਿਹਾ ਕਿ ਮੇਰੇ ਪਤੀ ਦੀ ਡੀ.ਐੱਮ.ਸੀ ਲੁਧਿਆਣਾ ਵਿਚ ਮੌਤ ਹੋ ਗਈ ਸੀ। ਮੇਰੇ ਪਤੀ ਦੀ ਮੌਤ ਲਈ ਕਥਿਤ ਦੋਸ਼ੀ ਜ਼ਿੰਮੇਵਾਰ ਹਨ। ਉਕਤ ਮਾਮਲੇ ਦੀ ਜਾਂਚ ਡੀ.ਐੱਸ.ਪੀ ਸਿਟੀ ਬਰਜਿੰਦਰ ਸਿੰਘ ਭੁੱਲਰ ਵੱਲੋਂ ਕੀਤੀ ਜਾ ਰਹੀ ਸੀ। ਉਨ੍ਹਾਂ ਕਿਹਾ ਕਿ ਉਕਤ ਮਾਮਲੇ ਵਿਚ ਅਮਨ ਤਾਇਲ ਨਿਵਾਸੀ ਬਾਗ ਗਲੀ ਮੋਗਾ ਨੂੰ ਕਾਬੂ ਕਰ ਲਿਆ ਗਿਆ ਹੈ, ਜਿਸ ਨੂੰ ਪੁੱਛਗਿੱਛ ਦੇ ਬਾਅਦ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਜਾਣਕਾਰੀ ਦੇ ਅਨੁਸਾਰ ਤਿੰਨੋਂ ਕਥਿਤ ਦੋਸ਼ੀਆਂ ਦੀ ਮਾਣਯੋਗ ਅਦਾਲਤ ਵੱਲੋਂ ਜ਼ਮਾਨਤ ਹੋ ਚੁੱਕੀ ਹੈ।


author

Gurminder Singh

Content Editor

Related News