''ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ'' ਪ੍ਰਾਜੈਕਟ ਦਾ ਬਾਈਕਾਟ

09/21/2017 4:27:06 PM


ਜਲਾਲਾਬਾਦ (ਸੇਤੀਆ, ਬਜਾਜ, ਬੰਟੀ, ਟੀਨੂੰ, ਦੀਪਕ, ਗੁਲਸ਼ਨ, ਜਤਿੰਦਰ, ਮਿੱਕੀ) - ਪੰਜਾਬ ਦੇ ਵੱਖ-ਵੱਖ ਸਰਕਾਰੀ ਸਕੂਲਾਂ ਵਿਚ ਲੰਮੇ ਸਮੇਂ ਤੋਂ ਕੰਮ ਕਰ ਰਹੇ 6600 ਸਿੱਖਿਆ ਪ੍ਰੋਵਾਈਡਰ ਅਧਿਆਪਕਾਂ ਨੇ ਸਕੱਤਰ ਸਿੱਖਿਆ ਵਿਭਾਗ ਪੰਜਾਬ ਕ੍ਰਿਸ਼ਨ ਕੁਮਾਰ ਵੱਲੋਂ ਕਥਿਤ ਤੌਰ 'ਤੇ ਗਲਤ ਸ਼ਬਦਾਵਲੀ ਦਾ ਪ੍ਰਯੋਗ ਕੀਤੇ ਜਾਣ ਤੋਂ ਬਾਅਦ ਰੋਸ ਵਜੋਂ ਉਕਤ ਅਧਿਆਪਕਾਂ ਵੱਲੋਂ 'ਪੜ੍ਹੋ ਪੰਜਾਬ-ਪੜ੍ਹਾਓ ਪੰਜਾਬ' ਪ੍ਰਾਜੈਕਟ ਦਾ ਪੂਰਨ ਤੌਰ 'ਤੇ ਬਾਈਕਾਟ ਕੀਤਾ ਜਾ ਰਿਹਾ ਹੈ। ਇਸ ਸਬੰਧੀ ਸਿੱਖਿਆ ਪ੍ਰੋਵਾਈਡਰ ਅਧਿਆਪਕ ਯੂਨੀਅਨ ਦਾ ਵਫਦ ਜ਼ਿਲਾ ਫਾਜ਼ਿਲਕਾ ਦੇ ਪ੍ਰਧਾਨ ਗੁਰਜੰਟ ਸਿੰਘ ਫਤਿਹਗੜ੍ਹ ਦੀ ਅਗਵਾਈ ਹੇਠ ਏ. ਡੀ. ਸੀ. ਫਾਜ਼ਿਲਕਾ ਜਗਦੀਪ ਸਿੰਘ ਅਤੇ ਡੀ. ਈ. ਓ. ਓਮ ਪ੍ਰਕਾਸ਼ ਜੈਨ ਨੂੰ ਮਿਲਿਆ। 
ਆਪਣੇ ਮੰਗ ਪੱਤਰ ਵਿਚ ਪ੍ਰਧਾਨ ਅਜਮੇਰ ਸਿੰਘ ਔਲਖ ਅਤੇ ਜ਼ਿਲਾ ਕੈਸ਼ੀਅਰ ਰਾਜ ਸਿੰਘ ਨੇ ਦੱਸਿਆ ਕਿ 'ਪੜ੍ਹੋ ਪੰਜਾਬ ਪੜ੍ਹਾਓ ਪੰਜਾਬ' ਪ੍ਰਾਜੈਕਟ ਦਾ 20 ਸਤੰਬਰ ਤੋਂ 30 ਸਤੰਬਰ 2017 ਤੱਕ ਸੰਕੇਤਕ ਬਾਈਕਾਟ ਕੀਤਾ ਜਾ ਰਿਹਾ ਹੈ। ਜਦਕਿ ਸਿੱਖਿਆ ਪ੍ਰੋਵਾਈਡਰ ਅਧਿਆਪਕ ਸਕੂਲਾਂ 'ਚ ਬੱਚਿਆਂ ਨੂੰ ਰੈਗੂਲਰ ਪੜ੍ਹਾਉਣਗੇ। ਉਨ੍ਹਾਂ ਰੋਸ ਪ੍ਰਗਟ ਕੀਤਾ ਕਿ ਬੀਤੇ ਸਮੇਂ ਦੌਰਾਨ ਸਕੱਤਰ ਸਿੱਖਿਆ ਵਿਭਾਗ ਕ੍ਰਿਸ਼ਨ ਕੁਮਾਰ ਨਾਲ ਹੋਈ ਗੱਲਬਾਤ ਦੌਰਾਨ ਉਨ੍ਹਾਂ ਨੇ ਸਿੱਖਿਆ ਪ੍ਰੋਵਾਈਡਰਾਂ ਲਈ ਗਲਤ ਸ਼ਬਦਾਵਲੀ ਵਰਤਦੇ ਹੋਏ ਮਜ਼ਦੂਰਾਂ ਦੀ ਤਰ੍ਹਾਂ ਕੰਮ ਲੈਣ ਲਈ ਕਿਹਾ, ਜਿਸਦਾ ਉਹ ਵਿਰੋਧ ਕਰਦੇ ਹਨ।

ਉਨ੍ਹਾਂ ਕਿਹਾ ਕਿ ਸਿੱਖਿਆ ਪ੍ਰੋਵਾਈਡਰ ਅਧਿਆਪਕ ਨੂੰ ਯੋਗਤਾ ਦੇ ਆਧਾਰ 'ਤੇ ਮਾਣਭੱਤਾ ਕਿਉ ਨਹੀਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਨੇ ਸਾਡੀਆਂ ਜਾਇਜ਼ ਮੰਗਾਂ ਸਬੰਧੀ ਕੋਈ ਸਾਰਥਕ ਫੈਸਲਾ ਨਾ ਕੀਤਾ ਤਾਂ ਇਸ ਬਾਈਕਾਟ ਨੂੰ ਨਿਰੰਤਰ ਜਾਰੀ ਰੱਖਿਆ ਜਾਵੇਗਾ ਅਤੇ ਆਉਣ ਵਾਲੇ ਸਮੇਂ 'ਚ ਗੁਰਦਾਸਪੁਰ ਜਿਮਨੀ ਚੋਣ ਦੌਰਾਨ ਆਪਣੀ ਆਵਾਜ਼ ਬੁਲੰਦ ਕਰਨ ਲਈ ਸਰਕਾਰ ਵਿਰੁੱਧ ਪ੍ਰਚਾਰ ਕੀਤਾ ਜਾਵੇਗਾ।  


Related News