ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਨਸ਼ਿਆਂ ਨੂੰ ਲੈ ਕੇ ਘੇਰੀ ‘ਆਪ’ ਸਰਕਾਰ

02/23/2023 10:43:19 PM

ਅੰਮ੍ਰਿਤਸਰ (ਬਿਊਰੋ) : ਭਾਜਪਾ ਦੇ ਸਿੱਖ ਆਗੂ ਅਤੇ ਕੌਮੀ ਘੱਟਗਿਣਤੀ ਕਮਿਸ਼ਨ ਦੇ ਸਲਾਹਕਾਰ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅਤੇ ਇਸ ਦੇ ਵਿਧਾਇਕਾਂ ਨੇ ਭ੍ਰਿਸ਼ਟਾਚਾਰ ’ਤੇ ਜ਼ੋਰ ਦੇਣ ਦੀ ਥਾਂ ਪੰਜਾਬ ’ਚੋਂ ਨਸ਼ਾ ਖ਼ਤਮ ਕਰਨ ’ਚ ਯੋਗਦਾਨ ਪਾਇਆ ਹੁੰਦਾ ਤਾਂ ਅੱਜ ਪੰਜਾਬ ਦੀ ਸਥਿਤੀ ਹੋਰ ਹੋਣੀ ਸੀ। ਉਨ੍ਹਾਂ ਕਿਹਾ ਕਿ ਦਿਲੀ ’ਚ ਉਪ ਮੁੱਖ ਮੰਤਰੀ ਮਨੀਸ਼ ਸ਼ਿਸੋਦੀਆ ਦਾ ਗ਼ਲਤ ਇਰਾਦੇ ਨਾਲ ਫੀਡਬੈਕ ਜਾਸੂਸੀ ਕਾਂਡ ਦਾ ਸਰਗਣਾ ਬਣ ਕੇ ਸਾਹਮਣੇ ਆਉਣਾ ਬਹੁਤ ਸ਼ਰਮਨਾਕ ਹੈ ਅਤੇ ਦੂਜੇ ਪਾਸੇ ਪੰਜਾਬ ’ਚ ਸਿਰਫ 10 ਮਹੀਨਿਆਂ ਦੌਰਾਨ ਹੀ ’ਆਪ’ ਦੇ ਤਿੰਨ ਵਿਧਾਇਕਾਂ ਵਿਜੈ ਸਿੰਗਲਾ, ਫ਼ੌਜਾ ਸਿੰਘ ਸਰਾਰੀ ਅਤੇ ਹੁਣ ਅਮਿਤ ਰਤਨ ਭ੍ਰਿਸ਼ਟਾਚਾਰ ਦੇ ਠੋਸ ਸਬੂਤਾਂ ਤਹਿਤ ਜੇਲ੍ਹ ਦੀ ਹਵਾ ਖਾ ਰਹੇ ਹਨ।

ਇਹ ਵੀ ਪੜ੍ਹੋ : ਕੇਂਦਰ ਪੰਜਾਬ ’ਚ ਲਾਵੇ ਰਾਸ਼ਟਰਪਤੀ ਰਾਜ : ਕੈਪਟਨ ਅਮਰਿੰਦਰ ਸਿੰਘ

ਪੰਜਾਬ ’ਚ ਨਸ਼ੇ ਦੀ ਅਤਿ ਭੈੜੀ ਸਥਿਤੀ ’ਤੇ ਚਿੰਤਾ ਜ਼ਾਹਿਰ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ’ਚ ਮੁੰਡੇ ਹੀ ਨਹੀਂ ਸਗੋਂ ਨਾਬਾਲਗਾਂ ਅਤੇ ਕੁੜੀਆਂ ਦੀਆਂ ਵੀ ਨਸ਼ੇ ਦੇ ਓਵਰਡੋਜ਼ ਨਾਲ ਹੋ ਰਹੀਆਂ ਮੌਤਾਂ ਅਤੇ ਉਨ੍ਹਾਂ ਦਾ ਸੜਕਾਂ ’ਤੇ ਡਿਗਦੀਆਂ ਫਿਰਨੀਆਂ ਸਮਾਜਿਕ ਤਾਣੇ ਬਾਣੇ ਅਤੇ ਪੰਜਾਬ ਦੇ ਅਮੀਰ ਵਿਰਸੇ ਨੂੰ ਖੋਖਲਾ ਕਰਨ ਦਾ ਕਾਰਨ ਬਣ ਰਿਹਾ ਹੈ। ਪੰਜਾਬ ਦੀ ਬਣ ਰਹੀ ਇਹ ਤ੍ਰਾਸਦੀ ਸੂਬਾ ਸਰਕਾਰ ਲਈ ਪਹਿਲੀ ਚਿੰਤਾ ਹੋਣੀ ਚਾਹੀਦੀ ਹੈ। ਪ੍ਰੋ. ਸਰਚਾਂਦ ਸਿੰਘ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੰਜਾਬ ’ਚ ਨਸ਼ਿਆਂ ਦੇ ਪਸਾਰੇ ਪ੍ਰਤੀ ਚਿੰਤਾ ਨੂੰ ਦੇਖਦਿਆਂ ਕੇਂਦਰੀ ਗ੍ਰਹਿ ਮੰਤਰੀ ਅਤੇ ਭਾਜਪਾ ਦੇ ਸਾਬਕਾ ਪ੍ਰਧਾਨ ਅਮਿਤ ਸ਼ਾਹ ਅਗਲੇ ਮਹੀਨੇ ਪੰਜਾਬ ਆ ਕੇ ਲੋਕਾਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨ ਲਈ ਅੰਮ੍ਰਿਤਸਰ ਤੋਂ ਨਸ਼ਾ ਵਿਰੋਧੀ ਯਾਤਰਾ ਸ਼ੁਰੂ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਇਹ ਯਾਤਰਾ ਰਾਜਨੀਤਕ ਨਾ ਹੋ ਕੇ ਸਮਾਜਿਕ ਸਰੋਕਾਰ ਨੂੰ ਪ੍ਰਣਾਈ ਹੋਈ ਹੋਵੇਗੀ। ਉਨ੍ਹਾਂ ਕਿਹਾ ਕਿ ਨਸ਼ੇ ਦੇ ਵਧ ਰਹੇ ਪ੍ਰਭਾਵ ਨੂੰ ਰੋਕਣ ਲਈ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਪੰਜਾਬ ਦੇ ਲੋਕਾਂ ਲਈ ਨਸ਼ਿਆਂ ਨੂੰ ਸਮਾਜਿਕ ਜ਼ਿੰਮੇਵਾਰੀ ਦੇ ਤਹਿਤ ਖ਼ਤਮ ਕਰਨ ਲਈ ਪੀੜਤ ਪਰਿਵਾਰਾਂ ਦੀ ਬਾਂਹ ਫੜਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਮੁੱਖ ਧਾਰਾ ’ਚ ਵਾਪਸ ਲਿਆਉਣ ਪ੍ਰਤੀ ਉਤਸ਼ਾਹਿਤ ਕਰਨ ਲਈ ਮੁੜ ਵਸੇਬਾ ਕੇਂਦਰਾਂ ਨੂੰ ਮਜ਼ਬੂਤੀ ਦੇਣੀ ਹੋਵੇਗੀ। ਉਨ੍ਹਾਂ ਕਿਹਾ ਕਿ ਭਾਜਪਾ ਨਸ਼ੇ ਦੇ ਖ਼ਾਤਮੇ ਲਈ ਸਭ ਨੂੰ ਸਾਥ ਲੈ ਕੇ ਚੱਲੇਗੀ ਅਤੇ ਪੰਜਾਬ ’ਚ ਨਸ਼ਾ ਮੁਕਤ ਵਾਤਾਵਰਣ ਸਿਰਜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਦੌਰਾਨ ਨਸ਼ਾ ਮੁੱਖ ਚੋਣ ਮੁੱਦਾ ਰਿਹਾ ਪਰ ਹੁਣ ਸੂਬਾ ਸਰਕਾਰ ਨਸ਼ਿਆਂ ਖ਼ਿਲਾਫ਼ ਲੜਾਈ ’ਚ ਫੇਲ੍ਹ ਹੋ ਚੁੱਕੀ ਹੈ। ਮੁੱਖ ਮੰਤਰੀ ਭਗਵੰਤ ਮਾਨ ਡਰੱਗ ਮਾਫ਼ੀਆ ’ਤੇ ਨਕੇਲ ਕੱਸਣ ਦੀਆਂ ਗੱਲਾਂ ਤਾਂ ਆਮ ਕਰਦੇ ਹਨ ਪਰ ਇਸ ’ਤੇ ਕਦੋਂ ਅਮਲ ਕਰਨਗੇ, ਇਹ ਲੋਕਾਂ ਲਈ ਵੀ ਇਕ ਬੁਝਾਰਤ ਹੀ ਹੈ।

ਉਨ੍ਹਾਂ ਕਿਹਾ ਕਿ ਨਸ਼ਿਆਂ ਦਾ ਖਾਤਮਾ ਲਾਰਿਆਂ ਨਾਲ ਨਹੀਂ ਹੋਣਾ, ਇਸ ਲਈ ਜਨੂੰਨ ਨਾਲ ਲੜਾਈ ਲੜਨੀ ਹੋਵੇਗੀ। ਉਨ੍ਹਾਂ ਕਿਹਾ ਕਿ ਡਰੱਗ ਮਾਫ਼ੀਆ ’ਤੇ ਲਗਾਮ ਲਾਉਣ ਅਤੇ ਉਨ੍ਹਾਂ ਸਭ ਨੂੰ ਸਲਾਖ਼ਾਂ ਪਿੱਛੇ ਭੇਜਣ ਲਈ ਸੂਬਾ ਸਰਕਾਰ ਨੂੰ ਅਹਿਮ ਭੂਮਿਕਾ ਅਦਾ ਕਰਨ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਡਰੱਗ ਤਸਕਰੀ ਢਾਂਚੇ ਨੂੰ ਤਬਾਹ ਕਰਨ ਲਈ ਸਰਹੱਦੀ ਖੇਤਰਾਂ ’ਚ ਅਰਧ ਸੈਨਿਕ ਬਲਾਂ ਨੂੰ ਐੱਨ. ਡੀ. ਪੀ. ਐੱਸ. ਤਹਿਤ ਨਸ਼ਾ ਤਸਕਰਾਂ ਖ਼ਿਲਾਫ਼ ਕੇਸ ਦਰਜ ਕਰਨ ਦਾ ਅਧਿਕਾਰ ਦੇਣਾ ਨਸ਼ਿਆਂ ਦੇ ਪਸਾਰੇ ਨੂੰ ਰੋਕਣ ਵਿਚ ਅਹਿਮ ਕਦਮ ਸਾਬਿਤ ਹੋਵੇਗਾ। ਪ੍ਰੋ. ਸਰਚਾਂਦ ਸਿੰਘ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਲੋਕ ਸ਼ਾਂਤੀ ਅਤੇ ਵਿਕਾਸ ਚਾਹੁੰਦੇ ਹਨ। ਪੰਜਾਬ ਦੀ ਵਿਗੜ ਰਹੀ ਅਮਨ ਸ਼ਾਂਤੀ 'ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਆਪਣੀ ਭੂਮਿਕਾ ਅਦਾ ਕਰਨ ਦੀ ਅਪੀਲ ਕੀਤੀ ਅਤੇ ਮੰਗ ਕੀਤੀ ਕਿ ਕਿਸੇ ਨੂੰ ਵੀ ਸਿਆਸੀ ਮਕਸਦ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਢਾਲ ਬਣਾਉਣ ਦੀ ਇਜਾਜ਼ਤ ਨਾ ਦਿੱਤੀ ਜਾਵੇ।


Manoj

Content Editor

Related News